ਏਲਨਾਬਾਦ ਦੀ ਹੁੱਡਾ ਕਲੋਨੀ ’ਚੋਂ ਨਾਜਾਇਜ਼ ਕਬਜ਼ੇ ਹਟਾਏ
ਜਗਤਾਰ ਸਮਾਲਸਰ
ਏਲਨਾਬਾਦ, 16 ਮਈ
ਸਥਾਨਕ ਸਰਕਾਰੀ ਹਸਪਤਾਲ ਦੇ ਪਿੱਛੇ ਹੁੱਡਾ ਕਲੋਨੀ ਵਿੱਚ ਅੱਜ ਪ੍ਰਸ਼ਾਸਨ ਨੇ ਗ਼ੈਰ ਕਾਨੂੰਨੀ ਕਬਜ਼ੇ ਖ਼ਿਲਾਫ਼ ਕਾਰਵਾਈ ਕਰਦਿਆਂ ਸਰਕਾਰੀ ਜ਼ਮੀਨ ’ਚ ਬਣੇ ਤਿੰਨ ਮਕਾਨਾਂ ਨੂੰ ਜੇਸੀਬੀ ਨਾਲ ਢਾਹ ਦਿੱਤਾ। ਇਹ ਕਾਰਵਾਈ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਵੱਲੋਂ ਕੀਤੀ ਗਈ, ਜਿਸ ਵਿੱਚ ਪਲਾਟ ਨੰਬਰ 4, 5 ਅਤੇ 6 ਤੇ ਕੁਝ ਲੋਕਾਂ ਵੱਲੋਂ ਕੀਤੇ ਗਏ ਗ਼ੈਰ ਕਾਨੂੰਨੀ ਕਬਜ਼ੇ ਨੂੰ ਹਟਾਇਆ ਗਿਆ। ਵਿਭਾਗ ਨੂੰ ਲੰਬੇ ਸਮੇਂ ਤੋਂ ਇਨ੍ਹਾਂ ਪਲਾਟ ਮਾਲਕਾਂ ਵੱਲੋਂ ਪਲਾਟ ਖਾਲੀ ਕਰਵਾਉਣ ਲਈ ਸ਼ਿਕਾਇਤਾਂ ਮਿਲ ਰਹੀਆਂ ਸਨ ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ। ਕਿਸੇ ਵੀ ਘਟਨਾ ਨੂੰ ਰੋਕਣ ਲਈ ਮੌਕੇ ’ਤੇ ਪੁਲੀਸ ਤਾਇਨਾਤ ਸੀ। ਕਾਰਵਾਈ ਦੌਰਾਨ ਡਿਊਟੀ ਮੈਜਿਸਟਰੇਟ ਸੁਰੇਸ਼ ਕੁਮਾਰ, ਐੱਸਡੀਓ ਰਮੇਸ਼ ਕੁਮਾਰ ਅਤੇ ਜੇਈ ਵਿਨੋਦ ਕੁਮਾਰ ਮੌਜੂਦ ਰਹੇ। ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਗ਼ੈਰ ਕਾਨੂੰਨੀ ਨਿਰਮਾਣ ਨੂੰ ਹਟਾਉਣ ਲਈ ਕਈ ਵਾਰ ਨੋਟਿਸ ਜਾਰੀ ਕੀਤੇ ਗਏ ਸਨ। ਕਬਜ਼ਾਧਾਰਕਾਂ ਨੂੰ ਸਮਾਂ ਦਿੱਤਾ ਗਿਆ ਕਿ ਉਹ ਖੁਦ ਮਕਾਨ ਖਾਲੀ ਕਰਨ ਪਰ ਕੋਈ ਸੁਣਵਾਈ ਨਹੀਂ ਹੋਈ ਅਤੇ ਕਬਜ਼ਾਧਾਰੀਆਂ ਵੱਲੋਂ ਇਸ ਤੋਂ ਪਹਿਲਾਂ ਦੋ ਵਾਰ ਕੀਤੀ ਗਈ ਕਾਰਵਾਈ ਨੂੰ ਅਦਾਲਤ ਤੋਂ ਸਟੇਅ ਲੈ ਕੇ ਰੋਕਿਆ ਵੀ ਗਿਆ ਪਰ ਅੱਜ ਪ੍ਰਸ਼ਾਸਨ ਨੇ ਮੌਕੇ ’ਤੇ ਪਹੁੰਚਕੇ ਇੱਥੇ ਕੀਤੇ ਗਏ ਨਿਰਮਾਣ ਨੂੰ ਜੇਸੀਬੀ ਨਾਲ ਢਾਹ ਦਿੱਤਾ।