ਪੀਏਯੂ ’ਚ ਬਦਲਦੇ ਪੌਣ ਪਾਣੀ ਬਾਰੇ ਸੈਮੀਨਾਰ ਸ਼ੁਰੂ
ਖੇਤਰੀ ਪ੍ਰਤੀਨਿਧ
ਲੁਧਿਆਣਾ, 17 ਮਾਰਚ
ਅੱਜ ਯੂਨੀਵਰਸਿਟੀ ਦੇ ਖੇਤੀ ਮੌਸਮ ਵਿਗਿਆਨ ਵਿਭਾਗ ਵੱਲੋਂ ਮੌਸਮ ਵਿਗਿਆਨੀਆਂ ਦੀ ਭਾਰਤੀ ਐਸੋਸੀਏਸ਼ਨ ਦੇ ਸਹਿਯੋਗ ਨਾਲ ਆਈ ਸੀਐੱਸਐੱਸਆਰ ਅਤੇ ਉੱਤਰ ਪੱਛਮੀ ਖੇਤਰੀ ਕੇਂਦਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਕਰਵਾਇਆ ਦੋ ਰੋਜ਼ਾ ਸੈਮੀਨਾਰ ਸ਼ੁਰੂ ਹੋ ਗਿਆ। ਇਹ ਸੈਮੀਨਾਰ ਬਦਲਦੇ ਪੌਣ-ਪਾਣੀ ਦੇ ਪ੍ਰਸੰਗ ਵਿੱਚ ਖੇਤੀ ਵਿਚ ਬਦਲਾਅ ਬਾਰੇ ਸਰਵ ਭਾਰਤੀ ਸਾਂਝੇ ਖੋਜ ਪ੍ਰਾਜੈਕਟ ਦੇ ਹਿੱਸੇ ਵਜੋਂ ਕਰਵਾਇਆ ਜਾ ਰਿਹਾ ਹੈ।
ਸੈਮੀਨਾਰ ਦੇ ਉਦਘਾਟਨੀ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪੀਏਯੂ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਅਤੇ ਵਿਸ਼ੇਸ਼ ਮਹਿਮਾਨ ਵਜੋਂ ਮੈਕਗਿਲ ਯੂਨੀਵਰਸਿਟੀ ਦੇ ਵਿਗਿਆਨੀ ਡਾ. ਜਸਵਿੰਦਰ ਸਿੰਘ, ਸਰਵ ਭਾਰਤੀ ਸਾਂਝੇ ਖੋਜ ਪ੍ਰਾਜੈਕਟ ਦੇ ਇੰਚਾਰਜ ਡਾ. ਸ਼ਾਤਨੂੰ ਕੁਮਾਰ, ਮੌਸਮ ਵਿਗਿਆਨੀਆਂ ਦੀ ਭਾਰਤੀ ਐਸੋਸੀਏਸ਼ਨ ਦੇ ਪ੍ਰਧਾਨ ਡਾ. ਕੇ ਕੇ ਸਿੰਘ ਅਤੇ ਪੰਤ ਨਗਰ ਖੇਤੀ ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ. ਏ ਐੱਸ ਨੈਨ ਤੋਂ ਇਲਾਵਾ ਖੇਤੀਬਾੜੀ ਕਾਲਜ ਦੇ ਡੀਨ ਡਾ. ਚਰਨਜੀਤ ਸਿੰਘ ਔਲਖ ਅਤੇ ਵਧੀਕ ਨਿਰਦੇਸ਼ਕ ਖੋਜ ਡਾ. ਗੁਰਜੀਤ ਸਿੰਘ ਮਾਂਗਟ ਪ੍ਰਧਾਨਗੀ ਮੰਡਲ ਵਿੱਚ ਮੌਜੂਦ ਸਨ।
ਡਾ. ਗੋਸਲ ਨੇ ਕਿਹਾ ਕਿ ਪੌਣ-ਪਾਣੀ ਦੀ ਤਬਦੀਲੀ ਇਕ ਵਿਸ਼ਵ ਵਿਆਪੀ ਹਕੀਕਤ ਹੈ ਅਤੇ ਇਸਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਡਾ. ਜਸਵਿੰਦਰ ਸਿੰਘ ਨੇ ਕਿਹਾ ਕਿ ਬਦਲਦਾ ਮੌਸਮ ਅਤੇ ਪੌਣਪਾਣੀ ਦਾ ਅਸਰ ਮਨੁੱਖੀ ਜੀਵਨ ਦੇ ਬਾਕੀ ਪੱਖਾਂ ਦੇ ਨਾਲ-ਨਾਲ ਖੇਤੀ ਉੱਪਰ ਵੀ ਝਲਕਣ ਲੱਗਾ ਹੈ। ਇਸ ਮਸਲੇ ਦੇ ਹੱਲ ਲਈ ਅੰਤਰ ਅਨੁਸ਼ਾਸਨੀ ਖੋਜ ਦੀ ਲੋੜ ਹੈ। ਡਾ. ਕੇ ਕੇ ਸਿੰਘ ਨੇ ਮੌਸਮ ਵਿਗਿਆਨੀਆਂ ਦੀ ਐਸੋਸੀਏਸ਼ਨ ਵੱਲੋਂ ਕੀਤੇ ਜਾ ਰਹੇ ਕਾਰਜਾਂ ਦਾ ਜ਼ਿਕਰ ਕਰਦਿਆਂ ਐਸੋਸੀਏਸ਼ਨ ਦੇ ਲੁਧਿਆਣਾ ਚੈਪਟਰ ਦੀਆਂ ਗਤੀਵਿਧੀਆਂ ਉੱਪਰ ਤਸੱਲੀ ਪ੍ਰਗਟ ਕੀਤੀ। ਡਾ. ਸ਼ਾਤਨੂੰ ਕੁਮਾਰ ਨੇ ਪ੍ਰਾਜੈਕਟ ਵੱਲੋਂ ਸਮਕਾਲੀ ਹਾਲਾਤ ਬਾਰੇ ਵਿਚਾਰ ਲਈ ਸੈਮੀਨਾਰ ਆਯੋਜਿਤ ਕਰਨ ਦੇ ਮੰਤਵ ਉੱਪਰ ਚਾਨਣਾ ਪਾਇਆ। ਡਾ. ਏਐੱਸ ਨੈਨ ਨੇ ਕਿਹਾ ਕਿ ਮੌਸਮੀ ਤਬਦੀਲੀ ਬਾਰੇ ਬਹੁਤ ਸਾਰੀਆਂ ਮਿੱਥਾਂ ਅਤੇ ਤੱਥ ਮੌਜੂਦ ਹਨ ਅਤੇ ਇਕ ਹਕੀਕਤ ਦੇ ਰੂਪ ਵਿੱਚ ਇਹ ਵਰਤਾਰਾ ਹੁਣ ਸਾਡੇ ਜੀਵਨ ਉੱਪਰ ਅਸਰਅੰਦਾਜ਼ ਹੋ ਰਿਹਾ ਹੈ। ਡਾ. ਗੁਰਜੀਤ ਸਿੰਘ ਮਾਂਗਟ ਨੇ ਕਿਹਾ ਕਿ ਵਧਦਾ ਤਾਪਮਾਨ ਮਨੁੱਖੀ ਜਨਜੀਵਨ ਉੱਪਰ ਪ੍ਰਭਾਵ ਪਾਉਣ ਦਾ ਮੁੱਖ ਕਾਰਕ ਹੈ। ਡਾ. ਚਰਨਜੀਤ ਸਿੰਘ ਔਲਖ ਨੇ ਵਾਤਾਵਰਨ ਦੀ ਸੰਭਾਲ ਅਤੇ ਜਾਗਰੂਕਤਾ ਲਈ ਵਿਦਿਅਕ ਸੰਸਥਾਵਾਂ ਦੇ ਯੋਗਦਾਨ ਬਾਰੇ ਗੱਲਬਾਤ ਕੀਤੀ। ਮੌਸਮ ਵਿਗਿਆਨ ਵਿਭਾਗ ਦੇ ਮੁਖੀ ਡਾ. ਪੀ ਕੇ ਕਿੰਗਰਾ ਨੇ ਸੈਮੀਨਾਰ ਦੀ ਰੂਪਰੇਖਾ ਉੱਪਰ ਚਾਨਣਾ ਪਾਇਆ। ਮੌਸਮ ਵਿਗਿਆਨੀ ਡਾ. ਹਰਲੀਨ ਕੌਰ ਨੇਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸਾਂਝੇ ਖੋਜ ਪ੍ਰਾਜੈਕਟ ਦਾ ਸਾਲਾਨਾ ਸੋਵੀਨਾਰ ਜਾਰੀ ਕੀਤਾ ਗਿਆ।