ਸ਼ੇਰਪੁਰ ਬਲਾਕ ਟੁੱਟਣ ਦਾ ਖ਼ਦਸ਼ਾ: ਸਿਆਸੀ ਪਾਰਟੀਆਂ ਤੇ ਜਨਤਕ ਜਥੇਬੰਦੀਆਂ ਇਕਜੁੱਟ
ਸ਼ੇਰਪੁਰ, 29 ਅਪਰੈਲ
ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਵੱਲੋਂ ਜ਼ਿਲ੍ਹਿਆਂ ਦੇ ਅੰਦਰ ਬਲਾਕਾਂ ਦੇ ਪੁਨਰਗਠਨ ਅਤੇ ਤਰਕਸੰਗਤੀ ਸਬੰਧੀ ਵਿਭਾਗ ਵੱਲੋਂ ਡੀਡੀਪੀਓਜ਼ ਨੂੰ ਜਾਰੀ ਇੱਕ ਪੱਤਰ ਮਗਰੋਂ ਇਲਾਕੇ ’ਚ ਸ਼ੇਰਪੁਰ ਬਲਾਕ ਟੁੱਟਣ ਦੇ ਪੈਦਾ ਹੋਏ ਖ਼ਦਸ਼ੇ ਦੇ ਮੱਦੇਨਜ਼ਰ ਅੱਜ ਸਰਬ ਪਾਰਟੀ ਅਤੇ ਜਨਤਕ ਜਥੇਬੰਦੀਆਂ ਦੀ ਮੀਟਿੰਗ ਹੋਈ। ਇਸ ਦੌਰਾਨ ਐਕਸ਼ਨ ਕਮੇਟੀ ਕਾਇਮ ਕਰਕੇ ਸੇਵਾਮੁਕਤ ਸੂਬੇਦਾਰ ਮੇਜਰ ਹਰਜੀਤ ਸਿੰਘ ‘ਕਾਤਿਲ’ ਨੂੰ ਕਨਵੀਨਰ ਚੁਣਿਆ ਗਿਆ। ਜ਼ਿਕਰਯੋਗ ਹੈ ਕਿ ਲੰਘੀ 22 ਅਪਰੈਲ ਨੂੰ ‘ਪੰਜਾਬੀ ਟ੍ਰਿਬਿਊਨ’ ਨੇ ਇਹ ਮਾਮਲਾ ਪ੍ਰਮੁੱਖਤਾ ਨਾਲ ਚੁੱਕਿਆ ਸੀ। ਸਿੱਖ ਬੁੱਧੀਜੀਵੀ ਮਾਸਟਰ ਹਰਬੰਸ ਸਿੰਘ ਸ਼ੇਰਪੁਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਜਿੱਥੇ ਸਮੂਹ ਪਾਰਟੀਆਂ ਕਾਰਕੁਨਾਂ ਨੇ ਬਲਾਕ ਬਚਾਉਣ ਲਈ ਇਕਜੁੱਟਤਾ ਪ੍ਰਗਟਾਈ ਉਥੇ ਹੁਕਮਰਾਨ ਧਿਰ ਦੇ ਮੋਹਰੀ ਆਗੂ ਤੇ ਚੇਅਰਮੈਨ ਰਾਜਵਿੰਦਰ ਸਿੰਘ ਨੇ ਬਲਾਕ ਬਚਾਉਣ ਲਈ ਡਟਕੇ ਹਾਮੀ ਭਰੀ। ਕਾਂਗਰਸ ਦੇ ਬਲਾਕ ਪ੍ਰਧਾਨ ਜਸਮੇਲ ਬੜੀ, ਅਕਾਲੀ ਦਲ ਅਮ੍ਰਿਤਸਰ ਦੇ ਮਨਜੀਤ ਸਿੰਘ ਧਾਮੀ, ਸਿੱਖ ਬੁੱਧਜੀਵੀ ਮਾਸਟਰ ਹਰਬੰਸ ਸਿੰਘ ਸ਼ੇਰਪੁਰ, ਬਹਾਦਰ ਸਿੰਘ ਢੰਡਾ, ਜਸਵਿੰਦਰ ਸਿੰਘ ਦੀਦਾਰਗੜ੍ਹ, ਮਨਜੀਤ ਸਿੰਘ ਬੈਹਣੀਵਾਲ, ਚਰਨ ਸਿੰਘ ਜਵੰਦਾ, ਜਗਦੇਵ ਸਿੰਘ ਬਧੇਸ਼ਾ, ਜਗਰੂਪ ਸਿੰਘ ਮਾਹਮਦਪੁਰ, ਗਰੀਬ ਸਿੰਘ ਛੰਨਾਂ, ਸਾਬਕਾ ਸਰਪੰਚ ਗੁਰਮੀਤ ਸਿੰਘ ਮਾਹਮਦਪੁਰ, ਕਾਮਰੇਡ ਹਰਗੋਬਿੰਦ, ਸੰਦੀਪ ਸਿੰਘ, ਸਾਬਕਾ ਸਰਪੰਚ ਰਣਜੀਤ ਸਿੰਘ ਧਾਲੀਵਾਲ, ਸੁਖਵਿੰਦਰ ਸਿੰਘ ਚਹਿਲ ਘਨੌਰੀ ਖੁਰਦ, ਦਰਸ਼ਨ ਸਿੰਘ ਬਾਜਵਾ ਤੇ ਸੁਖਦੇਵ ਔਲਖ ਆਦਿ ਨੇ ਬਲਾਕ ਟੁੱਟਣ ਵਿਰੁੱਧ ਡਟਕੇ ਲੜਾਈ ਲੜਨ ਦਾ ਐਲਾਨ ਕੀਤਾ। ਵੱਖਰੇ ਬਿਆਨ ਰਾਹੀਂ ਸਾਬਕਾ ਵਿਧਾਇਕ ਬੀਬੀ ਹਰਚੰਦ ਕੌਰ ਨੇ ਕਿਹਾ ਕਿ ਉਨ੍ਹਾਂ 1992 ’ਚ ਇਹ ਬਲਾਕ ਬਣਾਇਆ ਸੀ ਪਰ ਹੁਣ ਸਰਕਾਰ ਪਹਿਲਾਂ ਦਿੱਤੀਆਂ ਸਹੂਲਤਾਂ ਵੀ ਖੋਹ ਰਹੀ ਹੈ।
ਬਲਾਕ ਨਹੀਂ ਟੁੱਟਣ ਦਿਆਂਗੇ: ਪੰਡੋਰੀ
ਹਲਕਾ ਮਹਿਲ ਕਲਾਂ ਤੋਂ ‘ਆਪ’ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨਾਲ ਮੀਟਿੰਗ ਦੌਰਾਨ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਬਲਾਕਾਂ ਦਾ ਪੁਨਰਗਠਨ ਜ਼ਰੂਰ ਹੋਣਾ ਹੈ ਜਿਸ ਵਿੱਚ ਵਿਧਾਨ ਸਭਾ ਹਲਕਿਆਂ ਮੁਤਾਬਕ ਕੁਝ ਪਿੰਡਾਂ ਦੀ ਅਦਲ-ਬਦਲ ਹੋ ਸਕਦੀ ਹੈ ਪਰ ਸ਼ੇਰਪੁਰ ਬਲਾਕ ਕਿਸੇ ਕੀਮਤ ’ਤੇ ਟੁੱਟਣ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇੱਕ ਮੀਟਿੰਗ ਮੁੜ ਕੀਤੀ ਜਾਵੇਗੀ ਜਿਸ ਵਿੱਚ ਉਹ ਖੁਦ ਸ਼ਾਮਲ ਹੋ ਕੇ ਸਰਕਾਰੀ ਪੱਖ ਰੱਖਣਗੇ।