ਸ਼ਾਇਰ ਕ੍ਰਿਸ਼ਨ ਭਨੋਟ ਨੂੰ ਸ਼ਰਧਾ ਦੇ ਫੁੱਲ ਅਰਪਿਤ
ਸਰੀ: ਗ਼ਜ਼ਲ ਮੰਚ ਸਰੀ ਵੱਲੋਂ ਪੰਜਾਬੀ ਦੇ ਉਸਤਾਦ ਗ਼ਜ਼ਲਗੋ ਅਤੇ ਮੰਚ ਦੇ ਬਾਨੀ ਮੈਂਬਰ ਕ੍ਰਿਸ਼ਨ ਭਨੋਟ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਸਟਰਾਅਬੇਰੀ ਹਿੱਲ ਲਾਇਬ੍ਰੇਰੀ ਸਰੀ ਵਿਖੇ ਸਮਾਗਮ ਕਰਵਾਇਆ ਗਿਆ। ਇਸ ਵਿੱਚ ਸਰੀ ਅਤੇ ਆਸ ਪਾਸ ਦੇ ਖੇਤਰਾਂ ਤੋਂ ਪੁੱਜੇ ਲੇਖਕਾਂ, ਕਲਾਕਾਰਾਂ ਅਤੇ ਸਾਹਿਤ ਪ੍ਰੇਮੀਆਂ ਨੇ ਕ੍ਰਿਸ਼ਨ ਭਨੋਟ ਨੂੰ ਆਪਣੀ ਸ਼ਰਧਾ ਦੇ ਫੁੱਲ ਅਰਪਿਤ ਕੀਤੇ।
ਸਮਾਗਮ ਦੀ ਸ਼ੁਰੂਆਤ ਪਿਛਲੇ ਕੁੱਝ ਸਮੇਂ ਦੌਰਾਨ ਸਦੀਵੀ ਵਿਛੋੜਾ ਦੇ ਗਏ ਪੰਜਾਬੀ ਸਾਹਿਤਕਾਰ ਹਰਜੀਤ ਦੌਧਰੀਆ, ਪ੍ਰੇਮ ਪ੍ਰਕਾਸ਼, ਕ੍ਰਿਸ਼ਨ ਭਨੋਟ, ਜਰਨੈਲ ਸਿੰਘ ਆਰਟਿਸਟ, ਹਰਜਿੰਦਰ ਸਿੰਘ ਅਟਵਾਲ, ਅੰਮ੍ਰਿਤ ਮਾਨ, ਮਨਜ਼ੂਰ ਏਜ਼ਾਜ਼ ਅਤੇ ਕੇਸਰ ਸਿੰਘ ਨੀਰ ਨੂੰ ਇੱਕ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਦੇਣ ਨਾਲ ਹੋਈ।
ਉਪਰੰਤ ਮੰਚ ਦੇ ਪ੍ਰਮੁੱਖ ਬੁਲਾਰੇ ਰਾਜਵੰਤ ਰਾਜ ਨੇ ਕ੍ਰਿਸ਼ਨ ਭਨੋਟ ਦੀ ਸ਼ਖ਼ਸੀਅਤ ਅਤੇ ਪੰਜਾਬੀ ਗ਼ਜ਼ਲ, ਸਾਹਿਤ ਅਤੇ ਸਮਾਜ ਪ੍ਰਤੀ ਉਨ੍ਹਾਂ ਦੀ ਘਾਲਣਾ ਅਤੇ ਯੋਗਦਾਨ ਬਾਰੇ ਵਿਸਥਾਰ ਵਿੱਚ ਚਾਨਣਾ ਪਾਇਆ। ਉਸ ਨੇ ਕਿਹਾ ਕਿ ਕ੍ਰਿਸ਼ਨ ਭਨੋਟ ਨਾਮਵਰ ਸ਼ਾਇਰ ਹੋਣ ਦੇ ਨਾਲ ਨਾਲ ਨਿਮਰ ਇਨਸਾਨ ਸੀ। ਉਸ ਦਾ ਵਡੱਪਣ ਸੀ ਕਿ ਉਸ ਨੇ ਕਦੇ ਵੀ ਆਪਣੇ ਉਸਤਾਦ ਹੋਣ ਦਾ ਗੁਮਾਨ ਨਹੀਂ ਕੀਤਾ ਸਗੋਂ ਆਪਣੇ ਆਪ ਨੂੰ ਗ਼ਜ਼ਲ ਦਾ ਮਜ਼ਦੂਰ ਦੱਸਿਆ। ਉਹ ਸਾਰੀ ਉਮਰ ਸ਼ਾਇਰੀ ਨੂੰ ਸਮਰਪਿਤ ਰਿਹਾ ਅਤੇ ਆਪਣੇ ਸੰਪਰਕ ਵਿੱਚ ਆਏ ਹਰ ਨਵੇਂ ਸ਼ਾਇਰ ਨੂੰ ਉਸ ਨੇ ਯੋਗ ਅਗਵਾਈ ਦਿੱਤੀ। ਉਸ ਦਾ ਸਾਥ ਮਾਣਦਿਆਂ ਗ਼ਜ਼ਲ ਮੰਚ ਸਰੀ ਦੇ ਸ਼ਾਇਰਾਂ ਨੇ ਗ਼ਜ਼ਲ ਨੇ ਨਾਲ ਨਾਲ ਜ਼ਿੰਦਗੀ ਦੇ ਵੱਖ ਵੱਖ ਪਹਿਲੂਆਂ ਬਾਰੇ ਬੜਾ ਕੁੱਝ ਗ੍ਰਹਿਣ ਕੀਤਾ ਹੈ।
ਡਾ. ਰਣਦੀਪ ਮਲਹੋਤਰਾ ਨੇ ਕ੍ਰਿਸ਼ਨ ਭਨੋਟ ਦੀ ਇੱਕ ਗ਼ਜ਼ਲ ਸੁਰਬੱਧ ਕਰ ਕੇ ਉਸ ਨੂੰ ਸਿਜਦਾ ਕੀਤਾ। ਮਰਹੂਮ ਸ਼ਾਇਰ ਨਾਲ ਆਪਣੀਆਂ ਯਾਦਾਂ ਸਾਂਝੀਆਂ ਕਰਦਿਆਂ ਵਿਦਵਾਨ ਡਾ. ਸਾਧੂ ਸਿੰਘ, ਡਾ. ਪ੍ਰਿਥੀਪਾਲ ਸਿੰਘ ਸੋਹੀ, ਸ਼ਾਇਰ ਮੋਹਨ ਗਿੱਲ, ਅਮਰੀਕ ਪਲਾਹੀ, ਅੰਗਰੇਜ਼ ਸਿੰਘ ਬਰਾੜ, ਸੁਰਜੀਤ ਕਲਸੀ, ਮੀਨੂੰ ਬਾਵਾ, ਪ੍ਰੀਤ ਮਨਪ੍ਰੀਤ, ਬਿੰਦੂ ਮਠਾੜੂ, ਬਲਵੀਰ ਢਿੱਲੋਂ, ਅਮਰਜੀਤ ਕੌਰ ਸ਼ਾਂਤ, ਪਰਮਿੰਦਰ ਸਵੈਚ, ਸੁਖਜੀਤ ਕੌਰ, ਨਵਜੋਤ ਢਿੱਲੋਂ, ਸਤੀਸ਼ ਗੁਲਾਟੀ, ਬਲਵੀਰ ਸਿੰਘ ਸੰਘਾ, ਡਾ. ਗੁਰਮਿੰਦਰ ਸਿੱਧੂ, ਮਹਿੰਦਰ ਪਾਲ ਸਿੰਘ ਪਾਲ, ਹਰਕੀਰਤ ਕੌਰ ਚਾਹਲ, ਦਵਿੰਦਰ ਕੌਰ ਜੌਹਲ, ਸੁਖਨੈਬ ਸਾਜਨ, ਸੁੱਖੀ ਢਿੱਲੋਂ ਅਤੇ ਦਵਿੰਦਰ ਗੌਤਮ ਨੇ ਕਿਹਾ ਕਿ ਉਸ ਦੀ ਸਭ ਤੋਂ ਵੱਡੀ ਮਹਾਨਤਾ ਇਹ ਸੀ ਕਿ ਉਹ ਇਨਸਾਨੀ ਗੁਣਾਂ ਨਾਲ ਭਰਪੂਰ ਸੀ। ਉਹ ਇੱਕ ਦਰਵੇਸ਼ ਵਾਂਗ ਸਾਰੀ ਉਮਰ ਵਿਚਰਦਾ ਰਿਹਾ। ਸਾਹਿਤ ਅਤੇ ਸਮਾਜ ਪ੍ਰਤੀ ਉਸ ਦੇ ਵੱਡਮੁੱਲੇ ਯੋਗਦਾਨ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ ਤੇ ਉਸ ਦਾ ਕਲਾਮ ਪੰਜਾਬੀ ਸਾਹਿਤ ਫੁਲਵਾੜੀ ਵਿੱਚ ਹਮੇਸ਼ਾਂ ਆਪਣੀ ਖ਼ੁਸ਼ਬੂ ਵੰਡਦਾ ਰਹੇਗਾ। ਬੇਸ਼ੱਕ ਉਹ ਅੱਜ ਸਾਡੇ ਵਿਚਕਾਰ ਨਹੀਂ ਹੈ, ਪਰ ਆਪਣੀ ਸ਼ਾਇਰੀ ਨਾਲ ਉਹ ਸਦਾ ਪੰਜਾਬੀ ਪਾਠਕਾਂ ਦੇ ਦਿਲਾਂ ਵਿੱਚ ਧੜਕਦਾ ਰਹੇਗਾ। ਸਮਾਗਮ ਦੌਰਾਨ ਮਰਹੂਮ ਕ੍ਰਿਸ਼ਨ ਭਨੋਟ ਦੇ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ। ਅੰਤ ਵਿੱਚ ਗ਼ਜ਼ਲ ਮੰਚ ਦੇ ਜਨਰਲ ਸਕੱਤਰ ਦਵਿੰਦਰ ਗੌਤਮ ਨੇ ਸਮਾਗਮ ਵਿੱਚ ਹਾਜ਼ਰ ਸਭਨਾਂ ਦਾ ਧੰਨਵਾਦ ਕੀਤਾ।
ਸੰਪਰਕ: 1 604 308 6663