ਸਤਨਾਮ ਸ਼ੋਕਰ ਤੇ ਪਰਦੀਪ ਸਿੰਘ ਨੂੰ ‘ਪਾਠਕ ਪੁਰਸਕਾਰ’ ਪ੍ਰਦਾਨ
ਪੱਤਰ ਪ੍ਰੇਰਕ
ਜਲੰਧਰ, 31 ਮਾਰਚ
ਆਦਾਰਾ ‘ਕਹਾਣੀ ਧਾਰਾ’ ਤੇ ਪੰਜਾਬੀ ਸਾਹਿਤਕ ਸੱਭਿਆਚਾਰਕ ਵਿਚਾਰ ਮੰਚ, ਸਰੀ ਵੱਲੋਂ ਵਿਰਸਾ ਵਿਹਾਰ ਜਲੰਧਰ ਵਿੱਚ ਸਤਨਾਮ ਸਿੰਘ ਸ਼ੋਕਰ ਤੇ ਪਰਦੀਪ ਸਿੰਘ ਨੂੰ ਨਕਦ ਰਾਸ਼ੀ, ਸਨਮਾਨ ਪੱਤਰ ਤੇ ਛੇ ਹਜ਼ਾਰ ਦੀਆਂ ਕਿਤਾਬਾਂ ਨਾਲ ‘ਪਾਠਕ ਪੁਰਸਕਾਰ’ ਦੇ ਕੇ ਸਨਮਾਨਤ ਕੀਤਾ ਗਿਆ। ਸਮਾਗਮ ਦੇ ਸ਼ੁਰੂ ਵਿੱਚ ਪੁਰਸਕਾਰ ਦੇ ਸੰਚਾਲਕ ਅਮਰਜੀਤ ਚਾਹਲ ਤੇ ਸਰਬਜੀਤ ਹੁੰਦਲ ਨੇ ਕਿਹਾ,‘ਅਸੀਂ ਪੰਜਾਬ ਸਾਹਿਤ ਦੇ ਪਾਠਕ ਪੈਦਾ ਕਰਨ ਤੇ ਲੇਖਕ ਪਾਠਕ ਦਾ ਰਿਸ਼ਤਾ ਹੋਰ ਪੀਡਾ ਕਰਨ ਲਈ ਇਹ ਪੁਰਸਕਾਰ ਸ਼ੁਰੂ ਕੀਤਾ ਹੈ।’ ਸਤਨਾਮ ਸ਼ੋਕਰ ਨੇ ਕਿਹਾ ਕਿ ਕਿਤਾਬਾਂ ਹੀ ਪਾਠਕ ਨੂੰ ਚੰਗਾ ਮਨੁੱਖ ਬਣਾਉਂਦੀਆਂ ਹਨ। ਪਰਦੀਪ ਸਿੰਘ ਨੇ ਕਿਹਾ ਕਿ ਲੇਖਕ ਇਨਕਲਾਬ ਦਾ ਮੁੱਢ ਬੰਨ੍ਹਦੇ ਹਨ।
‘ਪੁਸਤਕ ਸੱਭਿਆਚਾਰ ਤੇ ਪੜ੍ਹਨ ਰੁਚੀ ਦਾ ਰੁਝਾਨ’ ’ਤੇ ਡਾ. ਬਲਦੇਵ ਸਿੰਘ ’ਬੱਦਨ’ ਤੇ ਪ੍ਰੋ. ਸੁਰਜੀਤ ਜੱਜ ਨੇ ਵਿਸ਼ੇਸ਼ ਭਾਸ਼ਣ ਦਿੱਤੇ। ਪੁਰਸਕਾਰ ਕਨਵੀਨਰ ਤੇ ਮੰਚ ਸੰਚਾਲਕ ਭਗਵੰਤ ਰਸੂਲਪੁਰੀ ਨੇ ‘ਪਾਠਕ ਪੁਰਸਕਾਰ’ ਦੀ ਚੋਣ ਵਿਧੀ ਉਨ੍ਹਾਂ ਦੇ ਨਿਯਮ ਤੇ ਸ਼ਰਤਾਂ ਬਾਰੇ ਦੱਸਿਆ ਅਤੇ ਦੋ ਸਨਮਾਨਤ ਪਾਠਕਾਂ ਬਾਰੇ ਜਾਣਕਾਰੀ ਦਿੱਤੀ।