ਸ਼ੰਭੂ ਥਾਣੇ ਦੇ ਘਿਰਾਓ ਲਈ ਕਿਸਾਨਾਂ ਦੇ ਜੁਝਾਰੂ ਕਾਫਲੇ ਭੇਜਣ ਦਾ ਫ਼ੈਸਲਾ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 3 ਮਈ
ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਨੇ ਸ਼ੰਭੂ ਮੋਰਚੇ ਦੇ ਛੇ ਮਈ ਨੂੰ ਕੀਤੇ ਜਾ ਰਹੇ ਘਿਰਾਓ ਲਈ ਕਾਫਲੇ ਭੇਜਣ ਦਾ ਫ਼ੈਸਲਾ ਕੀਤਾ ਹੈ। ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਤੇ ਸਕੱਤਰ ਜਸਦੇਵ ਸਿੰਘ ਲਲਤੋਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕਿਸਾਨ ਮਜ਼ਦੂਰ ਮੋਰਚਾ ਪੰਜਾਬ (ਭਾਰਤ) ਦੇ ਸੱਦੇ ’ਤੇ ਸ਼ੰਭੂ ਥਾਣੇ ਦੇ ਐੱਸਐੱਚਓ ਦੇ ਇਸ ਘਿਰਾਓ ਨੂੰ ਕਾਮਯਾਬ ਕਰਨ ਲਈ ਪੰਜਾਬ ਭਰ ਵਿੱਚੋਂ ਜੁਝਾਰੂ ਕਿਸਾਨਾਂ ਤੇ ਮਜ਼ਦੂਰਾਂ ਦੇ ਵੱਡੇ ਕਾਫਲੇ ਰਵਾਨਾ ਹੋਣਗੇ। ਜਥੇਬੰਦੀ ਦਾ ਕਾਫਲਾ ਮੁੱਲਾਂਪੁਰ ਤੋਂ ਸਵੇਰੇ ਅੱਠ ਵਜੇ ਰਵਾਨਾ ਹੋਵੇਗਾ।
ਇਸ ਸਮੇਂ ਪਿਛਲੇ ਦਿਨੀਂ ਵੱਖ-ਵੱਖ ਥਾਵਾਂ 'ਤੇ ਹੱਕੀ ਮੰਗਾਂ ਮੰਗਦੇ ਕਿਸਾਨ 'ਤੇ ਪੁਲੀਸ ਵਲੋਂ ਲਾਠੀਚਾਰਜ ਕਰਨ ਤੋਂ ਬਾਅਦ ਅੱਜ ਫੇਰ ਗੁਰਦਾਸਪੁਰ 'ਚ ਡਾਂਗਾਂ ਮਾਰਨ, ਪੱਗਾਂ ਲਾਹੁਣ ਤੇ ਕਿਸਾਨ ਬੀਬੀਆਂ ਨੂੰ ਘੜੀਸਣ ਦੀ ਉਨ੍ਹਾਂ ਦੀ ਨਿਖੇਧੀ ਕੀਤੀ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਪੁਲੀਸ ਨੂੰ ਨੱਥ ਪਾਵੇ ਨਹੀਂ ਤਾਂ ਖਮਿਆਜ਼ਾ ਭੁਗਤਣ ਲਈ ਤਿਆਰ ਰਹੇ। ਉਨ੍ਹਾਂ ਪੰਜਾਬ ਸਰਕਾਰ ਬਿਜਲੀ ਦੀਆਂ ਢਿੱਲੀਆਂ ਤਾਰਾਂ ਦੇ ਸਿੱਟੇ ਵਜੋਂ ਸਪਾਰਕਿੰਗ ਅਤੇ ਹੋਰ ਕਾਰਨਾਂ ਕਰਕੇ ਵੱਖ-ਵੱਖ ਪਿੰਡਾਂ ਵਿੱਚ ਖੜ੍ਹੀ ਕਣਕ ਤੇ ਨਾੜ ਨੂੰ ਲੱਗੀ ਅੱਗ ਦੀ ਗਿਰਦਾਵਰੀ ਕਰਵਾ ਕੇ ਪੀੜਤ ਕਿਸਾਨਾਂ ਨੂੰ ਬਿਨਾਂ ਦੇਰੀ ਮੁਆਵਜ਼ਾ ਜਾਰੀ ਕਰਨ ਦੀ ਵੀ ਮੰਗ ਕੀਤੀ।