ਸਹਿਕਾਰੀ ਸਭਾ ਬੁਰਜ ਹਰੀ ਸਿੰਘ ਦੀ ਚੋਣ ਦੂਜੀ ਵਾਰ ਰੱਦ
ਸੰਤੋਖ ਗਿੱਲ
ਰਾਏਕੋਟ, 17 ਮਾਰਚ
ਖੇਤੀਬਾੜੀ ਸਹਿਕਾਰੀ ਸਭਾ ਬੁਰਜ ਹਰੀ ਸਿੰਘ ਦੀ ਭਲਕੇ 18 ਮਾਰਚ ਨੂੰ ਹੋਣ ਵਾਲੀ ਚੋਣ ਤੋਂ ਪਹਿਲਾਂ ਅੱਜ ਸੋਮਵਾਰ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਪ੍ਰੋਗਰਾਮ ਰਿਟਰਨਿੰਗ ਅਫ਼ਸਰ ਇੰਸਪੈਕਟਰ ਸੁਰਿੰਦਰ ਸਿੰਘ ਦੀ ਗ਼ੈਰਹਾਜ਼ਰੀ ਕਾਰਨ ਰੱਦ ਕਰ ਦਿੱਤਾ ਗਿਆ ਹੈ। ਲੋਕ ਸਭਾ ਹਲਕਾ ਸ੍ਰੀ ਫ਼ਤਿਹਗੜ੍ਹ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਡਾਕਟਰ ਅਮਰ ਸਿੰਘ ਨੇ ਦੋਸ਼ ਲਾਇਆ ਕਿ ਹਲਕਾ ਰਾਏਕੋਟ ਵਿੱਚ ਸੱਤਾਧਾਰੀ ਧਿਰ ਧੱਕੇ ਨਾਲ ਕਬਜ਼ਾ ਕਰਨੀ ਚਾਹੁੰਦੀ ਹੈ ਅਤੇ ਜਮਹੂਰੀਅਤ ਦਾ ਗਲ਼ਾ ਘੁੱਟਿਆ ਜਾ ਰਿਹਾ ਹੈ। ਉਨ੍ਹਾਂ ਸਹਿਕਾਰਤਾ ਵਿਭਾਗ ਦੇ ਅਧਿਕਾਰੀਆਂ ਉੱਪਰ ਦੋਸ਼ ਲਾਇਆ ਕਿ ਇੰਸਪੈਕਟਰ ਸੁਰਿੰਦਰ ਸਿੰਘ ਨੂੰ ਹੀ ਹਰ ਵਾਰ ਰਿਟਰਨਿੰਗ ਅਫ਼ਸਰ ਲਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਤਾਜਪੁਰ ਦੀ ਸਹਿਕਾਰੀ ਸਭਾ ਦਾ ਮਾਮਲਾ ਹਾਲੇ ਤੱਕ ਕਿਸੇ ਤਣ-ਪੱਤਣ ਨਹੀਂ ਲੱਗਿਆ ਅਤੇ ਉਸ ਤੋਂ ਬਾਅਦ ਬੱਸੀਆਂ ਅਤੇ ਹੁਣ ਬੁਰਜ ਹਰੀ ਸਿੰਘ ਵਿੱਚ ਵੀ ਚੋਣ ਦੂਜੀ ਵਾਰ ਸਿਰੇ ਨਹੀਂ ਚੜ੍ਹਨ ਦਿੱਤੀ ਗਈ। ਉਨ੍ਹਾਂ ਸਹਿਕਾਰਤਾ ਵਿਭਾਗ ਵਿੱਚ ਵੱਡੀ ਪੱਧਰ ’ਤੇ ਭ੍ਰਿਸ਼ਟਾਚਾਰ ਦਾ ਦੋਸ਼ ਲਾਇਆ ਹੈ ਅਤੇ ਜਾਂਚ ਦੀ ਮੰਗ ਕੀਤੀ ਹੈ। ਉੱਧਰ ਪਿੰਡ ਬੁਰਜ ਹਰੀ ਸਿੰਘ ਵਿੱਚ ਸਹਿਕਾਰੀ ਸਭਾ ਦੀ ਪ੍ਰਧਾਨਗੀ ਦੇ ਮੁੱਖ ਦਾਅਵੇਦਾਰ ਹਰਪ੍ਰੀਤ ਸਿੰਘ ਧਾਲੀਵਾਲ, ਸਪੋਰਟਸ ਕਲੱਬ ਦੇ ਪ੍ਰਧਾਨ ਗਗਨਦੀਪ ਧਾਲੀਵਾਲ, ਕਿਸਾਨ ਆਗੂ ਬਲਜੀਤ ਸਿੰਘ ਗਰੇਵਾਲ, ਹਰਨੇਕ ਸਿੰਘ ਔਲਖ, ਸੁਖਦੀਪ ਸਿੰਘ ਗਰੇਵਾਲ ਅਤੇ ਸਾਬਕਾ ਸਰਪੰਚ ਅਵਤਾਰ ਸਿੰਘ ਨੇ ਚੋਣ ਰੱਦ ਕਰਨ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਦੋਸ਼ ਲਾਇਆ ਕਿ ਸੱਤਾਧਾਰੀ ਆਮ ਆਦਮੀ ਪਾਰਟੀ ਕੋਲ ਤਾਂ ਸਹਿਕਾਰੀ ਸਭਾ ਲਈ ਕੋਈ ਦਾਅਵੇਦਾਰ ਹੀ ਨਹੀਂ ਸੀ। ਇਸ ਲਈ ਰਾਜਨੀਤਿਕ ਦਬਾਅ ਕਾਰਨ ਇਹ ਚੋਣ ਰੱਦ ਕੀਤੀ ਗਈ ਹੈ।
ਰਿਟਰਨਿੰਗ ਅਫ਼ਸਰ ਦੀ ਅਦਾਲਤ ਵਿੱਚ ਪੇਸ਼ੀ ਕਾਰਨ ਚੋਣ ਪ੍ਰੋਗਰਾਮ ਰੱਦ ਕਰਨਾ ਪਿਆ: ਸਹਾਇਕ ਰਜਿਸਟਰਾਰ
ਇਸ ਸਬੰਧੀ ਸੰਪਰਕ ਕਰਨ ’ਤੇ ਸਹਾਇਕ ਰਜਿਸਟਰਾਰ ਸਾਬਰ ਅਲੀ ਨੇ ਕਿਹਾ ਕਿ ਇੰਸਪੈਕਟਰ ਸੁਰਿੰਦਰ ਸਿੰਘ ਨੂੰ ਕੁਝ ਦਿਨ ਪਹਿਲਾਂ ਰਿਟਰਨਿੰਗ ਅਫ਼ਸਰ ਵਜੋਂ ਤਾਇਨਾਤ ਕੀਤਾ ਸੀ ਅਤੇ ਬੀਤੇ ਦਿਨ ਉਨ੍ਹਾਂ ਨੂੰ ਅਚਾਨਕ ਸਿਵਲ ਅਦਾਲਤ ਵਿੱਚ ਅੱਜ ਦੀ ਪੇਸ਼ੀ ਲਈ ਸੰਮਨ ਮਿਲਣ ਕਾਰਨ ਚੋਣ ਪ੍ਰੋਗਰਾਮ ਰੱਦ ਕਰਨਾ ਪੈ ਗਿਆ ਹੈ, ਉਨ੍ਹਾਂ ਕਿਹਾ ਕਿ ਜਲਦ ਹੀ ਮੁੜ ਚੋਣ ਦਾ ਪ੍ਰੋਗਰਾਮ ਦਿੱਤਾ ਜਾਵੇਗਾ। ਉਨ੍ਹਾਂ ਸੇਵਾਦਾਰਾਂ ਦੀ ਨਿਯੁਕਤੀ ਅਤੇ ਕਰਮਚਾਰੀਆਂ ਦੀਆਂ ਸਾਲਾਨਾ ਤਰੱਕੀਆਂ ਦੇ ਮਾਮਲੇ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਨਕਾਰਿਆ ਹੈ। ਉਨ੍ਹਾਂ ਕਿਹਾ,‘‘ਮੇਰੇ ਕਾਰਜਕਾਲ ਦੌਰਾਨ ਕੋਈ ਭਰਤੀ ਨਹੀਂ ਹੋਈ ਹੈ।’’
Advertisement