ਮਾਲਵੇ ’ਚ ਸਰ੍ਹੋਂ ਤੇ ਕਣਕ ਦੀ ਫ਼ਸਲ ’ਤੇ ਤੇਲੇ ਦਾ ਹਮਲਾ
ਜੋਗਿੰਦਰ ਸਿੰਘ ਮਾਨ
ਮਾਨਸਾ, 30 ਮਾਰਚ
ਮਾਲਵਾ ਪੱਟੀ ਵਿੱਚ ਕਈ ਦਿਨਾਂ ਤੋਂ ਮੌਸਮ ’ਚ ਬਦਲਾਅ ਕਾਰਨ ਹਾੜ੍ਹੀ ਦੀ ਮੁੱਖ ਫ਼ਸਲ ਕਣਕ ਤੇ ਸਰ੍ਹੋਂ ’ਤੇ ਤੇਲੇ ਦਾ ਹਮਲਾ ਹੋਣ ਦੇ ਮਾਮਲੇ ਸਾਹਮਣੇ ਆਉਣ ਲੱਗੇ ਹਨ, ਜਿਸ ਨੂੰ ਲੈਕੇ ਕਿਸਾਨਾਂ ਨੇ ਫ਼ਸਲ ਬਚਾਉਣ ਲਈ ਸਪਰੇਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਉਧਰ ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਤੇਲੇ ਦੇ ਹਮਲੇ ਤੋਂ ਨਾ ਘਬਰਾਉਣ ਅਤੇ ਇੱਕ-ਦੂਸਰੇ ਨੂੰ ਵੇਖ ਕੇ ਸਪਰੇਆਂ ਕਰਨ ਤੋਂ ਗੁਰੇਜ਼ ਕਰਨ ਦਾ ਸੱਦਾ ਦਿੱਤਾ ਹੈ। ਇਹ ਹਮਲਾ ਸਰ੍ਹੋਂ ਦੀ ਫ਼ਸਲ ’ਤੇ ਜ਼ਿਆਦਾ ਵੇਖਿਆ ਗਿਆ ਹੈ। ਤੇਲ ਦੇ ਭਾਅ ਵਧਣ ਕਾਰਨ ਮਾਲਵਾ ਖੇਤਰ ਵਿੱਚ ਸਰ੍ਹੋਂ ਦੀ ਫ਼ਸਲ ਨੂੰ ਵੱਡੇ ਪੱਧਰ ’ਤੇ ਬੀਜਿਆ ਗਿਆ ਹੈ।
ਇਸ ਖੇਤਰ ਦੇ ਖੇਤਾਂ ਵਿੱਚ ਸਰ੍ਹੋਂ ਸਮੇਤ ਕਣਕ ਦੀ ਫ਼ਸਲ ਉੱਤੇ ਤੇਲੇ ਦੇ ਹਮਲੇ ਬਾਰੇ ਜਿਉਂ ਹੀ ਮਾਮਲੇ ਖੇਤੀ ਮਾਹਿਰਾਂ ਦੇ ਧਿਆਨ ਵਿੱਚ ਆਏ ਤਾਂ ਉਨ੍ਹਾਂ ਇਸ ਗੱਲ ਨੂੰ ਗੰਭੀਰਤਾ ਨਾਲ ਲੈਂਦਿਆਂ ਬਾਕਇਦਾ ਰੂਪ ਵਿਚ ਇੱਕ ਸਰਵੇਖਣ ਕਰਵਾਇਆ, ਜਿਸ ਤੋਂ ਪਤਾ ਲੱਗਿਆ ਹੈ ਕਿ ਭਾਵੇਂ ਕਿਸਾਨ ਸਪਰੇਆਂ ਕਰਨ ਲੱਗੇ ਹਨ, ਪਰ ਇਸ ਤੋਂ ਕਿਸਾਨਾਂ ਨੂੰ ਘਬਰਾਉਣ ਦੀ ਬਿਲਕੁਲ ਜ਼ਰੂਰਤ ਨਹੀਂ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕੇਂਦਰੀ ਖੋਜ ਕੇਂਦਰ ਬਠਿੰਡਾ ਸਥਿਤ ਮਾਹਿਰ ਡਾ. ਜੀਐੱਮ ਰੋਮਾਣਾ ਨੇ ਦੱਸਿਆ ਕਿ ਕਿਸਾਨਾਂ ਨੂੰ ਖੇਤਾਂ ਦਾ ਨਿਰੀਖਣ ਕਰਨ ਤੋਂ ਪਿੱਛੋਂ ਹੀ ਸਪਰੇਆਂ ਕਰਨੀਆਂ ਚਾਹੀਦੀਆਂ ਹਨ। ਉਨ੍ਹਾਂ ਮੰਨਿਆ ਕਿ ਤੇਲੇ ਦੇ ਹਮਲੇ ਕਾਰਨ ਫ਼ਸਲਾਂ ਦੇ ਪੱਤੇ ਪੀਲੇ ਪੈ ਜਾਂਦੇ ਹਨ, ਜੋ ਅਜੇ ਤੱਕ ਮੁੱਖ ਰੂਪ ’ਚ ਕਿਧਰੇ ਵੀ ਵਿਖਾਈ ਨਹੀਂ ਦਿੱਤੇ ਹਨ। ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਖੇਤਾਂ ਵਿੱਚ ਜਾਕੇ, ਖੇਤ ਨੂੰ ਚਾਰ ਹਿੱਸਿਆਂ ਵਿੱਚ ਵੰਡ ਕੇ ਉਨ੍ਹਾਂ ਵਿਚੋਂ 10-10 ਸਿੱਟਿਆਂ ਨੂੰ ਚੁਣਨ ਅਤੇ ਉਨ੍ਹਾਂ ਦਾ ਸਰਵੇਖਣ ਕਰਨ ਅਤੇ ਜੇ 5 ਤੇਲੇ ਪ੍ਰਤੀ ਸਿੱਟਾ (ਬੱਲੀ) ਦਿਖਾਈ ਦੇਣ ਤਾਂ ਹੀ ਸਪਰੇਆਂ ਕਰਨ ਵੈਸੇ ਕੋਈ ਜ਼ਰੂਰਤ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਤੇਲੇ ਦਾ ਹਮਲਾ, ਪਹਿਲਾਂ ਖੇਤ ਦੇ ਬਾਹਰਲੇ ਹਿੱਸਿਆਂ ਤੋਂ ਹੁੰਦਾ ਹੈ, ਇਸ ਲਈ ਛਿੜਕਾਅ ਸਿਰਫ਼ ਅਜਿਹੇ ਹਮਲੇ ਵਾਲੇ ਹਿੱਸੇ ਤੋਂ ਹੀ ਕਰੋ ਤਾਂ ਕਿ ਤੇਲੇ ਦਾ ਹਮਲਾ ਅੱਗੇ ਫੈਲਣ ਤੋਂ ਰੋਕਿਆ ਜਾ ਸਕੇ।