ਸਫ਼ਲਤਾ ਦੀ ਪੌੜੀ
ਬਾਲ ਕਹਾਣੀ

ਦਰਸ਼ਨ ਸਿੰਘ ਆਸ਼ਟ (ਡਾ.)
ਸਾਲਾਨਾ ਪ੍ਰੀਖਿਆ ਕੁਝ ਦਿਨਾਂ ਤੱਕ ਸ਼ੁਰੂ ਹੋਣੀ ਸੀ, ਪਰ ਮਨਵੀਰ ਨੂੰ ਕੋਈ ਚਿੰਤਾ ਨਹੀਂ ਸੀ। ਉਹ ਇਨ੍ਹਾਂ ਦਿਨਾਂ ਵਿੱਚ ਛੱਤ ’ਤੇ ਘੰਟਿਆਂ ਬੱਧੀ ਪਤੰਗ ਉਡਾਉਂਦਾ ਰਹਿੰਦਾ। ਮੋਬਾਈਲ ਵਿੱਚ ਉਲਝਿਆ ਰਹਿੰਦਾ। ਨਹੀਂ ਤਾਂ ਫਿਰ ਬਾਹਰ ਘੁੰਮਦਾ ਰਹਿੰਦਾ।
ਮਨਵੀਰ ਦੇ ਡੈਡੀ ਦਿਹਾੜੀਦਾਰ ਸਨ। ਉਹ ਸਵੇਰ ਹੁੰਦਿਆਂ ਹੀ ਮਜ਼ਦੂਰ ਚੌਕ ਵਿੱਚ ਚਲੇ ਜਾਂਦੇ ਤੇ ਸ਼ਾਮ ਨੂੰ ਹੀ ਘਰ ਪਰਤਦੇ। ਉਹ ਕਈ ਵਾਰੀ ਮਨਵੀਰ ਨੂੰ ਟੋਕ ਚੁੱਕੇ ਸਨ, ‘‘ਮਨਵੀਰ, ਮੈਨੂੰ ਤੇਰੇ ਪਾਸ ਹੋਣ ਦੇ ਲੱਛਣ ਨਹੀਂ ਦੀਂਹਦੇ।’’
‘‘ਡੈਡੀ, ਤੁਸੀਂ ਦੇਖਿਓ ਤਾਂ ਸਹੀ, ਫੱਟੇ ਚੱਕ ਦਿਆਂਗਾ ਫੱਟੇ...।’’ ਮਨਵੀਰ ਦਾ ਘੜਿਆ ਘੜਾਇਆ ਜਵਾਬ ਸੁਣ ਕੇ ਉਸ ਦੇ ਡੈਡੀ ਬੋਲਦੇ, ‘‘ਅੱਛਾ ਜੀ?’’
ਅਸਲ ਵਿੱਚ ਮਨਵੀਰ ਕੁਝ ਹੋਰ ਵਿਉਂਤ ਬਣਾ ਰਿਹਾ ਸੀ। ਆਖ਼ਿਰ ਪ੍ਰੀਖਿਆ ਵਿੱਚ ਕੇਵਲ ਇੱਕ ਦਿਨ ਹੀ ਬਾਕੀ ਰਹਿ ਗਿਆ। ਪਹਿਲਾ ਪੇਪਰ ਹਿਸਾਬ ਦਾ ਸੀ।
ਉਹ ਅਹਿਮ ਸਵਾਲਾਂ ਨੂੰ ਵਾਚਣ ਲੱਗਾ। ਉਸ ਦੀ ਨਜ਼ਰ ਪਹਿਲੇ ਹੀ ਸਵਾਲ ’ਤੇ ਪਈ। ਇਹ ਇੱਕ ਉਦਾਹਰਨ ਸੀ। ਮਨਵੀਰ ਬੋਲ ਕੇ ਪੜ੍ਹਨ ਲੱਗਾ, ‘‘ਜੇ ਐਨੇ ਬੰਦੇ, ਇੱਕ ਕੰਮ ਨੂੰ ਐਨੇ ਦਿਨਾਂ ਵਿੱਚ ਕਰ ਸਕਦੇ ਹਨ ਤਾਂ ਐਨੇ ਬੰਦੇ ਉਸੇ ਕੰਮ ਨੂੰ ਕਿੰਨੇ ਦਿਨਾਂ ਵਿੱਚ ਕਰਨਗੇ?’’
ਮਨਵੀਰ ਮਨ ਹੀ ਮਨ ਹੱਸਿਆ, ‘‘ਇਹ ਤਾਂ ਪਤਾ ਨਹੀਂ, ਪਰ ਮੈਂ ਤਾਂ ਇੱਕ ਕੰਮ ਨੂੰ ਕੇਵਲ ਦੋ ਸਕਿੰਟਾਂ ਵਿੱਚ ਹੀ ਕਰ ਦਿੰਦਾ ਹਾਂ। ਏ...ਆਹ ਲਓ...।’’ ਇਹ ਆਖ ਕੇ ਉਸ ਨੇ ਹਿਸਾਬ ਦੀ ਪੁਸਤਕ ਵਿੱਚ ਹੱਲ ਕੀਤੇ ਸਵਾਲ ਵਾਲਾ ਪੰਨਾ ਫਾੜਿਆ। ਫਿਰ ਉਸ ਦੀਆਂ ਪੰਜ ਛੇ ਤਹਿਆਂ ਬਣਾ ਕੇ ਪਰਚੀ ਬਣਾ ਲਈ। ਇਸ ਤਰ੍ਹਾਂ ਉਸ ਨੇ ਹਿਸਾਬ ਦੇ ਵੀਹ-ਬਾਈ ਪੰਨੇ ਫਾੜ ਕੇ ਉਨ੍ਹਾਂ ਦੀਆਂ ਅਨੇਕ ਤਹਿਆਂ ਕਰਕੇ ਨਿੱਕੀਆਂ ਨਿੱਕੀਆਂ ਪਰਚੀਆਂ ਬਣਾ ਲਈਆਂ। ਇਨ੍ਹਾਂ ਪਰਚੀਆਂ ਨੂੰ ਉਸ ਨੇ ਕੱਲ੍ਹ ਸਕੂਲੇ ਜਾਣ ਸਮੇਂ ਪਾਉਣ ਵਾਲੀਆਂ ਜ਼ੁਰਾਬਾਂ ਵਿੱਚ ਪਾ ਦਿੱਤਾ।
ਅਗਲੇ ਦਿਨ ਉਹ ਸਵੇਰ ਸਾਰ ਪ੍ਰੀਖਿਆ ਵਾਲੇ ਕਮਰੇ ਵਿੱਚ ਜਾ ਬੈਠਿਆ। ਪ੍ਰਸ਼ਨ ਪੱਤਰ ਉਸ ਦੇ ਹੱਥ ਵਿੱਚ ਆਇਆ। ਜਿਉਂ-ਜਿਉਂ ਉਹ ਇੱਕ ਇੱਕ ਕਰਕੇ ਸਵਾਲ ਪੜ੍ਹਨ ਲੱਗਾ, ਤਿਉਂ-ਤਿਉਂ ਉਸ ਨੂੰ ਤ੍ਰੇਲੀਆਂ ਛੁੱਟਣ ਲੱਗੀਆਂ। ਉਸ ਨੇ ਮੱਥੇ ’ਤੇ ਹੱਥ ਮਾਰਿਆ, ‘‘ਮਾਰੇ ਗਏ।’’
ਜਿੰਨੀਆਂ ਉਹ ਪਰਚੀਆਂ ਲੈ ਕੇ ਆਇਆ ਸੀ, ਉਨ੍ਹਾਂ ਵਿੱਚੋਂ ਤਾਂ ਕੇਵਲ ਤਿੰਨ ਕੁ ਹੀ ਸਵਾਲ ਮਸਾਂ ਆਏ ਸਨ। ਮਨਵੀਰ ਇੱਧਰ ਉੱਧਰ ਬਿਟਰ ਬਿਟਰ ਤੱਕ ਰਿਹਾ ਸੀ। ਉਸ ਨੇ ਆਪਣੇ ਅੱਗੇ ਬੈਠੇ ਜਮਾਤੀ ਜਸ਼ਨ ਨੂੰ ਹੌਲੀ ਜਿਹੀ ਕੁਝ ਕਿਹਾ, ਪਰ ਉਸ ਨੇ ਉਸ ਦੀ ਇੱਕ ਨਾ ਸੁਣੀ। ਪਿੱਛੇ ਬੈਠਾ ਰਾਹੁਲ ਵੀ ਆਪਣਾ ਪ੍ਰਸ਼ਨ ਪੱਤਰ ਹੱਲ ਕਰਨ ਵਿੱਚ ਲੱਗਿਆ ਰਿਹਾ। ਜਦੋਂ ਡਿਊਟੀ ਦੇ ਰਹੇ ਅਧਿਆਪਕ ਉਸ ਕੋਲੋਂ ਲੰਘਦੇ ਤਾਂ ਉਹ ਉੱਤਰ ਕਾਪੀ ’ਤੇ ਕੁਝ ਲਿਖਣ ਦਾ ਡਰਾਮਾ ਕਰਦਾ।
ਮਨਵੀਰ ਨੇ ਪਿੱਛੇ ਮੁੜ ਕੇ ਵੇਖਿਆ, ਡਿਊਟੀ ਵਾਲੇ ਸਰ ਦੀ ਉਸ ਵੱਲ ਪਿੱਠ ਸੀ। ਉਸ ਨੇ ਹੌਲੀ ਜਿਹੀ ਖੱਬਾ ਪੈਰ ਉੱਪਰ ਕੀਤਾ। ਤਸਮਾ ਖੋਲ੍ਹਿਆ। ਬੂਟ ਕੱਢ ਦਿੱਤਾ, ਜਿਵੇਂ ਉਸ ਨੂੰ ਗਰਮੀ ਲੱਗ ਰਹੀ ਹੋਵੇ। ਅਗਲੀ ਵਾਰੀ ਫਿਰ ਜਦੋਂ ਡਿਊਟੀ ਵਾਲੇ ਸਰ ਪਿੱਛੇ ਗਏ ਤਾਂ ਉਸ ਨੇ ਅੱਖ ਬਚਾ ਕੇ ਜ਼ੁਰਾਬ ਵਿੱਚੋਂ ਇੱਕ ਪਰਚੀ ਕੱਢ ਲਈ। ਉਸ ਨੇ ਪਰਚੀ ਖੋਲ੍ਹੀ। ਇਹ ਕਿਸੇ ਹੋਰ ਸਵਾਲ ਦੀ ਪਰਚੀ ਸੀ, ਜੋ ਆਇਆ ਹੀ ਨਹੀਂ ਸੀ।
ਮਨਵੀਰ ਨੇ ਮੱਥੇ ’ਤੇ ਹੱਥ ਰੱਖ ਲਿਆ। ਫਿਰ ਉਸ ਨੇ ਉਹ ਪਰਚੀ ਅਗਲੇ ਵਿਦਿਆਰਥੀ ਦੇ ਬੈਂਚ ਹੇਠਾਂ ਸੁੱਟ ਦਿੱਤੀ।
ਡਿਊਟੀ ਵਾਲੇ ਸਰ ਪਿੱਛੇ ਖੜ੍ਹੇ ਸਨ। ਉਹ ਮਨਵੀਰ ਦੀ ਹਰਕਤ ਨੂੰ ਮਹਿਸੂਸ ਕਰ ਰਹੇ ਸਨ। ਉਹ ਫਿਰ ਅੱਗੇ ਰੱਖੀ ਕੁਰਸੀ ’ਤੇ ਜਾ ਬੈਠੇ। ਥੋੜ੍ਹੀ ਦੇਰ ਬਾਅਦ ਜਦੋਂ ਉਹ ਫਿਰ ਹੌਲੀ-ਹੌਲੀ ਪਿੱਛੇ ਜਾਣ ਲੱਗੇ ਤਾਂ ਮਨਵੀਰ ਨੇ ਅਗਲੀ ਪਰਚੀ ਕੱਢੀ। ਕੁਦਰਤੀ ਇਹ ਸਵਾਲ ਉਸ ਨੂੰ ਆਇਆ ਸੀ। ਉਸ ਦੇ ਦਿਲ ਦੀ ਧੜਕਣ ਵਧਣ ਲੱਗੀ। ਉਸ ਨੇ ਪਰਚੀ ਆਪਣੇ ਪ੍ਰਸ਼ਨ-ਪੱਤਰ ਹੇਠਾਂ ਛੁਪਾ ਲਈ। ਡਿਊਟੀ ਦੇਣ ਵਾਲੇ ਸਰ ਸਖ਼ਤ ਸਨ। ਉਹ ਮਨਵੀਰ ਕੋਲ ਆਏ। ਉਸ ਦਾ ਪ੍ਰਸ਼ਨ ਪੱਤਰ ਚੁੱਕਿਆ ਤੇ ਹੇਠੋਂ ਪਰਚੀ ਚੁੱਕ ਲਈ। ‘‘ਖੜ੍ਹਾ ਹੋ...।’’ ਉਨ੍ਹਾਂ ਉਸ ਦੀ ਤਲਾਸ਼ੀ ਲਈ ਤਾਂ ਦੋਵਾਂ ਜ਼ੁਰਾਬਾਂ ਵਿੱਚੋਂ ਸਾਰੀਆਂ ਪਰਚੀਆਂ ਕੱਢ ਲਈਆਂ।
‘‘ਬੜੀ ਮਿਹਨਤ ਕਰਕੇ ਲਿਆਇਐਂ ਬਈ...। ਕਮਾਲ ਏ...। ਲਿਆ ਪੇਪਰ ਤੇ ਜਾਹ ਘਰ।’’ ਉਨ੍ਹਾਂ ਨੇ ਮਨਵੀਰ ਦਾ ਪੇਪਰ ਖੋਹ ਲਿਆ।
ਮਨਵੀਰ ਦਾ ਰੰਗ ਉੱਡ ਗਿਆ, ਪਰ ਕੀ ਕਰ ਸਕਦਾ ਸੀ? ਅਗਲੇ ਦਿਨ ਸਾਇੰਸ ਦਾ ਪੇਪਰ ਸੀ। ਉਸ ਦਿਨ ਪਹਿਲੇ ਅਧਿਆਪਕ ਦੀ ਥਾਂ ਇੱਕ ਮੈਡਮ ਦੀ ਡਿਊਟੀ ਲੱਗੀ। ਮੈਡਮ ਨੇ ਵੀ ਉਸ ਦੀਆਂ ਪਰਚੀਆਂ ਫੜ ਲਈਆਂ ਤੇ ਕਿਹਾ, ‘‘ਜਾਹ, ਆਖ਼ਰੀ ਬੈਂਚ ’ਤੇ ਜਾ ਕੇ ਬੈਠ।’’ ਮਨਵੀਰ ਤਰਲੇ ਜਿਹੇ ਲੈਂਦਾ ਰਿਹਾ। ਜਦੋਂ ਪੇਪਰ ਖ਼ਤਮ ਹੋਇਆ ਤਾਂ ਉਸ ਨੇ ਕੇਵਲ ਤਿੰਨ ਕੁ ਪੰਨੇ ਭਰੇ ਸਨ। ਉੱਤਰ ਕਾਹਦੇ ਸਨ? ਇੱਧਰ ਉੱਧਰ ਦੀਆਂ ਗੱਲਾਂ ਸਨ।
ਜਦੋਂ ਨਤੀਜਾ ਆਇਆ ਤਾਂ ਉਹ ਰੋ ਰਿਹਾ ਸੀ। ਰੋਂਦਾ ਹੋਇਆ ਉਹ ਘਰ ਆਇਆ। ਉਸ ਨੇ ਸਭ ਤੋਂ ਪਹਿਲਾਂ ਹਿਸਾਬ ਦੀ ਪੁਸਤਕ ਚੁੱਕੀ। ਉਹ ਪੁਸਤਕ ਦਾ ਇੱਕ ਇੱਕ ਕਰਕੇ ਪੰਨਾ ਫਾੜਨ ਲੱਗਾ। ਪਹਿਲਾ ਪੰਨਾ ਫਾੜਦਾ ਹੋਇਆ ਕਹਿਣ ਲੱਗਾ, ‘‘ਹਿਸਾਬ, ਤੂੰ ਮੈਨੂੰ ਪਹਿਲੇ ਹੀ ਦਿਨ ਧੋਖਾ ਦਿੱਤਾ...। ਤੇਰੀ ਥਾਂ ਹੁਣ ਚੁੱਲ੍ਹੇ ਵਿੱਚ ਏ...।’’
ਅਜੇ ਮਨਵੀਰ ਨੇ ਪਹਿਲਾ ਪੰਨਾ ਹੀ ਫਾੜਿਆ ਸੀ ਕਿ ਉਸ ਨੂੰ ਪਿੱਛੋਂ ਆਵਾਜ਼ ਆਈ, ‘‘ਨਹੀਂ ਮਨਵੀਰ ਬੇਟੇ, ਤੈਨੂੰ ਤੇਰੀ ਕਿਸੇ ਪੁਸਤਕ ਨੇ ਧੋਖਾ ਨਹੀਂ ਦਿੱਤਾ। ਧੋਖਾ ਤਾਂ ਤੂੰ ਇਨ੍ਹਾਂ ਨੂੰ ਦਿੱਤਾ ਹੈ। ਇਨ੍ਹਾਂ ਦੇ ਪੰਨੇ ਫਾੜ ਕੇ, ਪਰਚੀਆਂ ਬਣਾ ਕੇ। ਇਹ ਤਾਂ ਤੇਰੀਆਂ ਸੱਚੀਆਂ ਸੁੱਚੀਆਂ ਸਾਥੀ ਹਨ। ਇਨ੍ਹਾਂ ਨੇ ਤਾਂ ਤੈਨੂੰ ਹਨੇਰੇ ਕੋਨੇ ਤੋਂ ਚਾਨਣ ਵੱਲ ਲਿਜਾਣਾ ਏ। ਇਹ ਧੋਖੇਬਾਜ਼ ਨਹੀਂ, ਧੋਖੇਬਾਜ਼ ਤੂੰ ਏਂ, ਜਿਨ੍ਹਾਂ ਨੇ ਆਪਣੀਆਂ ਪੁਸਤਕਾਂ ਦੀ ਅਸਲੀ ਕੀਮਤ ਨਾ ਸਮਝ ਕੇ ਆਪਣਾ ਕੀਮਤੀ ਸਮਾਂ ਨਸ਼ਟ ਕੀਤਾ। ਮੈਨੂੰ ਹੁਣ ਤੱਕ ਪਛਤਾਵਾ ਏ ਬਈ ਜੇ ਮੈਂ ਪੜ੍ਹ ਲੈਂਦਾ ਤਾਂ...?’’
ਮਨਵੀਰ ਨੇ ਇਕਦਮ ਪਿੱਛੇ ਮੁੜ ਕੇ ਵੇਖਿਆ, ਉਸ ਦੇ ਡੈਡੀ ਸਨ। ਅੱਜ ਉਨ੍ਹਾਂ ਨੂੰ ਕੰਮ ਨਹੀਂ ਸੀ ਮਿਲਿਆ, ਇਸ ਕਰਕੇ ਉਹ ਘਰ ਹੀ ਸਨ।
ਉਹ ਮਨਵੀਰ ਨੂੰ ਕਹਿਣ ਲੱਗੇ, ‘‘ਮੈਂ ਤੈਨੂੰ ਕਿਹਾ ਸੀ ਨਾ ਮਨਵੀਰ ਕਿ ਇਸ ਵਾਰੀ ਤੇਰੇ ਪਾਸ ਹੋਣ ਦੇ ਲੱਛਣ ਨਹੀਂ ਲੱਗਦੇ। ਹੁਣ ਤੈਨੂੰ ਪੜ੍ਹਾਉਣ ਦਾ ਕੋਈ ਫਾਇਦਾ ਨਹੀਂ। ਮੇਰੇ ਨਾਲ ਕੰਮ ’ਤੇ ਚੱਲਿਆ ਕਰ। ਥੋੜ੍ਹਾ ਬਹੁਤ ਤਾਂ ਹੱਥ ਵਟਾਇਆ ਈ ਕਰੇਂਗਾ।’’
ਮਨਵੀਰ ਨੇ ਵੇਖਿਆ, ਉਸ ਦੇ ਮੰਮੀ ਵੀ ਆ ਗਏ ਸਨ। ਉਨ੍ਹਾਂ ਦੀਆਂ ਅੱਖਾਂ ਵਿੱਚ ਹੰਝੂ ਸਨ। ਉਹ ਮਨਵੀਰ ਦੇ ਡੈਡੀ ਨੂੰ ਕਹਿਣ ਲੱਗੇ, ‘‘ਇਹ ਤਾਂ ਮੈਂ ਵੀ ਇਹਨੂੰ ਸਮਝਾਉਂਦੀ ਰਹੀ ਹਾਂ, ਪਰ ਕੀ ਆਪਾਂ ...?’’
ਮਨਵੀਰ ਦੇ ਡੈਡੀ ਚੁੱਪ ਕਰ ਗਏ। ਮਨਵੀਰ ਨੂੰ ਸਾਰੀ ਰਾਤ ਨੀਂਦ ਨਾ ਆਈ। ਸਵੇਰੇ ਸਵੇਰੇ ਮਨਵੀਰ ਮੰਮੀ ਨੂੰ ਕਹਿਣ ਲੱਗਾ, ‘‘ਮੰਮੀ, ਕੀ ਮੈਨੂੰ ਇੱਕ ਮੌਕਾ ਹੋਰ ਦਿਵਾ ਸਕਦੇ ਓ ਡੈਡੀ ਕੋਲੋਂ?’’
ਮਨਵੀਰ ਦੇ ਮੰਮੀ ਨੇ ਉਸ ਦੇ ਡੈਡੀ ਨਾਲ ਗੱਲ ਕੀਤੀ। ਮਨਵੀਰ ਮੁੜ ਸਕੂਲ ਦਾਖਲ ਹੋ ਗਿਆ। ਮਨਵੀਰ ਨੇ ਇੱਕ ਕਾਪੀ ਵਿੱਚ ਲਿਖਿਆ, ‘‘ਹੇ ਮੇਰੀਓ ਪੁਸਤਕੋ ਤੇ ਕਾਪੀਓ, ਕੀ ਤੁਸੀਂ ਮੈਨੂੰ ਮੁਆਫ਼ ਕਰ ਸਕਦੀਆਂ ਹੋ?’’ ਉਸ ਨੂੰ ਜਾਪਿਆ, ਜਿਵੇਂ ਸਾਰੀਆਂ ਕਾਪੀਆਂ ਕਿਤਾਬਾਂ ਉਸ ਨਾਲ ਨਾਰਾਜ਼ ਸਨ।
ਮਨਵੀਰ ਨੇ ਟਾਈਮ ਟੇਬਲ ਬਣਾਇਆ। ਉਸ ਨੇ ਪੜ੍ਹਨ ਵਿੱਚ ਦਿਨ ਰਾਤ ਇੱਕ ਕਰ ਦਿੱਤਾ। ਖੇਡਣ ਦੇ ਸਮੇਂ ਖੇਡਦਾ ਵੀ। ਇੱਕ ਦੋ ਮਹੀਨਿਆਂ ਬਾਅਦ ਜਦੋਂ ਰੋਜ਼ ਵਾਂਗ ਇੱਕ ਰਾਤ ਮਨਵੀਰ ਬਹਿ ਕੇ ਆਪਣੀ ਪੜ੍ਹਾਈ ਵਿੱਚ ਮਗਨ ਸੀ ਤਾਂ ਉਸ ਦੇ ਡੈਡੀ ਨੇ ਉਸ ਦੇ ਮੰਮੀ ਦੇ ਕੰਨ ਵਿੱਚ ਕਿਹਾ, ‘‘ਮੈਂ ਪਿਛਲੇ ਸਾਲ ਇਸ ਨੂੰ ਕਿਹਾ ਸੀ ਕਿ ਇਸ ਦੇ ਪਾਸ ਹੋਣ ਦੇ ਲੱਛਣ ਨਹੀਂ ਲੱਗਦੇ।’’
‘‘ਤੇ ਹੁਣ?’’ ਮਨਵੀਰ ਦੇ ਮੰਮੀ ਨੇ ਪੁੱਛਿਆ।
‘‘ਹੁਣ ਮੈਂ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਇਹਦੀ ਮਿਹਨਤ ਤੇ ਲਗਨ ਰੰਗ ਲਿਆਏਗੀ। ਇਸ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋ ਗਿਆ ਏ।’’
ਛਿਮਾਹੀ ਪੇਪਰਾਂ ਬਾਅਦ ਮਨਵੀਰ ਨੇ ਮਹਿਸੂਸ ਕੀਤਾ ਜਿਵੇਂ ਉਸ ਦੇ ਬਸਤੇ ਵਿੱਚੋਂ ਆਵਾਜ਼ ਆ ਰਹੀ ਹੋਵੇ, ‘‘ਮਨਵੀਰ, ਅਸੀਂ ਤੈਨੂੰ ਮੁਆਫ਼ ਕਰ ਦਿੱਤਾ ਏ।’’
ਇਸ ਵਾਰੀ ਫਿਰ ਜਦੋਂ ਸਾਲਾਨਾ ਪ੍ਰੀਖਿਆ ਦਾ ਪਹਿਲਾ ਦਿਨ ਆਇਆ, ਮਨਵੀਰ ਹੁਸ਼ਿਆਰ ਵਿਦਿਆਰਥੀਆਂ ਵਾਂਗ ਹਿਸਾਬ ਦਾ ਪੇਪਰ ਹੱਲ ਕਰਨ ਵਿੱਚ ਜੁਟਿਆ ਹੋਇਆ ਸੀ।
ਨਤੀਜਾ ਆਇਆ। ਇਸ ਸਾਲ ਸਕੂਲ ਦੇ ਵਿਕਟਰੀ-ਸਟੈਂਡ ’ਤੇ ਜਿਹੜਾ ਵਿਦਿਆਰਥੀ ਤੀਜੇ ਨੰਬਰ ’ਤੇ ਖੜ੍ਹਾ ਸੀ, ਉਹ ਮਨਵੀਰ ਹੀ ਸੀ।
ਸੰਪਰਕ: 98144-23703