ਦੁਕਾਨਦਾਰ ਹਾਈਬ੍ਰਿਡ ਝੋਨੇ ਦੇ ਬੀਜ ਨਾ ਵੇਚਣ: ਬੈਨੀਪਾਲ
ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 17 ਮਾਰਚ
ਸ਼ੈਲਰ ਐਸੋਸੀਏਸ਼ਨ ਮਾਛੀਵਾੜਾ ਸਾਹਿਬ ਦੀ ਮੀਟਿੰਗ ਪ੍ਰਧਾਨ ਰੁਪਿੰਦਰ ਸਿੰਘ ਬੈਨੀਪਾਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਬੈਨੀਪਾਲ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਦੁਕਾਨਦਾਰ ਹਾਈਬ੍ਰਿਡ ਝੋਨਾ ਵੇਚ ਰਹੇ ਹਨ ਜਦਕਿ ਸਰਕਾਰ ਵਲੋਂ ਇਸ ’ਤੇ ਪਾਬੰਦੀ ਲਗਾਈ ਹੋਈ ਹੈ। ਉਨ੍ਹਾਂ ਕਿਹਾ ਕਿ ਹਾਈਬ੍ਰਿਡ ਝੋਨਾ ਜਿਸ ’ਚੋਂ ਚੌਲ ਵੀ ਘੱਟ ਨਿਕਲਦਾ ਹੈ ਅਤੇ ਟੋਟੇ ਦੀ ਮਾਤਰਾ ਜ਼ਿਆਦਾ ਹੈ, ਜੋ ਸ਼ੈਲਰ ਉਦਯੋਗ ਲਈ ਬਹੁਤ ਹੀ ਨੁਕਸਾਨਦੇਹ ਹੈ। ਉਨ੍ਹਾਂ ਕਿਹਾ ਕਿ ਜੋ ਝੋਨੇ ਦੀਆਂ ਕਿਸਮਾਂ ਖੇਤੀਬਾੜੀ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਹਨ, ਕਿਸਾਨਾਂ ਉਨ੍ਹਾਂ ਦੀ ਹੀ ਬਿਜਾਈ ਕਰਨ ਅਤੇ ਜੇ ਕਿਸੇ ਨੇ ਹਾਈਬ੍ਰਿਡ ਝੋਨਾ ਬੀਜ ਕੇ ਸੀਜ਼ਨ ਦੌਰਾਨ ਮੰਡੀ ਵਿੱਚ ਵੇਚਣ ਲਈ ਲਿਆਂਦਾ ਤਾਂ ਉਸ ਨੂੰ ਸ਼ੈਲਰ ਮਾਲਕ ਨਹੀਂ ਚੁੱਕਣਗੇ। ਉਨ੍ਹਾਂ ਕਿਹਾ ਕਿ ਅੱਜ ਮੀਟਿੰਗ ਵਿਚ ਫੈਸਲਾ ਹੋਇਆ ਕਿ ਜਿਹੜਾ ਵੀ ਦੁਕਾਨਦਾਰ ਹਾਈਬ੍ਰਿਡ ਝੋਨਾ ਵੇਚੇਗਾ, ਉਸ ਖਿਲਾਫ਼ ਬਣਦੀ ਕਾਰਵਾਈ ਕਰਵਾਉਣ ਲਈ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਜਾਵੇਗੀ। ਮੀਟਿੰਗ ਵਿਚ ਹੁਸਨ ਲਾਲ ਮੜਕਨ, ਸੰਤੋਖ ਸਿੰਘ ਬਾਜਵਾ, ਸੰਤ ਰਾਮ, ਹਨੀ ਆਨੰਦ, ਅਜੈ ਗੋਇਲ, ਅਜੈ ਬਾਂਸਲ, ਸੰਦੀਪ ਸੂਦ, ਵਿੱਕੀ ਕੁੰਦਰਾ, ਅਭੈ ਗੋਇਲ, ਪੁਨੀਤ ਜੈਨ, ਸ਼ਾਮ ਲਾਲ ਜੈਨ, ਵਰੁਣ ਕੁਮਾਰ, ਰਾਕੇਸ਼ ਕੁਮਾਰ, ਦੀਪਕ ਬਾਂਸਲ, ਰਮਨਦੀਪ ਸੈਣੀ, ਬੌਬੀ ਖੋਸਲਾ ਵੀ ਮੌਜੂਦ ਸਨ।