ਬੱਸ ਅੱਡਾ ਰੇੜਕਾ: ਸੰਘਰਸ਼ ਕਮੇਟੀ ਨੇ ਬੱਸਾਂ ’ਚ ਪ੍ਰਚਾਰ ਸਮੱਗਰੀ ਵੰਡੀ
ਸ਼ਗਨ ਕਟਾਰੀਆ
ਬਠਿੰਡਾ, 16 ਮਈ
ਇੱਥੋਂ ਦੇ ਬੱਸ ਅੱਡੇ ਨੂੰ ਮੌਜੂਦਾ ਥਾਂ ’ਤੇ ਰੱਖਣ ਲਈ 24 ਅਪਰੈਲ ਤੋਂ ਮਿੰਨੀ ਸਕੱਤਰੇਤ ਅੱਗੇ ਚੱਲ ਰਹੇ ਪੱਕੇ ਮੋਰਚੇ ਦੀ ਲੜਾਈ ਨੇ ਹੁਣ ਨਵਾਂ ਰੂਪ ਧਾਰਨ ਕਰ ਲਿਆ ਹੈ। ‘ਬੱਸ ਅੱਡਾ ਬਚਾਓ ਕਮੇਟੀ’ ਦੇ ਮੀਡੀਆ ਇੰਚਾਰਜ ਸੰਦੀਪ ਅਗਰਵਾਲ ਨੇ ਦੱਸਿਆ ਕਿ ਬੱਸ ਅੱਡੇ ਲਈ ਲੜ ਰਹੇ ਲੋਕਾਂ ਵੱਲੋਂ ਅੰਬੇਡਕਰ ਪਾਰਕ ਵਿੱਚ ਚਲਾਇਆ ਜਾ ਰਿਹਾ ਪੱਕਾ ਮੋਰਚਾ ਨੂੰ ਹੁਣ ‘ਸਹਿਯੋਗ ਦਫ਼ਤਰ’ ਵਿੱਚ ਬਦਲ ਕੇ ਸੜਕਾਂ ’ਤੇ ਉੱਤਰਨ ਦੀ ਰਣਨੀਤੀ ਬਣਾਈ ਗਈ ਹੈ। ਇਸ ਤਹਿਤ ਅੱਜ ਵੱਡੀ ਗਿਣਤੀ ’ਚ ਕਾਰਕੁਨਾਂ ਨੇ ਬੱਸ ਅੱਡੇ ’ਤੇ ਰੁਕੀਆਂ ਬੱਸਾਂ ਵਿੱਚ ਜਾ ਕੇ ਬੱਸ ਅੱਡਾ ਬਚਾਉਣ ਦੀ ਅਪੀਲ ਕਰਦਿਆਂ, ਬੱਸ ਅੱਡਾ ਬਦਲਣ ਦੇ ਨੁਕਸਾਨਾਂ ਬਾਰੇ ਜਾਣਕਾਰੀ ਵਾਲੀ ਲਿਖ਼ਤੀ ਪ੍ਰਚਾਰ ਸਮੱਗਰੀ ਲੋਕਾਂ ਤੱਕ ਪਹੁੰਚਾਈ।
ਸੰਘਰਸ਼ ਕਮੇਟੀ ਦੇ ਆਗੂ ਬਲਤੇਜ ਵਾਂਦਰ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਵੱਲੋਂ ਬਣਾਈ ਕਮੇਟੀ ਜਦੋਂ ਵੀ ਲੋਕਾਂ ਨੂੰ ਬੁਲਾਏਗੀ ਜਾਂ ਜਨਤਾ ਦੀ ਆਵਾਜ਼ ਸੁਣਨ ਲਈ ਕੋਈ ਯੋਜਨਾ ਬਣਾਏਗੀ, ਤਾਂ ਲੋਕ ਬੱਸ ਅੱਡੇ ਦੀ ਮੌਜੂਦਾ ਥਾਂ ਲਈ ਆਪਣਾ ਪੱਖ ਮਜ਼ਬੂਤੀ ਨਾਲ ਰੱਖਣਗੇ, ਤਾਂ ਜੋ ਆਮ ਲੋਕ ਦੂਰ ਦੇ ਬੱਸ ਅੱਡੇ ਕਰਕੇ ਪੈਣ ਵਾਲੀਆਂ ਮੁਸ਼ਕਲਾਂ ਤੋਂ ਬਚ ਸਕਣ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਪਿੰਡਾਂ ’ਚ ਜਾ ਕੇ ਸੂਬਾ ਸਰਕਾਰ ਵੱਲੋਂ ਬੱਸ ਅੱਡਾ ਬਦਲਣ ਦੀ ਧੱਕੇਸ਼ਾਹੀ ਦੀ ਪੋਲ ਖੋਲ੍ਹੀ ਜਾਵੇਗੀ ਅਤੇ ਪੰਚਾਇਤਾਂ ਨੂੰ ਵੀ ਆਪਣਾ ਪੱਖ ਰੱਖਣ ਦੀ ਅਪੀਲ ਕੀਤੀ ਜਾਵੇਗੀ।
ਕੌਂਸਲਰ ਸੰਦੀਪ ਬੌਬੀ ਅਤੇ ਕੰਵਲਜੀਤ ਭੰਗੂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਲੋਕਾਂ ਦੀ ਆਵਾਜ਼ ਸੁਣ ਕੇ ਫੈਸਲਾ ਲੈਣਾ ਚਾਹੀਦਾ ਹੈ, ਨਹੀਂ ਤਾਂ ਵਿਰੋਧ ਹੋਰ ਤੇਜ਼ ਹੋਵੇਗਾ। ਹਰਵਿੰਦਰ ਹੈਪੀ ਨੇ ਕਿਹਾ ਕਿ ਹੁਣ ਹਰ ਰੋਜ਼ ਨਵੀਆਂ ਗਤੀਵਿਧੀਆਂ ਰਾਹੀਂ ਜਨ ਜਾਗਰਣ ਮੁਹਿੰਮ ਚਲਾਈ ਜਾਵੇਗੀ। ਇਸ ਮੌਕੇ ਅਰਸ਼ਵੀਰ ਸਿੱਧੂ, ਡੇਜੀ ਮੋਹਨ, ਦੇਵੀ ਦਿਆਲ, ਹਨੀ ਸੰਧੂ ਆਦਿ ਵੀ ਹਾਜ਼ਰ ਸਨ।