ਸ਼ੰਕਰ ਦਾਸ ਸਰਕਾਰੀ ਸਕੂਲ ਦੇ ਵਿਦਿਆਰਥੀ ਮੈਰਿਟ ’ਚ ਆਏ
ਮਾਛੀਵਾੜਾ: ਐੱਸਐੱਸਡੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਪਣੀਆਂ ਪ੍ਰਾਪਤੀਆਂ ਸਦਕਾ ਨਿਰੰਤਰ ਪ੍ਰਗਤੀ ਪੰਧ ’ਤੇ ਅੱਗੇ ਵਧਦਾ ਜਾ ਰਿਹਾ ਹੈ। ਉੱਤਮ ਸਕੂਲ ਪੁਰਸਕਾਰ ਵਿਜੇਤਾ ਸਕੂਲ ਦੇ ਸਾਲ 2024-25 ਦੇ ਅੱਠਵੀਂ ਸ਼੍ਰੇਣੀ ਦੇ 2 ਵਿਦਿਆਰਥੀਆਂ ਨੇ ਰਾਸ਼ਟਰੀ ਪੱਧਰ ਦੀ ਸਕਾਲਰਸ਼ਿਪ ਪ੍ਰੀਖਿਆ ਐੱਨ.ਐੱਮ.ਐੱਮ.ਐੱਸ. ਦੀ ਮੈਰਿਟ ਸੂਚੀ ਵਿਚ ਆਪਣਾ ਨਾਂ ਦਰਜ ਕਰਵਾ ਕੇ ਨਾ ਸਿਰਫ਼ ਸੰਸਥਾ ਬਲਕਿ ਇਲਾਕੇ ਦਾ ਨਾਂ ਰੋਸ਼ਨ ਕੀਤਾ ਹੈ। ਸਕੂਲ ਦੇ ਕਾਰਜਕਾਰੀ ਪ੍ਰਿੰਸੀਪਲ ਨਿਰੰਜਨ ਕੁਮਾਰ ਨੇ ਦੱਸਿਆ ਕਿ ਕੁਲਦੀਪ ਕੁਮਾਰ ਅਤੇ ਫੁਨਟੁਸ ਨੇ ਮੈਰਿਟ ਪ੍ਰੀਖਿਆ ਵਿਚ ਚੰਗੇ ਅੰਕ ਪ੍ਰਾਪਤ ਕਰ ਸਕਾਲਰਸ਼ਿਪ ਹਾਸਿਲ ਕੀਤੀ ਹੈ। ਇਨ੍ਹਾਂ ਦੋਵਾਂ ਵਿਦਿਆਰਥੀਆਂ ਨੂੰ ਸਕੂਲ ਮੁਖੀ ਨਿਰੰਜਨ ਕੁਮਾਰ ਤੇ ਸ਼੍ਰੇਣੀ ਇੰਚਾਰਜ ਕਮਲਜੀਤ ਕੌਰ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨਿਰਮਲ ਸਿੰਘ, ਸੁਖਵੀਰ ਕੌਰ, ਮੀਨਾਕਸ਼ੀ ਸ਼ਰਮਾ, ਮਨੋਜ ਜੋਸ਼ੀ, ਸਿਮਰਨਜੀਤ ਸਿੰਘ, ਸੰਦੀਪ ਕੌਰ, ਗੁਰਪ੍ਰੀਤ ਕੌਰ, ਰਾਜਵੰਤ ਕੌਰ, ਸੁਮਰਜੀਤ ਕੌਰ, ਅਮਨਪ੍ਰੀਤ ਕੌਰ, ਸੰਦੀਪ ਸਿੰਘ, ਅਰਮਾਨ ਖਾਨ, ਹਰੀਕ੍ਰਿਸ਼ਨ ਅਤੇ ਜਸਪ੍ਰੀਤ ਕੌਰ ਹਾਜ਼ਰ ਸਨ। -ਪੱਤਰ ਪ੍ਰੇਰਕ