ਵੱਧ ਪਰਚੀ ਕੱਟਣ ਦਾ ਮਾਮਲਾ: ਚੇਅਰਮੈਨ ਵੱਲੋਂ ਠੇਕੇਦਾਰ ਨੂੰ ਚਿਤਾਵਨੀ
ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 3 ਅਪਰੈਲ
ਪਿਛਲੇ ਕੁਝ ਦਿਨਾਂ ਤੋਂ ਰਾਜਪੁਰਾ ਦੀ ਥੋਕ ਸਬਜ਼ੀ ਮੰਡੀ ਵਿੱਚ ਠੇਕੇਦਾਰ ਵੱਲੋਂ ਪੰਜਾਬ ਮੰਡੀ ਬੋਰਡ ਅਤੇ ਮਾਰਕੀਟ ਕਮੇਟੀ ਰਾਜਪੁਰਾ ਵੱਲੋਂ ਤੈਅ ਕੀਤੇ ਰੇਟਾਂ ਤੋਂ ਵੱਧ ਦੀ ਕੱਟੀ ਜਾ ਰਹੀ ਪਰਚੀ ਦਾ ਮਾਮਲਾ ਧਿਆਨ ਵਿੱਚ ਆਉਂਦਿਆਂ ਮੰਡੀ ਦੇ ਨਵ-ਨਿਯੁਕਤ ਚੇਅਰਮੈਨ ਦੀਪਕ ਸੂਦ ਐਕਸ਼ਨ ਮੋਡ ਵਿੱਚ ਆ ਗਏ, ਉਨ੍ਹਾਂ ਨੇ ਵਿਭਾਗ ਨੂੰ ਠੇਕੇਦਾਰ ਖ਼ਿਲਾਫ਼ ਢੁਕਵੀਂ ਕਾਰਵਾਈ ਲਈ ਲਿਖਦਿਆਂ ਠੇਕੇਦਾਰ ਨੂੰ ਤਾੜਨਾ ਕੀਤੀ ਕਿ ਜੇ ਭਵਿੱਖ ਵਿਚ ਅਜਿਹੀ ਸ਼ਿਕਾਇਤ ਮਿਲੀ ਤਾਂ ਉਸ ਦਾ ਠੇਕਾ ਰੱਦ ਕਰਨ ਲਈ ਸਰਕਾਰ ਨੂੰ ਲਿਖਿਆ ਜਾਵੇਗਾ। ਆਪਣੇ ਦਫ਼ਤਰ ਵਿਖੇ ਸੱਦੀ ਪ੍ਰੈੱਸ ਕਾਨਫ਼ਰੰਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਫੜ੍ਹੀ ਵਾਲਿਆਂ ਨੇ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਕਿ ਠੇਕੇਦਾਰ 80 ਰੁਪਏ ਫ਼ੀਸ ਵਾਲ਼ੀ ਪਰਚੀ 130 ਰੁਪਏ ਦੀ ਕੱਟ ਰਿਹਾ ਹੈ ਤਾਂ ਉਨ੍ਹਾਂ ਤੁਰੰਤ ਇਸ ਉਪਰ ਕਾਰਵਾਈ ਕੀਤੀ ਹੈ। ਉਨ੍ਹਾਂ ਨੇ ਪ੍ਰਧਾਨ ਸੁਰਿੰਦਰ ਚਾਵਲਾ, ਪਵਨ ਕੁਮਾਰ, ਪੰਕਜ ਵਰਮਾ, ਹਰੀ ਚੰਦ, ਰਾਮ ਚੰਦ, ਪ੍ਰਿੰਸ, ਪ੍ਰਦੀਪ ਕੁਮਾਰ, ਅਸ਼ੋਕ ਕੁਮਾਰ ਨੂੰ ਇੱਥੇ ਪਰਚੀ ਵਾਲੇ ਵਾਹਨਾਂ ਅਤੇ ਪਰਚੀ ਦੀ ਰੇਟ ਲਿਸਟ ਵੀ ਮੀਡੀਆ ਸਾਹਮਣੇ ਸੌਂਪੀ। ਉਨ੍ਹਾਂ ਦੱਸਿਆ ਕਿ ਤਿੰਨ ਪਹੀਆ ਵਾਹਨ ਦੀ ਪਰਚੀ 15 ਰੁਪਏ, ਮੋਟਰ ਰੇਹੜੀ 20 ਰੁਪਏ, ਕਾਰ/ਜੀਪ 25 ਰੁਪਏ, ਗੱਡਾ ਰੇਹੜਾ 20 ਰੁਪਏ, ਆਟੋ 50 ਰੁਪਏ, ਟਰਾਲੀ 60 ਰੁਪਏ ਟਰੱਕ 6 ਟਾਇਰੀ 75 ਰੁਪਏ, ਦਸ ਟਾਇਰੀ 100 ਰੁਪਏ 12 ਟਾਇਰੀ 125 ਰੁਪਏ ਅਤੇ 14 ਟਾਇਰੀ 150 ਰੁਪਏ ਸਰਕਾਰੀ ਪਰਚੀ ਨਿਰਧਾਰਿਤ ਕੀਤੀ ਗਈ ਹੈ ਜੇ ਕੋਈ ਠੇਕੇਦਾਰ ਜਾਂ ਕਰਿੰਦਾ ਇਸ ਤੋਂ ਵਧੇਰੇ ਪੈਸਿਆਂ ਦੀ ਮੰਗ ਕਰਦਾ ਹੈ ਤਾਂ ਉਸ ਦੀ ਸ਼ਿਕਾਇਤ ਤੁਰੰਤ ਉਨ੍ਹਾਂ ਦੇ ਮੋਬਾਈਲ ਨੰਬਰ ’ਤੇ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜਲਦੀ ਹੀ ਟੈਂਡਰ ਅਨੁਸਾਰ ਪਰਚੀ ਦੇ ਰੇਟਾਂ ਦੇ ਬੋਰਡ ਮੰਡੀ ਵਿੱਚ ਲਗਾ ਦਿੱਤੇ ਜਾਣਗੇ ਅਤੇ ਲੋਕ ਉਸ ਅਨੁਸਾਰ ਹੀ ਪਰਚੀ ਕਟਵਾਉਣ।