ਵੋਟਾਂ ਦੀ ਵੈਰੀਫਿਕੇਸ਼ਨ ਦੇ ਨਾਮ ’ਤੇ ਪੜਤਾਲ ਕਰਦੇ ਦੋ ਕਾਬੂ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 12 ਅਪਰੈਲ
ਕਾਂਗਰਸੀ ਵਰਕਰਾਂ ਨੇ ਅੱਜ ਵਾਰਡ ਨੰਬਰ 61 ਦੇ ਇਲਾਕੇ ਕ੍ਰਿਸ਼ਨਾ ਨਗਰ ਵਿੱਚ ਬਾਹਰੀ ਇਲਾਕੇ ਤੋਂ ਆਏ ਦੋ ਵਿਅਕਤੀਆਂ ਨੂੰ ਕਾਬੂ ਕਰ ਕੇ ਪੁਲੀਸ ਹਵਾਲੇ ਕੀਤਾ ਹੈ ਜੋ ਮਹੱਲੇ ਵਿੱਚ ਵੋਟਾਂ ਦੀ ਵੈਰੀਫਿਕੇਸ਼ਨ ਦੇ ਨਾਮ ’ਤੇ ਵੋਟਰਾਂ ਦੀ ਨਿੱਜੀ ਜਾਣਕਾਰੀ ਹਾਸਲ ਕਰ ਰਹੇ ਸਨ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਦੋ ਜਣੇ ਖ਼ੁਦ ਨੂੰ ਪ੍ਰਧਾਨ ਦੱਸਦਿਆਂ ਕ੍ਰਿਸ਼ਨਾ ਨਗਰ ਇਲਾਕੇ ਦੇ ਕਈ ਘਰਾਂ ਵਿੱਚ ਗਏ ਜਿੱਥੇ ਉਨ੍ਹਾਂ ਕਈ ਘਰਾਂ ਦੇ ਪਰਿਵਾਰਕ ਮੈਂਬਰਾਂ ਦਾ ਸਮੁੱਚਾ ਵੇਰਵਾ ਇਕੱਤਰ ਕੀਤਾ। ਜਿਸ ਤਹਿਤ ਉਹ ਘਰ ਵਿੱਚ ਮੈਂਬਰਾਂ ਦੀ ਗਿਣਤੀ, ਵਿਦੇਸ਼ ਵਿੱਚ ਰਹਿੰਦੇ ਮੈਂਬਰ ਅਤੇ ਨਿੱਜੀ ਜਾਣਕਾਰੀ ਹਾਸਲ ਕਰਨ ਤੋਂ ਇਲਾਵਾ ਹਲਕਾ ਪੱਛਮੀ ਦੀ ਹੋ ਰਹੀ ਜ਼ਿਮਨੀ ਚੋਣ ਵਿੱਚ ਕਿਸ ਉਮੀਦਵਾਰ ਦੇ ਹੱਕ ਵਿੱਚ ਭੁਗਤਣਗੇ ਬਾਰੇ ਸਵਾਲ ਕਰ ਰਹੇ ਸਨ।
ਇਲਾਕੇ ਦੇ ਕੌਂਸਲਰ ਇੰਦਰਜੀਤ ਇੰਦੀ ਨੂੰ ਜਦੋਂ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਤੁਰੰਤ ਹਲਕਾ ਪੱਛਮੀ ਦੇ ਕਾਂਗਰਸੀ ਉਮੀਦਵਾਰ ਭਾਰਤ ਭੂਸ਼ਨ ਆਸ਼ੂ ਨੂੰ ਇਸ ਦੀ ਸੂਚਨਾ ਦਿੱਤੀ ਜਿਸ ’ਤੇ ਸਾਬਕਾ ਕੌਂਸਲਰ ਮਮਤਾ ਆਸ਼ੂ ਸਾਥੀਆਂ ਸਮੇਤ ਕ੍ਰਿਸ਼ਨਾ ਨਗਰ ਪੁੱਜੇ। ਉਨ੍ਹਾਂ ਦੋਵੇਂ ਜਣਿਆਂ ਨੂੰ ਪੁਲੀਸ ਹਵਾਲੇ ਕੀਤਾ। ਦੋਵੇਂ ਜਣੇ ਤਰਨ ਤਾਰਨ ਜ਼ਿਲ੍ਹੇ ਨਾਲ ਸਬੰਧਤ ਹਨ ਜਿਨ੍ਹਾਂ ਵਿੱਚੋਂ ਇੱਕ ਮਾਰਕੀਟ ਕਮੇਟੀ ਭਿੱਖੀਵਿੰਡ ਦਾ ਚੇਅਰਮੈਨ ਦੱਸਿਆ ਜਾ ਰਿਹਾ ਹੈ। ਥਾਣਾ ਡਿਵੀਜ਼ਨ ਨੰਬਰ ਅੱਠ ਦੇ ਇੰਚਾਰਜ ਨੇ ਦੱਸਿਆ ਕਿ ਪੁਲੀਸ ਵੱਲੋਂ ਦੋਹਾਂ ਜਣਿਆਂ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ।
ਆਮ ਆਦਮੀ ਪਾਰਟੀ ਦੇ ਸਮਰਥਕ ਕਰ ਰਹੇ ਨੇ ਵੋਟਰਾਂ ਨੂੰ ਪ੍ਰਭਾਵਿਤ: ਮਮਤਾ ਆਸ਼ੂ
ਮਮਤਾ ਆਸ਼ੂ ਨੇ ਕਿਹਾ ਕਿ ਹਲਕਾ ਪੱਛਮੀ ਵਿੱਚ ਪੰਜਾਬ ਸਰਕਾਰ ਦੇ ਇਸ਼ਾਰੇ ’ਤੇ ਆਮ ਆਦਮੀ ਪਾਰਟੀ ਦੇ ਕੁੱਝ ਲੋਕ ਘਰ ਘਰ ਜਾ ਕੇ ਵੈਰੀਫਿਕੇਸ਼ਨ ਦੇ ਨਾਂ ’ਤੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਬਾਰੇ ਡਿਪਟੀ ਕਮਿਸ਼ਨਰ ਨੂੰ ਵੀ ਸ਼ਿਕਾਇਤ ਕੀਤੀ ਗਈ ਸੀ ਪਰ ਇਸ ਦੇ ਬਾਵਜੂਦ ਬਾਹਰੀ ਇਲਾਕਿਆਂ ਦੇ ਲੋਕ ਇੱਥੇ ਘੁੰਮ ਕੇ ਸ਼ਰੇਆਮ ਗ਼ੈਰ ਲੋਕਤੰਤਰੀ ਕਾਰਵਾਈਆਂ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਕਾਂਗਰਸ ਪਾਰਟੀ ਦੀ ਸੰਭਾਵੀ ਜਿੱਤ ਨੂੰ ਵੇਖਦਿਆਂ ਸਰਕਾਰ ਬੁਖਲਾਹਟ ਵਿੱਚ ਆ ਕੇ ਅਜਿਹੀਆਂ ਕਾਰਵਾਈਆਂ ਕਰ ਰਹੀ ਹੈ। ਉਨ੍ਹਾਂ ਖਦਸ਼ਾ ਪ੍ਰਗਟ ਕੀਤਾ ਕਿ ਚੋਣਾਂ ਦੌਰਾਨ ਵੀ ਇਹ ਲੋਕ ਇੱਥੇ ਗੜਬੜ ਕਰ ਸਕਦੇ ਹਨ। ਉਨ੍ਹਾਂ ਮੰਗ ਕੀਤੀ ਕਿ ਹਲਕਾ ਪੱਛਮੀ ਦੀ ਚੋਣ ਆਜ਼ਾਦ ਤੇ ਨਿਰਪੱਖ ਕਰਾਉਣ ਲਈ ਤੁਰੰਤ ਕਦਮ ਚੁੱਕੇ ਜਾਣ।