ਕਤਲ ਕੇਸ ’ਚ ਬੰਦ ਹਵਾਲਾਤੀ ਨੇ ਫਾਹਾ ਲਿਆ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 3 ਮਈ
ਕਤਲ ਕੇਸ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਸ਼ਿਮਲਾਪੁਰੀ ਇਲਾਕੇ ਦੇ ਰਹਿਣ ਵਾਲੇ ਜਤਿੰਦਰ ਸਿੰਘ ਨੇ ਅੱਜ ਸਵੇਰੇ ਜੇਲ੍ਹ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਸਵੇਰੇ ਜਦੋਂ ਸਾਰੇ ਕੈਦੀਆਂ ਅਤੇ ਹਵਾਲਾਤੀਆਂ ਨੂੰ ਬੈਰਕਾਂ ਤੋਂ ਬਾਹਰ ਕੱਢਿਆ ਗਿਆ ਤਾਂ ਜਤਿੰਦਰ ਨੇ ਕੁੱਝ ਸਮੇਂ ਬਾਅਦ ਬੈਰਕ ਦੇ ਪਿੱਛੇ ਗਰਿੱਲ ਨਾਲ ਫਾਹਾ ਲੈ ਲਿਆ। ਜਦੋਂ ਉਸ ਦੇ ਦੋਸਤਾਂ ਨੇ ਦੇਖਿਆ ਤਾਂ ਉਨ੍ਹਾਂ ਅਲਾਰਮ ਵਜਾਇਆ। ਜਦੋਂ ਤੱਕ ਉਹ ਉਸਨੂੰ ਹੇਠਾਂ ਲਿਆਏ ਅਤੇ ਹਸਪਤਾਲ ਲੈ ਗਏ, ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਜੇਲ੍ਹ ਪ੍ਰਸ਼ਾਸਨ ਨੇ ਤੁਰੰਤ ਇਸ ਬਾਰੇ ਥਾਣਾ ਡਿਵੀਜ਼ਨ ਸੱਤ ਨੂੰ ਸੂਚਨਾ ਦਿੱਤੀ। ਜਾਂਚ ਤੋਂ ਬਾਅਦ ਜਤਿੰਦਰ ਸਿੰਘ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਪੋਸਟਮਾਰਟਮ ਮੈਜਿਸਟਰੇਟ ਦੇ ਸਾਹਮਣੇ ਕੀਤਾ ਜਾਵੇਗਾ ਅਤੇ ਘਟਨਾ ਦੀ ਪੂਰੀ ਵੀਡੀਓ ਵੀ ਬਣਾਈ ਜਾਵੇਗੀ।
ਜੇਲ੍ਹ ਸੁਪਰਡੈਂਟ ਸਵਰਾਜ ਸਿੰਘ ਨੇ ਦੱਸਿਆ ਕਿ ਜਤਿੰਦਰ ਸਿੰਘ ਖ਼ਿਲਾਫ਼ ਥਾਣਾ ਡਾਬਾ ਵਿੱਚ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ। ਗੁਆਂਢੀਆਂ ਵਿਚਕਾਰ ਲੜਾਈ ਹੋਈ ਅਤੇ ਉਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ। ਉਸ ਕਤਲ ਕੇਸ ਵਿੱਚ ਉਸਦੀ ਵੀਡੀਓ ਸਾਹਮਣੇ ਆਈ ਸੀ। ਉਹ ਪਹਿਲਾਂ ਇੱਕ ਹੋਰ ਅਪਰਾਧਿਕ ਮਾਮਲੇ ਵਿੱਚ ਜੇਲ੍ਹ ਵਿੱਚ ਸੀ ਅਤੇ ਫਿਰ ਰਿਹਾਅ ਹੋ ਗਿਆ ਸੀ। ਕੁਝ ਸਮੇਂ ਪਹਿਲਾਂ ਹੀ ਉਹ ਇੱਕ ਕਤਲ ਦੇ ਮਾਮਲੇ ਵਿੱਚ ਦੁਬਾਰਾ ਜੇਲ੍ਹ ਵਿੱਚ ਆਇਆ ਸੀ। ਉਹ ਅਕਸਰ ਆਪਣੇ ਦੋਸਤਾਂ ਨੂੰ ਕਹਿੰਦਾ ਸੀ ਕਿ ਉਸ ਦੀ ਵੀਡੀਓ ਬਣ ਗਈ ਹੈ ਅਤੇ ਉਸ ਨੂੰ ਸਜ਼ਾ ਹੋ ਸਕਦੀ ਹੈ। ਜਿਸ ਕਾਰਨ ਉਹ ਕਾਫ਼ੀ ਪ੍ਰੇਸ਼ਾਨ ਸੀ।