ਲੁਧਿਆਣਾ: ਪਿਛਲੇ ਵਰ੍ਹੇ ਦੇ ਮੁਕਾਬਲੇ ਅਪਰੈਲ ਵੱਧ ਗਰਮ
ਸਤਵਿੰਦਰ ਬਸਰਾ
ਲੁਧਿਆਣਾ, 23 ਅਪਰੈਲ
ਸਨਅਤੀ ਸ਼ਹਿਰ ਵਿੱਚ ਗਰਮੀ ਨੇ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਪਿਛਲੇ ਹਫ਼ਤੇ ਬੱਦਲਵਾਈ ਅਤੇ ਕਿਣਮਿਣ ਨਾਲ ਘੱਟ ਹੋਇਆ ਤਾਪਮਾਨ ਹੁਣ ਲਗਾਤਾਰ ਵਧਣਾ ਸ਼ੁਰੂ ਹੋ ਗਿਆ ਹੈ। ਪੀਏਯੂ ਤੋਂ ਸੀਨੀਅਰ ਮੌਸਮ ਵਿਗਿਆਨੀ ਡਾ. ਕੇਕੇ ਗਿੱਲ ਅਨੁਸਾਰ ਇਸ ਸਾਲ ਅਪਰੈਲ ਮਹੀਨੇ ਦਾ ਪਹਿਲਾ ਹਫ਼ਤਾ ਪਿਛਲੇ ਸਾਲਾਂ ਦੇ ਮੁਕਾਬਲੇ 6 ਤੋਂ 7 ਡਿਗਰੀ ਸੈਲਸੀਅਸ ਗਰਮ ਦਰਜ ਕੀਤਾ ਗਿਆ। ਤਿੰਨ-ਚਾਰ ਦਿਨ ਪਹਿਲਾਂ ਸੰਘਣੀ ਬੱਦਲਵਾਈ ਅਤੇ ਕਈ ਥਾਵਾਂ ’ਤੇ ਹੋਈ ਕਿਣਮਿਣ ਨੇ ਤਾਪਮਾਨ ਕਾਫੀ ਹੇਠਾਂ ਲਿਆ ਦਿੱਤਾ ਸੀ। ਹੁਣ ਦੁਬਾਰਾ ਤੋਂ ਗਰਮੀ ਵਧਣੀ ਸ਼ੁਰੂ ਹੋ ਗਈ ਹੈ। ਅੱਜ ਦਿਨ ਸਮੇਂ ਦਾ ਤਾਪਮਾਨ 28.4 ਡਿਗਰੀ ਅਤੇ ਰਾਤ ਸਮੇਂ ਦਾ ਤਾਪਮਾਨ 19.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਪੀਏਯੂ ਤੋਂ ਸੀਨੀਅਰ ਮੌਸਮ ਵਿਗਿਆਨੀ ਡਾ. ਗਿੱਲ ਅਨੁਸਾਰ ਪਿਛਲੇ ਸਾਲਾਂ ਦੌਰਾਨ ਅਪਰੈਲ ਮਹੀਨੇ ਦਾ ਔਸਤਨ ਤਾਪਮਾਨ 32 ਤੋਂ 33 ਡਿਗਰੀ ਸੈਲਸੀਅਸ ਤੱਕ ਰਹਿੰਦਾ ਸੀ ਪਰ ਇਸ ਵਾਰ ਅਪਰੈਲ ਮਹੀਨੇ ਦਾ ਪਹਿਲਾ ਹਫਤਾ ਔਸਤ ਨਾਲੋਂ 6 ਤੋਂ 7 ਡਿਗਰੀ ਸੈਲਸੀਅਸ ਗਰਮ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਵਿੱਚ ਗਰਮੀ ਹੋਰ ਵਧਣ ਦੀ ਉਮੀਦ ਹੈ। ਵਧ ਰਹੀ ਗਰਮੀ ਨੇ ਲੁਧਿਆਣਵੀਆਂ ਦੀ ਪ੍ਰੇਸ਼ਾਨੀ ਵਧਾ ਦਿੱਤੀ ਹੈ। ਲੋਕ ਇਸ ਗਰਮੀ ਤੋਂ ਬਚਣ ਲਈ ਜਿੱਥੇ ਆਪਣੇ ਮੂੰਹ-ਸਿਰ ਕੱਪੜਿਆਂ ਨਾਲ ਢੱਕ ਕੇ ਜਾਣ ਲਈ ਮਜਬੂਰ ਹੋ ਗਏ ਹਨ, ਉੱਥੇ ਲੋਕਾਂ ਨੇ ਰਾਹਗੀਰਾਂ ਲਈ ਛਬੀਲਾਂ ਲਾਉਣੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ।