ਵੈਟਰਨਰੀ ’ਵਰਸਿਟੀ ਵੱਲੋਂ ਡਿਜੀਟਲ ਸਾਖ਼ਰਤਾ ਕੈਂਪ
ਲੁਧਿਆਣਾ, 1 ਅਪਰੈਲ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਕੌਮੀ ਸੇਵਾ ਯੋਜਨਾ ਅਧੀਨ 150 ਦੇ ਕਰੀਬ ਵਾਲੰਟੀਅਰਾਂ ਦੇ ਇੱਕ ਹਫ਼ਤੇ ਦੇ ਡਿਜੀਟਲ ਸਾਖ਼ਰਤਾ ਕੈਂਪ ਲਾਏ ਗਏ। ਇਨ੍ਹਾਂ ਕੈਂਪਾਂ ਦਾ ਵਿਸ਼ਾ ‘ਡਿਜੀਟਲ ਸਾਖ਼ਰਤਾ ਲਈ ਸਿੱਖਿਆ’ ਸੀ। ਇਸ ਮੁਹਿੰਮ ਤਹਿਤ ਉਨ੍ਹਾਂ ਨੂੰ ਸਕਰੀਨ ਦੀ ਘੱਟ ਵਰਤੋਂ ਕਰਦੇ ਹੋਏ ਡਿਜੀਟਲ ਸਿੱਖਿਆ ਅਤੇ ਜਾਗਰੂਕਤਾ ਵਧਾਉਣ ਬਾਰੇ ਦੱਸਿਆ ਗਿਆ।
ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਸਰਵਪ੍ਰੀਤ ਸਿੰਘ ਘੁੰਮਣ ਨੇ ਦੱਸਿਆ ਕਿ ਇਨ੍ਹਾਂ ਕੈਂਪਾਂ ਦੌਰਾਨ ਵਿਦਿਆਰਥੀਆਂ ਨੂੰ ਸਕਰੀਨ ਦੀ ਸੀਮਿਤ ਅਤੇ ਜ਼ਿੰਮੇਵਾਰ ਵਰਤੋਂ ਕਰਦੇ ਹੋਏ ਡਿਜੀਟਲ ਸਾਖ਼ਰਤਾ ਸਬੰਧੀ ਗਿਆਨ ਦਿੱਤਾ ਗਿਆ। ਯੂਨੀਵਰਸਿਟੀ ਵਿੱਚ ਸਥਾਪਤ ਸਾਰੇ ਕਾਲਜਾਂ ਦੇ ਵਿਦਿਆਰਥੀਆਂ ਨੇ ਇਸ ਮੁਹਿੰਮ ਵਿੱਚ ਹਿੱਸਾ ਲਿਆ। ਖੇਤੀਬਾੜੀ ਅਧਿਕਾਰੀ, ਸ੍ਰੀ ਫ਼ਤਹਿਗੜ੍ਹ ਸਾਹਿਬ ਡਾ. ਕੁਲਦੀਪ ਸਿੰਘ ਕਾਕਾ ਨੇ ਡਿਜੀਟਲ ਸਾਖ਼ਰਤਾ ਸਬੰਧੀ ਕੌਮੀ ਸੇਵਾ ਯੋਜਨਾ ਦੀ ਭੂਮਿਕਾ ਬਾਰੇ ਚਾਨਣਾ ਪਾਇਆ।
ਕੌਮੀ ਸੇਵਾ ਯੋਜਨਾ ਸੰਯੋਜਕ ਡਾ. ਨਿਧੀ ਸ਼ਰਮਾ ਨੇ ਦੱਸਿਆ ਕਿ ਇਨ੍ਹਾਂ ਵਿਦਿਆਰਥੀਆਂ ਨੇ ਯੂਨੀਵਰਸਿਟੀ ਪ੍ਰਯੋਗਿਕ ਡੇਅਰੀ ਪਲਾਂਟ ਦੀ ਸਫਾਈ ਹਿਤ ਪਲਾਂਟ ਦੇ ਉਪਕਰਨ, ਮਸ਼ੀਨਾਂ ਅਤੇ ਆਲੇ-ਦੁਆਲੇ ਨੂੰ ਵੀ ਸਾਫ ਕੀਤਾ। ਕੌਮੀ ਸੇਵਾ ਯੋਜਨਾ ਦੇ ਕਾਲਜਾਂ ਦੇ ਸੰਯੋਜਕਾਂ ਡਾ. ਸੱਯਦ ਹਸਨ, ਡਾ. ਨਰੇਂਦਰ ਕੁਮਾਰ ਅਤੇ ਡਾ. ਵਿਸ਼ਾਲ ਸ਼ਰਮਾ ਨੇ ਕਿਹਾ ਕਿ ਅਜਿਹੇ ਕੈਂਪ ਜਿੱਥੇ ਵਿਅਕਤੀਗਤ ਰੂਪ ਵਿੱਚ ਮਨੁੱਖ ਨੂੰ ਗਿਆਨਵਾਨ ਬਣਾਉਂਦੇ ਹਨ, ਉੱਥੇ ਸਮਾਜ ਲਈ ਵੀ ਫ਼ਾਇਦੇਮੰਦ ਸਾਬਤ ਹੁੰਦੇ ਹਨ।