ਵੈਟਰਨਰੀ ਇੰਸਪੈਕਟਰਾਂ ਕੋਲੋਂ ਗ਼ੈਰ-ਵਿਭਾਗੀ ਕੰਮ ਲੈਣ ਦਾ ਵਿਰੋਧ
ਹੁਸ਼ਿਆਰਪੁਰ, 9 ਅਪਰੈਲ
ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਪੰਜਾਬ ਨੇ ਵੈਟਰਨਰੀ ਇੰਸਪੈਕਟਰਾਂ ਕੋਲੋਂ ਗ਼ੈਰ-ਵਿਭਾਗੀ ਕੰਮ ਲੈਣ ਦਾ ਵਿਰੋਧ ਕਰਦਿਆਂ ਮੰਗ ਕੀਤੀ ਕਿ ਵਾਧੂ ਲਏ ਜਾ ਰਹੇ ਕੰਮ ਕਾਰਨ ਵਿਭਾਗ ਦਾ ਕੰਮ ਪ੍ਰਭਾਵਿਤ ਹੋਵੇਗਾ। ਵੈਟਰਨਰੀ ਇੰਸਪੈਕਟਰ ਐਸਸੀਏਸ਼ਨ ਪੰਜਾਬ ਦੇ ਪ੍ਰੈੱਸ ਸਕੱਤਰ ਗੁਰਜੀਤ ਸਿੰਘ ਨੇ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਵਿੱਚ ਕੰਮ ਕਰਦੇ ਕਰਮਚਾਰੀਆਂ ਦੀਆਂ ਡਿਊਟੀਆਂ ਨੂੰ ਸਿਹਤ ਵਿਭਾਗ ਵਿੱਚ ਕੰਮ ਕਰਦੇ ਡਾਕਟਰਾਂ ਤੇ ਮੁਲਾਜ਼ਮਾਂ ਵਾਂਗ ਐਮਰਜੈਂਸੀ ਡਿਊਟੀਆਂ ਵਿੱਚ ਗਿਣਿਆ ਜਾਂਦਾ ਹੈ। ਇਸੇ ਕਾਰਨ ਸੂਬਾ ਸਰਕਾਰ ਵੱਲੋਂ ਸਮੇਂ-ਸਮੇਂ ’ਤੇ ਡਿਪਟੀ ਕਮਿਸ਼ਨਰਾਂ ਨੂੰ ਪਸ਼ੂ ਪਾਲਣ ਵਿਭਾਗ ਦੇ ਵੈਟਰਨਰੀ ਸਟਾਫ ਨੂੰ ਗ਼ੈਰ-ਵਿਭਾਗੀ ਕੰਮਾਂ ਸਬੰਧੀ ਡਿਊਟੀਆਂ ਤੋਂ ਛੋਟ ਦੇਣ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਪਰ ਇਸ ਦੇ ਉਲਟ ਵੈਟਰਨਰੀ ਇੰਸਪੈਕਟਰ ’ਤੇ ਗੈਰ-ਵਿਭਾਗੀ ਕੰਮ ਥੋਪੇ ਜਾ ਰਹੇ ਹਨ, ਜਿਸ ਨਾਲ ਵਿਭਾਗੀ ਕੰਮ-ਕਾਜ ਪ੍ਰਭਾਵਿਤ ਹੋ ਰਿਹਾ ਹੈ। ਆਗੂ ਨੇ ਦੱਸਿਆ ਕਿ ਹਾੜੀ ਦੀ ਫ਼ਸਲ ਦਾ ਡਿਜੀਟਲ ਸਰਵੇ ਅਤੇ ਸਟਬਲ ਬਰਨਿੰਗ ਦਾ ਕੰਮ ਪਸ਼ੂ ਪਾਲਣ ਵਿਭਾਗ ਵਿੱਚ ਕੰਮ ਕਰਦੇ ਵੈਟਨਰੀ ਇੰਸਪੈਕਟਰਾਂ ਤੇ ਜ਼ਿਲ੍ਹਾ ਪੱਧਰ ਅਤੇ ਤਹਿਸੀਲ ਪੱਧਰ ਦਾ ਪ੍ਰਸ਼ਾਸਨ ਜਬਰਨ ਥੋਪਣ ਦਾ ਯਤਨ ਕਰ ਰਿਹਾ ਹੈ। ਜਦੋਂ ਕਿ ਪਸ਼ੂ ਪਾਲਣ ਵਿਭਾਗ ਵਿੱਚ ਡੀਵਾਰਮਿੰਗ ਮੁਹਿੰਮ ਚੱਲ ਰਹੀ ਹੈ, ਜਿਸ ਤਹਿਤ ਡੀਵਾਰਮਿੰਗ ਦੀਆਂ ਗੋਲੀਆਂ ਘਰ-ਘਰ ਜਾ ਕੇ ਵੰਡਣੀਆਂ ਹਨ। ਵਿਭਾਗ ਵਿੱਚ ਅਸਾਮੀਆਂ ਖਾਲੀ ਹੋਣ ਕਾਰਨ ਵੈਟਰਨਰੀ ਇੰਸਪੈਕਟਰਾਂ ਕੋਲ ਦੋ ਦੋ -ਤਿੰਨ ਤਿੰਨ ਡਿਸਪੈਂਸਰੀਆਂ ਦਾ ਵੀ ਚਾਰਜ ਹੈ। ਇਸ ਦੇ ਬਾਵਜੂਦ ਇੰਸਪੈਕਟਰਾਂ ਨੂੰ ਹਾੜੀ ਦੀ ਫ਼ਸਲ ਸਬੰਧੀ ਡਿਜੀਟਲ ਸਰਵੇ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਆਪਣੇ ਦਫ਼ਤਰਾਂ ਵਿੱਚ ਬੁਲਾ ਕੇ ਜਬਰਨ ਉਨ੍ਹਾਂ ਦੀਆਂ ਆਈਡੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਵੈਟਰਨਰੀ ਇੰਸਪੈਕਟਰਾਂ ਕੋਲੋਂ ਗ਼ੈਰ-ਵਿਭਾਗੀ ਕੰਮ ਲੈਣਾ ਬੰਦ ਕੀਤਾ ਜਾਵੇ ਨਹੀਂ ਤਾਂ ਜਥੇਬੰਦੀ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ।