ਸ਼ੰਭੂ ਥਾਣੇ ਦਾ ਘਿਰਾਓ: ਬਠਿੰਡਾ ਪੁਲੀਸ ਵੱਲੋਂ ਕਿਸਾਨਾਂ ਦੇ ਵਾਹਨਾਂ ਦੀ ਚੈਕਿੰਗ
ਸ਼ਗਨ ਕਟਾਰੀਆ
ਬਠਿੰਡਾ, 6 ਮਈ
ਕਿਸਾਨ ਸੰਗਠਨਾਂ ਵੱਲੋਂ ਸ਼ੰਭੂ ਪੁਲੀਸ ਸਟੇਸ਼ਨ ਦੇ ਅੱਜ ਦੇ ਘਿਰਾਓ ਦੇ ਮੱਦੇਨਜ਼ਰ ਬਠਿੰਡਾ ਪੁਲੀਸ ਵੱਲੋਂ ਮੁੱਖ ਸੜਕਾਂ ’ਤੇ ਨਾਕੇਬੰਦੀ ਕਰ ਕੇ ਉਥੋਂ ਲੰਘਣ ਵਾਲੇ ਸ਼ੱਕੀ ਵਾਹਨਾਂ ਦੀ ਤਲਾਸ਼ੀ ਲਈ ਗਈ। ਇਹ ਕਵਾਇਦ ਇਥੇ ਭਾਈ ਘਨ੍ਹੱਈਆ ਚੌਕ ਵਿੱਚ ਅੱਜ ਸੁਵਖ਼ਤੇ ਤੋਂ ਹੀ ਆਰੰਭ ਦਿੱਤੀ ਗਈ ਸੀ। ਨਾਕਿਆਂ ’ਤੇ ਖੜ੍ਹੇ ਪੁਲੀਸ ਦੇ ਜਵਾਨਾਂ ਨੇ ਅਜਿਹੀਆਂ ਗੱਡੀਆਂ ’ਤੇ ਪੈਨੀ ਨਜ਼ਰ ਰੱਖੀ, ਜਿਨ੍ਹਾਂ ਉੁਪਰ ਕਿਸਾਨ ਯੂਨੀਅਨਾਂ ਦੇ ਝੰਡੇ ਜਾਂ ਸਟਿੱਕਰ ਲੱਗੇ ਹੋਏ ਸਨ। ਪੁਲੀਸ ਨੇ ਗੱਡੀਆਂ ਤੋਂ ਝੰਡੇ ਤੇ ਸਟਿੱਕਰ ਉਤਰਵਾ ਦਿੱਤੇ। ਪੁਲੀਸ ਵੱਲੋਂ ਗ੍ਰਿਫ਼ਤਾਰ ਕਿਸਾਨ ਆਗੂ ਸੁਰਜੀਤ ਸਿੰਘ ਫੂਲ ਸਮੇਤ ਦੋ ਹੋਰ ਕਿਸਾਨਾਂ ਦਾ ਮੈਡੀਕਲ ਚੈੱਕਅਪ ਕਰਾਉਣ ਲਈ ਪੁਲੀਸ ਜਦੋਂ ਉਨ੍ਹਾਂ ਨੂੰ ਇੱਥੇ ਸਿਵਲ ਹਸਪਤਾਲ ਲਿਆਈ ਤਾਂ ਵੀ ਵੱਡੀ ਗਿਣਤੀ ’ਚ ਪੁਲੀਸ ਨਫ਼ਰੀ ਇੱਥੇ ਤਾਇਨਾਤ ਸੀ। ਪੱਤਰਕਾਰਾਂ ਨੇ ਕਿਸਾਨ ਆਗੂਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਤਾਂ ਕੀਤੀ ਪਰ ਪੁਲੀਸ ਦੀ ਸਖ਼ਤੀ ਕਾਰਨ ਇਹ ਸੰਭਵ ਨਾ ਹੋ ਸਕਿਆ। ਇਥੇ ਪੁਲੀਸ ਕਰਮਚਾਰੀ ਪੱਤਰਕਾਰਾਂ ਦੇ ਨਾਲ ਬਹਿਸਦੇ ਵੀ ਰਹੇ। 3ਇਸ ਦੌਰਾਨ ਸੁਰਜੀਤ ਸਿੰਘ ਫੂਲ ਨੇ ਉੱਚੀ ਆਵਾਜ਼ ’ਚ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਉਹ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਲਈ ਜਾ ਰਹੇ ਸੀ ਪਰ ਪੁਲੀਸ ਨੇ ਉਨ੍ਹਾਂ ਨੂੰ ਜਬਰਦਸਤੀ ਹਿਰਾਸਤ ’ਚ ਲੈ ਲਿਆ। ਉਨ੍ਹਾਂ ਕਿਹਾ ਕਿ ਪੁਲੀਸ ਸਰਕਾਰੀ ਇਸ਼ਾਰੇ ’ਤੇ ਉਨ੍ਹਾਂ ਦੇ ਬੋਲਣ ਦਾ ਅਧਿਕਾਰ ਦਾ ਹਨਨ ਕਰ ਰਹੀ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਮੀਡੀਆ ਕਰਮੀਆਂ ਵੱਲੋਂ ਪੁੱਛੇ ਜਾਣ ’ਤੇ ਸਿਵਲ ਹਸਪਤਾਲ ’ਚ ਮੌਜੂਦ ਡੀਐੱਸਪੀ ਹਰਬੰਸ ਸਿੰਘ ਨੇ ਦੱਸਿਆ ਕਿ ਕਿਸਾਨ ਆਗੂਆਂ ਨੂੰ ਇੱਥੋਂ ਸੁਰੱਖਿਅਤ ਕੱਢਣਾ ਪੁਲੀਸ ਦੀ ਡਿਊਟੀ ਸੀ, ਪਰ ਮੀਡੀਆ ਕਰਮੀਆਂ ਨੂੰ ਕਵਰੇਜ ਤੋਂ ਨਹੀਂ ਰੋਕਿਆ ਗਿਆ। ਐੱਸਪੀ (ਸਿਟੀ) ਨਰਿੰਦਰ ਸਿੰਘ ਨੇ ਮੁੱਖ ਮਾਰਗਾਂ ’ਤੇ ਨਾਕੇਬੰਦੀ ਨੂੰ ਵਾਜਿਬ ਕਰਾਰ ਦਿੰਦਿਆਂ ਕਿਹਾ ਕਿ ਅਮਨ ਕਾਨੂੰਨ ਦੀ ਸਥਿਤੀ ਦੇ ਮੱਦੇਨਜ਼ਰ ਅਜਿਹੀ ਚੈਕਿੰਗ ਸਮੇਂ ਦੀ ਲੋੜ ਸੀ। ਉਨ੍ਹਾਂ ਦੱਸਿਆ ਕਿ ਨੈਸ਼ਨਲ ਹਾਈਵੇ ’ਤੇ ਬਠਿੰਡਾ ਦੇ ਭਾਈ ਘਨ੍ਹੱਈਆ ਚੌਕ ਤੋਂ ਇਲਾਵਾ ਪਿੰਡ ਕਲਿਆਣ ਸੁੱਖਾ ਅਤੇ ਜੇਠੂ ਕੇ ਕੋਲ ਨਾਕੇ ਲਾਏ ਗਏ ਹਨ। ਉਨ੍ਹਾਂ ਕਿਹਾ ਕਿ ਰਾਹਗੀਰਾਂ ਦੀਆਂ ਗੱਡੀਆਂ ਆਦਿ ਰੋਕ ਕੇ ਉਨ੍ਹਾਂ ਦੇ ਕਾਗਜ਼ਾਤ ਵਗੈਰਾ ਚੈੱਕ ਕੀਤੇ ਗਏ ਹਨ। ਪੁਲੀਸ ਵੱਲੋਂ ਗੱਡੀਆਂ ’ਤੇ ਲੱਗੇ ਕਿਸਾਨੀ ਝੰਡੇ ਅਤੇ ਸਟਿੱਕਰ ਉਤਾਰੇ ਜਾਣ ਬਾਰੇ ਉਨ੍ਹਾਂ ਆਖਿਆ ਕਿ ਸਿਰਫ ਯੂਨੀਅਨਿਸਟ ਹੀ ਨਹੀਂ, ਬਲਕਿ ਸਮੁੱਚੇ ਰਾਹਗੀਰਾਂ ਨੂੰ ਰੋਕ ਕੇ ਚੈਕਿੰਗ ਕੀਤੀ ਜਾ ਰਹੀ ਹੈ।
ਮੁੱਖ ਮੰਤਰੀ ਦੀ ਘੁਰਕੀ ਮਗਰੋਂ ਕਿਸਾਨਾਂ ਦਾ ਪਾਰਾ ਚੜ੍ਹਿਆ
ਮਾਨਸਾ (ਜੋਗਿੰਦਰ ਸਿੰਘ ਮਾਨ): ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਧਰਨਾ-ਪ੍ਰਦਰਸ਼ਨ ਕਰਨ ਵਾਲਿਆਂ ਨੂੰ ਦਿੱਤੀ ਚਿਤਾਵਨੀ ਤੋਂ ਬਾਅਦ ਕਿਸਾਨ ਆਗੂਆਂ ਦਾ ਪਾਰਾ ਚੜ੍ਹ ਗਿਆ ਹੈ। ਜਥੇਬੰਦੀਆਂ ਨੇ ਇਸ ਕਾਰਵਾਈ ਨੂੰ ਗੈਰ-ਜਮਹੂਰੀ ਅਤੇ ਤਾਨਾਸ਼ਾਹ ਫੁ਼ਰਮਾਨ ਕਰਾਰ ਦਿੱਤਾ ਹੈ। ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਲੋਕਾਂ ਵੱਲੋਂ ਸੰਘਰਸ਼ ਕਰਨਾ ਸ਼ੌਕ ਨਹੀਂ, ਸਗੋਂ ਮਜਬੂਰੀ ਹੈ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਝੰਡਾ ਸਿੰਘ ਜੇਠੂਕੇ ਨੇ ਕਿਹਾ ਕਿ ਭਗਵੰਤ ਮਾਨ ਵੱਲੋਂ ਇੱਕ ਤਰ੍ਹਾਂ ਨਾਲ ਸੰਘਰਸ਼ ਕਰਨ ਦੇ ਲੋਕਾਂ ਦੇ ਜਮਹੂਰੀ ਹੱਕ ਨੂੰ ਕੁਚਲਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦਾ ਅੱਜ ਆਇਆ ਬਿਆਨ ਅਤੇ ਲਗਪਗ ਪਿਛਲੇ ਦੋ ਮਹੀਨਿਆਂ ਦਾ ਸੰਘਰਸ਼ਾਂ ਪ੍ਰਤੀ ਅਖ਼ਤਿਆਰ ਕੀਤਾ ਰਵੱਈਆ ਦੱਸਦਾ ਹੈ ਕਿ ਪੰਜਾਬ ਸਰਕਾਰ ਪੂਰੀ ਤਰ੍ਹਾਂ ਲੋਕਾਂ ਦੇ ਸੰਘਰਸ਼ ਕਰਨ ਦੇ ਜਮਹੂਰੀ ਹੱਕ ਨੂੰ ਖ਼ਤਮ ਕਰਨ ’ਤੇ ਆ ਗਈ ਹੈ ਅਤੇ ਇਸ ਤਰ੍ਹਾਂ ਇਹ ਮੋਦੀ ਹਕੂਮਤ ਦੀ ਪੈੜ ’ਚ ਪੈੜ ਧਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਖੁਦ ਭਾਜਪਾ ਸਰਕਾਰ ਖਿਲਾਫ਼ ਜਦੋਂ ਜੀਅ ਚਾਹੇ ਧਰਨੇ ਲਗਾ ਸਕਦੀ ਹੈ, ਪਰ ਲੋਕਾਂ ਵੱਲੋਂ ਧਰਨੇ ਲਗਾਏ ਜਾਣ ਨੂੰ ਸਮਾਜ ਲਈ ਤਕਲੀਫ਼ ਕਰਾਰ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਹਰ ਹਾਲ ਵਿੱਚ ਸੰਘਰਸ਼ ਕਰਨ ਦੇ ਜਮਹੂਰੀ ਹੱਕ ਦੀ ਰਾਖੀ ਲਈ ਡੱਟੀ ਰਹੇਗੀ। ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਜਨਤਕ ਦੇ ਬੇਸਿਕ ਮਸਲਿਆਂ ਨੂੰ ਹੱਲ ਕਰਨ ਦੀ ਬਜਾਏ ਗੱਲੀਬਾਤੀ ਲਮਕਾਏਗੀ ਤਾਂ ਜਥੇਬੰਦਕ ਕਾਰਕੁਨ ਆਪਣੇ ਸੰਵਿਧਾਨਕ ਹੱਕਾਂ ਦੀ ਵਰਤੋਂ ਕਰਦਿਆਂ ਧਰਨੇ ਲਗਾਕੇ ਸਰਕਾਰ ਦੇ ਬੋਲੇ ਕੰਨਾਂ ਤੱਕ ਆਪਣੀ ਅਵਾਜ਼ ਪਹੁੰਚਾਉਣ ਲਈ ਮਜਬੂਰ ਹੋਣਗੇ। ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ) ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਅਤੇ ਮਹਿੰਦਰ ਸਿੰਘ ਭੈਣੀਬਾਘਾ ਨੇ ਕਿਹਾ ਕਿ ਪੰਜਾਬ ਸਰਕਾਰ ਸਮਾਜ ਦੇ ਵੱਖ-ਵੱਖ ਮਿਹਨਤਕਸ਼ ਲੋਕਾਂ ਦੇ ਹੱਕੀ ਮਸਲਿਆਂ ਦਾ ਹੱਲ ਨਹੀਂ ਕਰ ਸਕੀ ਹੈ ਅਤੇ ਹੁਣ ਅਜਿਹੇ ਮਸਲਿਆਂ ਤੇ ਲੋਕਾਂ ਦੀ ਅਵਾਜ਼ ਨੂੰ ਦਬਾਉਣ ਦੇ ਰਾਹ ਪਈ ਹੈ, ਪਰ ਲੋਕ ਮੁੱਖ ਮੰਤਰੀ ਦੇ ਅਜਿਹੇ ਫੁਰਮਾਨਾਂ ਅੱਗੇ ਕਦੇ ਨਹੀਂ ਚੁਕਣਗੇ।