ਦੋ ਧਿਰਾਂ ਵਿਚਾਲੇ ਪੱਥਰਬਾਜ਼ੀ ਮਾਮਲਾ: ਪੁਲੀਸ ਨੇ ਦੋਵਾਂ ਧਿਰਾਂ ਦੇ ਆਗੂਆਂ ਦੀਆਂ ਪਵਾਈਆਂ ਜੱਫ਼ੀਆਂ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 17 ਮਾਰਚ
ਮੋਤੀ ਨਗਰ ਦੇ ਮੀਆਂ ਮਾਰਕੀਟ ਵਿੱਚ ਸਥਿਤ ਬਿਲਾਲ ਮਸਜਿਦ ਦੇ ਬਾਹਰ ਹੋਲੀ ਵਾਲੇ ਦਿਨ ਦੋ ਧਿਰਾਂ ਵਿਚਾਲੇ ਹੋਈ ਪੱਥਰਬਾਜ਼ੀ ਦੇ ਮਾਮਲੇ ਵਿੱਚ ਪੁਲੀਸ ਨੇ ਬਿਹਾਰੀ ਕਲੋਨੀ ਵਿੱਚ ਪਰਵਾਸੀ ਅਤੇ ਮੁਸਲਿਮ ਭਾਈਚਾਰੇ ਦੇ ਆਗੂਆਂ ਨਾਲ ਮੀਟਿੰਗ ਕੀਤੀ। ਦੋਵਾਂ ਭਾਈਚਾਰਿਆਂ ਦੇ ਆਗੂਆਂ ਨੇ ਆਪੋ-ਆਪਣੇ ਮਤਭੇਦ ਸੁਲਝਾ ਲਏ ਅਤੇ ਇੱਕ ਦੂਜੇ ਨੂੰ ਜੱਫੀ ਪਾਈ। ਉਨ੍ਹਾਂ ਕਿਹਾ ਕਿ ਕੁਝ ਸਮਾਜ ਵਿਰੋਧੀ ਅਨਸਰਾਂ ਨੇ ਤਣਾਅ ਪੈਦਾ ਕਰਨ, ਫਿਰਕੂ ਸਦਭਾਵਨਾ ਨੂੰ ਭੰਗ ਕਰਨ ਅਤੇ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕੀਤੀ। ਪਰਵਾਸੀ ਭਾਈਚਾਰੇ ਦੇ ਆਗੂਆਂ ਨੇ ਅਗਲੇ ਸ਼ੁੱਕਰਵਾਰ ਨੂੰ ਬਿਹਾਰੀ ਕਲੋਨੀ ਵਿੱਚ ਇਫਤਾਰ ਡਿਨਰ ਕਰਨ ਦਾ ਐਲਾਨ ਵੀ ਕੀਤਾ।
ਏਡੀਸੀਪੀ ਪ੍ਰਭਜੋਤ ਸਿੰਘ ਵਿਰਕ ਨੇ ਕਿਹਾ ਕਿ ਪੰਜਾਬ ਪੁਲੀਸ ਸੂਬੇ ਦੇ ਲੋਕਾਂ ਵਿੱਚ ਮਜ਼ਬੂਤ ਸਮਾਜਿਕ ਸਾਂਝ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ਾਂ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ੇਗੀ ਨਹੀਂ। ਦੱਸਣਯੋਗ ਹੈ ਕਿ ਇੱਕ ਧਿਰ ਖ਼ਿਲਾਫ਼ ਕੇਸ ਦਰਜ ਕਰਨ ਤੋਂ ਬਾਅਦ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਦੀ ਚਿਤਾਵਨੀ ਤੋਂ ਬਾਅਦ ਪੁਲੀਸ ਨਰਮ ਪੈ ਗਈ ਹੈ। ਬੀਤੇ ਦਿਨੀਂ ਕੇਂਦਰੀ ਕੱਪੜਾ ਮੰਤਰੀ ਗਿਰੀਰਾਜ ਸਿੰਘ ਨੇ ਇਕ ਜਨਤਕ ਮੀਟਿੰਗ ਦੌਰਾਨ ਹੀ ਪੁਲੀਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੂੰ ਫੋਨ ਕਰਕੇ ਚਿਤਾਵਨੀ ਦਿੱਤੀ ਸੀ ਕਿ ਇਸ ਮਾਮਲੇ ਜੇ ਪੁਲੀਸ ਨੇ ਇਕ ਪਾਸੜ ਕਾਰਵਾਈ ਕੀਤੀ ਤਾਂ ਉਹ ਖੁਦ ਲੋਕਾਂ ਨੂੰ ਨਾਲ ਲੈ ਕੇ ਪੁਲੀਸ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨਾ ਦੇਣਗੇ। ਇਸ ਮਾਮਲੇ ਵਿੱਚ ਲੋਕਾਂ ਨੂੰ ਰੋਸ ਸੀ ਕਿ ਪੁਲੀਸ ਨੇ ਸਿਰਫ਼ ਇੱਕ ਧਿਰ ’ਤੇ ਕਾਰਵਾਈ ਕੀਤੀ ਹੈ। ਜਦੋਂਕਿ ਪੱਥਰਬਾਜ਼ੀ ਦੋਵਾਂ ਧਿਰਾਂ ਵੱਲੋਂ ਕੀਤੀ ਗਈ ਸੀ। ਅੱਜ ਪੁਲੀਸ ਨੇ ਦੋਵਾਂ ਧਿਰਾਂ ਦੀਆਂ ਜੱਫੀਆਂ ਪਵਾ ਦਿੱਤੀਆਂ ਤੇ ਕੇਸ ਨੂੰ ਰੱਦ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।
ਬਿਹਾਰੀ ਕਲੋਨੀ ਦੇ ਮੀਆਂ ਮਾਰਕੀਟ ਵਿੱਚ ਹੋਈ ਪੱਥਰਬਾਜ਼ੀ ਦੌਰਾਨ ਮਾਹੌਲ ਕਾਫ਼ੀ ਖ਼ਰਾਬ ਹੋ ਗਿਆ ਸੀ। ਦੋ ਧਿਰਾਂ ਵਿੱਚ ਲੜਾਈ ਹੋਣ ਕਰਕੇ ਇਸ ਤਣਾਅਪੂਰਨ ਸਥਿਤੀ ਨੂੰ ਸੰਭਾਲਣ ਦੇ ਲਈ ਕਈ ਥਾਣਿਆਂ ਦੀ ਪੁਲੀਸ ਵੀ ਮੌਕੇ ’ਤੇ ਪੁੱਜ ਗਈ ਸੀ। ਮੌਕੇ ’ਤੇ ਪੁੱਜੇ ਸ਼ਾਈ ਇਮਾਮ ਦੀ ਚਿਤਾਵਨੀ ਤੋਂ ਬਾਅਦ ਪੁਲੀਸ ਨੇ ਇਸ ਮਾਮੇਲ ਵਿੱਚ ਇੱਕ ਧਿਰ ਦੇ 35 ਲੋਕਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਸੀ। ਜਦੋਂ ਬੀਤੇ ਦਿਨੀਂ ਕੇਂਦਰੀ ਕੱਪੜਾ ਮੰਤਰੀ ਗਿਰੀਰਾਜ ਸਿੰਘ ਲੁਧਿਆਣਾ ਦੇ ਦੌਰੇ ’ਤੇ ਸਨ, ਤਾਂ ਕੁਝ ਸੰਗਠਨ ਉਨ੍ਹਾਂ ਨੂੰ ਮਿਲੇ ਅਤੇ ਉਨ੍ਹਾਂ ਨੂੰ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ। ਜਿਸ ਤੋਂ ਬਾਅਦ ਕੇਂਦਰੀ ਮੰਤਰੀ ਨੇ ਜਨਤਕ ਮੀਟਿੰਗ ਵਿੱਚੋਂ ਪੁਲੀਸ ਕਮਿਸ਼ਨਰ ਨੂੰ ਫੋਨ ਲਗਾਇਆ ਤੇ ਸਿੱਧੇ ਤੌਰ ’ਤੇ ਦੂਜੀ ਧਿਰ ਵਿਰੁੱਧ ਕਾਰਵਾਈ ਦਾ ਹੁਕਮ ਦਿੱਤੇ।