ਵਿਦੇਸ਼ ਗਏ ਮਾਪਿਆਂ ਦਾ ਦਰਦ
ਡਾ. ਅੰਤਰਪ੍ਰੀਤ ਸਿੰਘ ਬੈਨੀਪਾਲ
ਪੰਜਾਬ ਵਿੱਚ ਇਹ ਆਮ ਦੇਖਣ ਨੂੰ ਮਿਲਦਾ ਹੈ ਕਿ ਜਦੋਂ ਬੱਚੇ ਜਵਾਨ ਹੋਣ ਲੱਗਦੇ ਹਨ ਤਾਂ ਮਾਪਿਆਂ ਦੇ ਸੁਪਨੇ ਉਨ੍ਹਾਂ ਦੇ ਦਿਲਚਸਪੀ ਵਾਲੇ ਪੇਸ਼ੇ ਨੂੰ ਭੁਲਾ ਕੇ ਉਨ੍ਹਾਂ ਨੂੰ ਵਿਦੇਸ਼ ਭੇਜਣ ਤੱਕ ਸੀਮਤ ਹੋ ਜਾਂਦੇ ਹਨ। ਉਹ ਦੂਜਿਆਂ ਦੀ ਦੇਖਾ-ਦੇਖੀ ਆਪਣੇ ਬੱਚਿਆਂ ਨੂੰ ਵਿਦੇਸ਼ ਵਿੱਚ ਸੈੱਟ ਕਰਨਾ ਚਾਹੁੰਦੇ ਹਨ, ਬੇਸ਼ੱਕ ਇਸ ਲਈ ਉਨ੍ਹਾਂ ਕੋਲ ਵਸੀਲੇ ਹੋਣ ਜਾਂ ਨਾ ਹੋਣ।
ਦਰਅਸਲ, ਅੱਜ ਪੰਜਾਬੀ ਨੌਜਵਾਨਾਂ ਨੇ ਆਪਣੇ ਸੁਪਨਿਆਂ ਨੂੰ ਹੌਲੀ ਹੌਲੀ ਛੱਡ ਕੇ ਸਿਰਫ਼ ਦੇਸ਼ ਛੱਡ ਕੇ ਜਾਣ ਵੱਲ ਨੂੰ ਸੇਧਤ ਕਰ ਦਿੱਤਾ ਹੈ। ਕਿਤੇ ਨਾ ਕਿਤੇ ਨੌਜਵਾਨਾਂ ਦਾ ਟੀਚਾ ਕੇਵਲ ਕਿਸੇ ਅੰਗਰੇਜ਼ੀ ਭਾਸ਼ਾ ਦੇ ਮਾਮੂਲੀ ਜਿਹੇ ਟੈਸਟ ਵਿੱਚ ਬੈਂਡ ਲੈਣ ਵਿੱਚ ਤਬਦੀਲ ਹੋ ਜਾਂਦਾ ਹੈ। ਇਸ ਦੌਰਾਨ ਉਨ੍ਹਾਂ ਨੂੰ ਆਪਣੇ ਹੁਨਰ ਅਤੇ ਕਾਬਲੀਅਤ ਦਿਸਣੇ ਬੰਦ ਹੋ ਜਾਂਦੇ ਹਨ। ਉਨ੍ਹਾਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਅਜਿਹੇ ਟੈਸਟਾਂ ਨੂੰ ਹੀ ਕਾਬਲੀਅਤ ਦਾ ਦਰਜਾ ਦੇ ਦਿੱਤਾ ਹੈ। ਜੇਕਰ ਪਰਿਵਾਰ ਦਾ ਕੋਈ ਬੱਚਾ ਜਾਂ ਬੱਚੀ ਅਜਿਹਾ ਟੈਸਟ ਪਾਸ ਕਰਕੇ ਲੱਖਾਂ ਰੁਪਏ ਖਰਚ ਕੇ ਕਿਸੇ ਮਾਮੂਲੀ ਜਿਹੇ ਕੋਰਸ ਵਿੱਚ ਦਾਖਲ ਹੋ ਕੇ ਆਪਣੇ ਹੁਨਰ ਨੂੰ ਭੁਲਾ ਕੇ ਵਿਦੇਸ਼ ਚਲਾ ਜਾਂਦਾ ਹੈ ਤਾਂ ਮਾਪੇ ਬੇਹੱਦ ਮਾਣ ਮਹਿਸੂਸ ਕਰਦੇ ਹਨ। ਜਦੋਂਕਿ ਇਹ ਕੇਵਲ ਇੱਕ ਅੰਨ੍ਹਾ ਅਨੁਸਰਣ ਹੈ ਜਿਸ ਵਿੱਚ ਮਾਪੇ ਅਤੇ ਬੱਚੇ ਆਪਣੇ ਆਪ ਨੂੰ ਅਤੇ ਭਵਿੱਖ ਨੂੰ ਦੇਖ ਨਹੀਂ ਪਾਉਂਦੇ। ਅਸਲੀਅਤ ਇਹ ਹੈ ਕਿ ਮਾਪਿਆਂ ਦਾ ਟੀਚਾ ਹੀ ਬੱਚਿਆਂ ਨੂੰ ਵਿਦੇਸ਼ ਭੇਜਣ ਤੱਕ ਦਾ ਹੋ ਗਿਆ ਹੈ। ਬੇਗਾਨੇ ਦੇਸ਼ ਵਿੱਚ ਜਾ ਕੇ ਕਾਮਯਾਬੀ ਮਿਲੇ ਜਾਂ ਨਾ ਮਿਲੇ, ਇਸ ਦੀ ਕਿਸੇ ਨੂੰ ਕੋਈ ਪਰਵਾਹ ਨਹੀਂ।
ਪੰਜਾਬੀ ਮਾਪਿਆਂ ਦੀ ਹੁਣ ਵਿਦੇਸ਼ ਗਏ ਬੱਚਿਆਂ ਦੀ ਕਾਮਯਾਬੀ ਦੀ ਵੀ ਆਪਣੀ ਹੀ ਪਰਿਭਾਸ਼ਾ ਹੈ; ਮੁੰਡਾ ਉੱਥੋਂ ਦਾ ਪੱਕਾ ਵਸਨੀਕ ਹੋ ਗਿਆ ਜਾਂ ਨਹੀਂ ਭਾਵ ਪੀਆਰ ਮਿਲ ਗਈ ਹੈ ਜਾਂ ਨਹੀਂ। ਜੇਕਰ ਪੀਆਰ ਮਿਲ ਗਈ ਤਾਂ ਉਹ ਕਾਮਯਾਬ ਹੈ, ਨਹੀਂ ਤਾਂ ਉਹ ਅਜੇ ਸੰਘਰਸ਼ ਹੀ ਕਰ ਰਿਹਾ ਹੈ। ਅਜਿਹਾ ਸਭ ਦੇਖ ਕੇ ਜਾਪਦਾ ਹੈ ਕਿ ਪੰਜਾਬੀ ਮਾਪਿਆਂ ਨੇ ਪਦਾਰਥਵਾਦ ਨੂੰ ਇਸ ਹੱਦ ਤੱਕ ਤਰਜੀਹ ਦਿੱਤੀ ਹੈ ਕਿ ਇਸ ਲਾਲਚ ਵਿੱਚ ਉਨ੍ਹਾਂ ਨੇ ਅਪਣੇ ਬੱਚੇ ਦੇ ਹੁਨਰ ਨੂੰ ਖ਼ਤਮ ਕਰਨ ਦੇ ਨਾਲ ਨਾਲ ਉਸ ਦੇ ਸੁਪਨੇ ਹੀ ਬਦਲ ਦਿੱਤੇ ਹਨ। ਅਜਿਹੇ ਬੱਚਿਆਂ ਦੀ ਸ਼ਖ਼ਸੀਅਤ ਵਿੱਚ ਕਦਰਾਂ ਕੀਮਤਾਂ ਦੇ ਸੰਕਲਪ ਦਾ ਤਾਂ ਵਜੂਦ ਹੀ ਨਹੀਂ ਰਿਹਾ।
ਜਦੋਂ ਨੌਜਵਾਨ ਵਿਦੇਸ਼ ਨੂੰ ਰਵਾਨਾ ਹੋ ਜਾਂਦੇ ਹਨ ਤਾਂ ਉਨ੍ਹਾਂ ਦੀ ਜ਼ਿੰਦਗੀ ਦਾ ਇੱਕ ਨਵਾਂ ਪੜਾਅ ਸ਼ੁਰੂ ਹੁੰਦਾ ਹੈ। ਇਹ ਪੜਾਅ ਹੁੰਦਾ ਹੈ ਨਵੀਂ ਜਗ੍ਹਾ ’ਤੇ ਜ਼ਿੰਦਗੀ ਨੂੰ ਜਿਵੇਂ ਨਾ ਕਿਵੇਂ ਚੱਲਦੀ ਰੱਖਣਾ ਜਿਸ ਵਿੱਚ ਸੰਘਰਸ਼ ਹੀ ਸੰਘਰਸ਼ ਹੁੰਦਾ ਹੈ। ਇਸ ਸੰਘਰਸ਼ ਨਾਲ ਜੂਝਦਿਆਂ ਉਨ੍ਹਾਂ ਦੀ ਸੋਚ ਸੀਮਤ ਹੋ ਜਾਂਦੀ ਹੈ ਕਿ ਬਸ ਹੁਣ ਤਾਂ ਪੀਆਰ ਮਿਲ ਜਾਵੇ। ਬਹੁਤੇ ਪੰਜਾਬੀ ਨੌਜਵਾਨਾਂ ਦੀ ਇਹੋ ਜਿਹੀ ਹੀ ਕਹਾਣੀ ਹੈ। ਫਿਰ ਕਿਵੇਂ ਨਾ ਕਿਵੇਂ ਅਜਿਹੇ ਨੌਜਵਾਨਾਂ ਵਿੱਚੋਂ ਬਹੁਤੇ ਉੱਥੋਂ ਦਾ ਪੱਕਾ ਨਿਵਾਸੀ ਬਣਨ ਦਾ ਟੀਚਾ ਹਾਸਲ ਕਰ ਹੀ ਲੈਂਦੇ ਹਨ।
ਫਿਰ ਮਾਪਿਆਂ ਨੂੰ ਲੱਗਦਾ ਹੈ ਕਿ ਉਨ੍ਹਾਂ ਅਤੇ ਉਨ੍ਹਾਂ ਦੇ ਬੱਚਿਆਂ ਦੇ ਸੰਘਰਸ਼ ਨੂੰ ਹੁਣ ਬੂਰ ਪੈ ਗਿਆ ਹੈ। ਜਦੋਂ ਬੱਚੇ ਉੱਥੋਂ ਦੇ ਪੱਕੇ ਨਿਵਾਸੀ ਹੋ ਗਏ ਤਾਂ ਬੱਚਿਆਂ ਨੂੰ ਪਹਿਲਾ ਅਹਿਸਾਸ ਹੋਣਾ ਸ਼ੁਰੂ ਹੁੰਦਾ ਕਿ ਅੱਜ ਉਸ ਕੋਲ ਪੱਕੇ ਹੋਣ ਤੋਂ ਬਿਨਾਂ ਕੋਈ ਹੋਰ ਪ੍ਰਾਪਤੀ ਹੈ ਹੀ ਨਹੀਂ। ਕਿਤੇ ਨਾ ਕਿਤੇ ਮਨ ਵਿੱਚ ਸਵਾਲ ਉੱਠਣ ਲੱਗਦੇ ਹਨ ਕਿ ਪਰਿਵਾਰ ਤੋਂ ਦੂਰ ਰਹਿ ਕੇ ਕਾਹਦਾ ਸੰਘਰਸ਼ ਕੀਤਾ? ਦੂਜੇ ਮੁਲਕ ਵਿੱਚ ਪੱਕੇ ਹੋਣ ਲਈ? ਪੱਕੇ ਤਾਂ ਪਹਿਲਾਂ ਹੀ ਸੀ ਆਪਣੇ ਦੇਸ਼ ਵਿੱਚ ਜਿੱਥੇ ਜਨਮ ਹੋਇਆ। ਸ਼ਾਇਦ ਜੇ ਕਿਤੇ ਇੰਨੀ ਊਰਜਾ ਆਪਣੇ ਦੇਸ਼ ਵਿੱਚ ਰਹਿ ਕੇ ਕਿਸੇ ਪ੍ਰਤਿਭਾਸ਼ਾਲੀ ਦਿਸ਼ਾ ਵੱਲ ਲਗਾਈ ਹੁੰਦੀ ਤਾਂ ਸ਼ਾਇਦ ਇੰਨਾ ਸੰਘਰਸ਼ ਨਾ ਕਰਨਾ ਪੈਂਦਾ। ਇਸ ਗੈਰ ਜ਼ਰੂਰੀ ਸੰਘਰਸ਼ ਦੌਰਾਨ ਜ਼ਿੰਦਗੀ ਦੇ ਅਤਿ ਜ਼ਰੂਰੀ ਤੇ ਫੈਸਲਾਕੁਨ ਸਾਲ ਤਾਂ ਬਰਬਾਦ ਹੋ ਚੁੱਕੇ ਹੁੰਦੇ ਹਨ, ਹੁਣ ਪਿੱਛੇ ਮੁੜ ਕੇ ਦੇਖਣਾ ਤਾਂ ਹੋਰ ਵੀ ਜੋਖਮ ਭਰਿਆ ਹੋ ਜਾਂਦਾ ਹੈ ਕਿਉਂਕਿ ਆਪਣੇ ਅਤੇ ਆਪਣੇ ਮਾਪਿਆਂ ਦੇ ਲਏ ਫੈਸਲੇ ਨੂੰ ਇੰਨੇ ਸਾਲ ਬਰਬਾਦ ਕਰਨ ਤੋਂ ਬਾਅਦ ਗ਼ਲਤ ਕਹਿਣਾ ਸਮਾਜ ਅੱਗੇ ਬੇਹੱਦ ਸ਼ਰਮਨਾਕ ਮਹਿਸੂਸ ਕਰਾਉਂਦਾ ਹੈ। ਦੂਜਾ ਇਸ ਲੰਬੇ ਵਕਫੇ ਤੋਂ ਬਾਅਦ ਮੁੜ ਤੋੋਂ ਉੱਥੋਂ ਹੀ ਸ਼ੁਰੂਆਤ ਕਰਨਾ ਹੋਰ ਵੀ ਸੰਘਰਸ਼ਸ਼ੀਲ ਜਾਪਦਾ ਹੈ ਜਿਸ ਨੂੰ ਛੇਤੀ ਛੇਤੀ ਸਮਾਜ ਵੀ ਕਬੂਲ ਨਹੀਂ ਕਰਨ ਦਿੰਦਾ। ਅਜਿਹੇ ਵਿੱਚ ਮਨ ਨੂੰ ਸਮਝਾਉਣਾ ਹੀ ਪੈਂਦਾ ਹੈ ਤੇ ਮਜਬੂਰੀ ਨੂੰ ਆਪਣੇ ਅੰਦਰ ਹੀ ਦਬਾਉਣਾ ਪੈਂਦਾ ਹੈ। ਇਹ ਤਾਂ ਸੀ ਨੌਜਵਾਨਾਂ ਨੂੰ ਸੋਝੀ ਆਉਣ ਵੇਲੇ ਦਾ ਸਮਾਂ, ਪਰ ਹਾਲੇ ਮਾਪਿਆਂ ਨੇ ਆਪਣੇ ਵੱਲੋਂ ਔਲਾਦ ’ਤੇ ਅਸਿੱਧੇ ਤੌਰ ’ਤੇ ਥੋਪੇ ਫ਼ੈਸਲਿਆਂ ਦਾ ਸਵਾਦ ਨਹੀਂ ਚਖਿਆ ਹੁੰਦਾ। ਉਹ ਥੋੜ੍ਹਾ ਬਾਅਦ ਵਿੱਚ ਇਸ ਦਾ ਸਵਾਦ ਚਖਦੇ ਹਨ।
ਅਕਸਰ ਜਦੋਂ ਕਿਸੇ ਵੀ ਪਰਵਾਸ ਕਰ ਚੁੱਕੇ ਨੌਜਵਾਨ ਨੂੰ ਵਿਦੇਸ਼ ਵਿੱਚ ਪੀਆਰ ਹਾਸਲ ਹੋ ਜਾਂਦੀ ਹੈ ਤਾਂ ਮਾਪਿਆਂ ਦੀ ਇੱਛਾ ਹੁੰਦੀ ਹੈ ਕਿ ਹੁਣ ਉਨ੍ਹਾਂ ਦੇ ਬੱਚੇ ਸੈੱਟ ਹੋ ਗਏ ਹਨ ਤੇ ਯੋਗ ਰਿਸ਼ਤਾ ਦੇਖ ਕੇ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਈਆਂ ਜਾਣ। ਅਜਿਹੇ ਵਿੱਚ ਔਲਾਦ ਨੂੰ ਵੀ ਥੋੜ੍ਹਾ ਧਿਆਨ ਬਦਲਣ ਦਾ ਮੌਕਾ ਮਿਲ ਜਾਂਦਾ ਹੈ। ਵਿਆਹ ਹੋਣ ’ਤੇ ਸ਼ੁਰੂਆਤ ਵਿੱਚ ਤਾਂ ਸਾਰਾ ਕੁਝ ਵਧੀਆ ਲੱਗਦਾ ਹੈ, ਪਰ ਜਦੋਂ ਜ਼ਿੰਮੇਵਾਰੀਆਂ ਵਧਦੀਆਂ ਹਨ ਤਾਂ ਮੁਸ਼ਕਿਲਾਂ ਖੜ੍ਹੀਆਂ ਹੋ ਜਾਂਦੀਆਂ ਹਨ। ਜਦੋਂ ਵਿਆਹ ਤੋਂ ਬਾਅਦ ਦੋਵੇਂ ਜੀ ਵਿਦੇਸ਼ੀ ਸੱਭਿਆਚਾਰ ਵਿੱਚ ਇੱਕ ਦੂਜੇ ਨੂੰ ਸੰਭਾਲਣਾ ਸਿੱਖ ਜਾਂਦੇ ਹਨ ਤਾਂ ਪਰਿਵਾਰ ਨੂੰ ਅੱਗੇ ਵਧਾਉਣ ਬਾਰੇ ਸੋਚਿਆ ਜਾਂਦਾ ਹੈ। ਬੱਚਾ ਹੋਣ ’ਤੇ ਫਿਰ ਮਾਪਿਆਂ ਦੀ ਭੂਮਿਕਾ ਵਧਦੀ ਹੈ। ਬੱਚੇ ਨੂੰ ਸੰਭਾਲਣ ਦੇ ਨਾਲ ਨਾਲ ਉਨ੍ਹਾਂ ਨੂੰ ਬੇਗਾਨੇ ਮੁਲਕ ਨੂੰ ਦੇਖਣ ਦਾ ਚਾਅ ਹੁੰਦਾ ਹੈ।
ਇਹ ਚਾਅ ਅਕਸਰ ਥੋੜ੍ਹੇ ਦਿਨਾਂ ਵਿੱਚ ਹੀ ਉਤਰ ਜਾਂਦਾ ਹੈ। ਚਾਅ ਉਤਰਨ ਤੋਂ ਬਾਅਦ ਸਮੱਸਿਆ ਸ਼ੁਰੂ ਹੁੰਦੀ ਹੈ ਸਮਾਂ ਬਿਤਾਉਣ ਦੀ। ਦਰਅਸਲ, ਵਿਦੇਸ਼ ਵਿੱਚ ਘਰ ਬੈਠੇ ਨੂੰ ਖਾਣਾ ਨਹੀਂ ਮਿਲਦਾ, ਇਹ ਉੱਥੋਂ ਦਾ ਆਦਰਸ਼ ਹੈ। ਮਾਪਿਆਂ ਦੇ ਦੇਸ਼ ਦੀ ਮੁਦਰਾ ਨਾਲ ਇੱਥੋਂ ਦੀਆਂ ਲੋੜਾਂ ਪੂਰੀਆਂ ਨਹੀਂ ਕੀਤੀਆਂ ਜਾ ਸਕਦੀਆਂ ਤੇ ਆਰਥਿਕ ਤੌਰ ’ਤੇ ਵੀ ਮਾਪਿਆਂ ਨੂੰ ਬੱਚਿਆਂ ਦੇ ਮੂੰਹ ਵੱਲ ਤੱਕ ਕੇ ਆਸ ਲਗਾਉਣੀ ਪੈਂਦੀ ਹੈ ਜੋ ਸਿੱਧੇ ਤੌਰ ’ਤੇ ਕਈ ਸਮੱਸਿਆਵਾਂ ਨੂੰ ਜਨਮ ਦਿੰਦੀ ਹੈ। ਨੂੰਹ-ਪੁੱਤ ਕੰਮ ’ਤੇ ਨਹੀਂ ਜਾਣਗੇ ਤਾਂ ਘਰ ਦੀ ਅਰਥਵਿਵਸਥਾ ਚਰਮਰਾਉਣੀ ਲਾਜ਼ਮੀ ਹੈ ਅਤੇ ਅਜਿਹੇ ਵਿੱਚ ਮਾਪੇ ਆਪਣੇ ਆਪ ਨੂੰ ਅਣਡਿੱਠਾ ਕੀਤਾ ਮਹਿਸੂਸ ਕਰਨ ਲੱਗਦੇ ਹਨ ਜਿਸ ਕਰਕੇ ਹੌਲੀ ਹੌਲੀ ਉਨ੍ਹਾਂ ਦਾ ਇਸ ਮੁਲਕ ਵਿੱਚ ਜੀਅ ਲੱਗਣੋਂ ਹਟ ਜਾਂਦਾ ਹੈ। ਉਹ ਮਾਪੇ ਜਿਨ੍ਹਾਂ ਨੇ ਆਪਣੇ ਦੇਸ਼ ਵਿੱਚ ਪੂਰੀ ਆਜ਼ਾਦੀ ਮਾਣ ਕੇ ਆਪਣੇ ਬਚਪਨ ਤੋਂ ਲੈ ਕੇ ਜਵਾਨੀ ਦੇ ਅੰਤ ਤੱਕ ਜ਼ਿੰਦਗੀ ਨੂੰ ਆਨੰਦ ਨਾਲ ਮਾਣਿਆ ਸੀ, ਅੱਜ ਇੱਕ ਅਜਿਹੀ ਜਗ੍ਹਾ ਆ ਕੇ ਕਮਰੇ ਵਿੱਚ ਤਾੜੇ ਗਏ ਜਿੱਥੇ ਉਨ੍ਹਾਂ ਦਾ ਸਮਾਜਿਕ ਤਾਣਾ-ਬਾਣਾ ਮੌਜੂਦ ਨਹੀਂ ਤੇ ਉਹ ਵੀ ਜ਼ਿੰਦਗੀ ਦੇ ਅਜਿਹੇ ਪੜਾਅ ਵਿੱਚ ਜਦੋਂ ਉਨ੍ਹਾਂ ਦੇ ਬੁਢਾਪੇ ਦੀ ਸ਼ੁਰੂਆਤ ਹੈ।
ਬੜੇ ਚਾਅ ਨਾਲ ਵਿਦੇਸ਼ ਆਏ ਮਾਪਿਆਂ ਨੂੰ ਦਿਨਾਂ ਵਿੱਚ ਹੀ ਜ਼ਿੰਦਗੀ ਸਜ਼ਾ ਜਾਪਣ ਲੱਗ ਜਾਂਦੀ ਹੈ। ਜਾਪੇ ਵੀ ਕਿਉਂ ਨਾ, ਜਿਨ੍ਹਾਂ ਨੇ ਸਾਰੀ ਉਮਰ ਖੁੱਲ੍ਹੇ ਮਾਹੌਲ ਵਿੱਚ ਹੰਢਾਈ ਹੋਵੇ ਤੇ ਅਚਾਨਕ ਉਸ ਨੂੰ ਕਿਸੇ ਹੋਰ ਮੁਲਕ ਦੇ ਸਿਸਟਮ ਦੇ ਅਨੁਸਾਰ ਢਲਣਾ ਪੈ ਜਾਵੇ ਤਾਂ ਸਜ਼ਾ ਮੰਨਣਾ ਸਹੀ ਹੀ ਹੈ। ਮਾਂ ਦੀ ਮੁੱਖ ਜ਼ਿੰਮੇਵਾਰੀ ਛੋਟੇ ਬੱਚੇ ਨੂੰ ਸਾਂਭਣ ਤੋਂ ਲੈ ਕੇ ਘਰ ਦੇ ਹਰ ਉਹ ਕੰਮ ਕਰਨ ਦੀ ਬਣ ਜਾਂਦੀ ਜੋ ਆਪਣੇ ਦੇਸ਼ ਵਿੱਚ ਘਰੇਲੂ ਔਰਤਾਂ ਚਾਅ ਨਾਲ ਕਰਦੀਆਂ ਹਨ ਜਾਂ ਘਰ ਵਿੱਚ ਨੌਕਰਾਣੀਆਂ ਕਰਦੀਆਂ ਸਨ। ਇਸੇ ਤਰ੍ਹਾਂ ਪਿਤਾ ਦੀ ਡਿਊਟੀ ਨਿੱਕੇ ਬੱਚਿਆਂ ਨੂੰ ਸਕੂਲ, ਪਾਰਕ ਅਦਿ ਲਿਜਾਣ ਤੋਂ ਲੈ ਕੇ ਘਰ ਵਿੱਚ ਲੋੜੀਂਦੀਆਂ ਵਸਤਾਂ ਦਾ ਪ੍ਰਬੰਧ ਕਰਨ ਦੀ ਲੱਗਦੀ ਹੈ। ਆਪਣੇ ਦੇਸ਼ ਵਿੱਚ ਭਾਵੇਂ ਮੀਆਂ-ਬੀਵੀ ਵਿੱਚ ਅਣਬਣ ਹੀ ਰਹਿੰਦੀ ਹੋਵੇ, ਪਰ ਹੁਣ ਦੋਵਾਂ ਨੂੰ ਇੱਕ ਦੂਜੇ ਦਾ ਸਹਾਰਾ ਬਣ ਕੇ ਜਿਊਣਾ ਪੈਂਦਾ ਹੈ। ਜੀਅ ਤਾਂ ਕਰਦਾ ਕਿ ਨੂੰਹ-ਪੁੱਤ ਨੂੰ ਆਖ ਦੇਈਏ ਕਿ ਸਾਨੂੰ ਵਾਪਸ ਭੇਜ ਦਿਓ, ਪਰ ਦੂਜੇ ਪਾਸੇ ਪੋਤੇ/ਪੋਤੀ ਦਾ ਮੋਹ ਅਜਿਹਾ ਕਰਨ ਤੋਂ ਰੋਕ ਦਿੰਦਾ ਹੈ। ਫਿਰ ਇੰਝ ਜਾਪਦਾ ਹੈ ਕਿ ਜੇਕਰ ਅਸੀਂ ਵੀ ਕੋਲ ਨਾ ਰਹੇ ਤਾਂ ਇਹ ਨਵੀਂ ਪੀੜ੍ਹੀ ਰੁਲ ਜਾਵੇਗੀ। ਬਸ ਇਸ ਉਮੀਦ ’ਚ ਦਿਨ ਕੱਟੀ ਜਾਂਦੇ ਹਨ ਕਿ ਸ਼ਾਇਦ ਹਾਲਾਤ ਅੱਜ ਨਾਲੋਂ ਬਿਹਤਰ ਹੋ ਜਾਣ।
ਇਸ ਦੇ ਨਾਲ ਹੀ ਜੇਕਰ ਕੋਈ ਵਾਪਸ ਜਾਣ ਦੀ ਫਰਿਆਦ ਰੱਖਦਾ ਹੈ ਤਾਂ ਘਰੇਲੂ ਹਾਲਾਤ ਨੂੰ ਮੂਹਰੇ ਰੱਖਿਆ ਜਾਂਦਾ ਹੈ ਕਿ ਕਿਸੇ ਇੱਕ ਨੂੰ ਕੰਮ ਛੱਡ ਕੇ ਜਵਾਕ ਸਾਂਭਣੇ ਪੈਣਗੇ ਤਾਂ ਘਰੇਲੂ ਮਿਆਰ ਡਿੱਗ ਜਾਵੇਗਾ ਜਿਸ ਦੇ ਜ਼ਿੰਮੇਵਾਰ ਮਾਪਿਆਂ ਨੂੰ ਮੰਨਿਆ ਜਾਵੇਗਾ। ਅਜਿਹੇ ਵਿੱਚ ਮਨ ਨੂੰ ਸ਼ਾਂਤ ਕਰਨ ਲਈ ਪਾਰਕਾਂ ਅਦਿ ਵਿੱਚ ਆਪਣੇ ਹਮਉਮਰਾਂ ਨਾਲ ਮੁਲਾਕਾਤਾਂ ਹੁੰਦੀਆਂ ਹਨ ਤੇ ਦੁੱਖ ਸੁੱਖ ਸਾਂਝੇ ਹੁੰਦੇ ਹਨ, ਪਰ ਘਰ ਵਿੱਚ ਆ ਕੇ ਫਿਰ ਤੋਂ ਸਭ ਮਜਬੂਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮੀਆਂ ਤਾਂ ਫਿਰ ਵੀ ਕਿਸੇ ਕੰਮ ਕਰਕੇ ਘਰੋਂ ਬਾਹਰ ਫਿਰ ਆਉਂਦਾ ਹੈ, ਪਰ ਬੀਵੀ ਦੀ ਘਰ ਵਿੱਚ ਹਾਲਤ ਦਿਨੋਂ ਦਿਨ ਖਰਾਬ ਹੁੰਦੀ ਜਾਂਦੀ ਹੈ। ਵੇਲੇ ਕੁਵੇਲੇ ਬਹੁਤ ਥੋੜ੍ਹੇ ਸਮੇਂ ਲਈ ਆਪਣੇ ਦੇਸ਼ ਜਾਣ ਦਾ ਮੌਕਾ ਮਿਲਦਾ ਹੈ, ਪਰ ਪੋਤੇ/ਪੋਤੀ ਦਾ ਹਵਾਲਾ ਦੇ ਕੇ ਮੁੜਨਾ ਹੀ ਪੈਂਦਾ ਹੈ।
ਬੁਢਾਪੇ ਤੇ ਨਿਰਾਸ਼ਾ ਦੇ ਇਸ ਦੌਰ ਵਿੱਚ ਹੁਣ ਮਜਬੂਰੀ ਵਾਲਾ ਪੜਾਅ ਚੱਲ ਪੈਂਦਾ ਹੈ ਅਤੇ ਇਸ ਘੁਟਣ ਵਿੱਚ ਮਾਪਿਆਂ ਦਾ ਬੱਚਿਆਂ ਨਾਲ ਮੋਹ ਘਟਣਾ ਸ਼ੁਰੂ ਹੋ ਜਾਂਦਾ ਹੈ ਤੇ ਪਰਵਾਸ ਕਰਨ ਵਾਲੇ ਫ਼ੈਸਲੇ ਨੂੰ ਜ਼ਿੰਦਗੀ ਦਾ ਸਭ ਤੋਂ ਗ਼ਲਤ ਫ਼ੈਸਲਾ ਮੰਨਿਆ ਜਾਣ ਲੱਗਦਾ ਹੈ। ਜਿਵੇਂ ਜਿਵੇਂ ਪੋਤਾ/ਪੋਤੀ ਵੱਡੇ ਹੁੰਦੇ ਜਾਂਦੇ ਹਨ, ਉਵੇਂ ਉਵੇਂ ਮਾਪਿਆਂ ਤੇ ਬੱਚਿਆਂ ਵਿੱਚ ਵਖਰੇਵੇਂ ਵੀ ਵਧਣ ਲੱਗਦੇ ਹਨ ਕਿਉਂਕਿ ਪੋਤਾ-ਪੋਤੀ ਵੀ ਉੱਥੋਂ ਦੇ ਸੱਭਿਆਚਾਰ ਵਿੱਚ ਘੁਲ ਮਿਲ ਜਾਂਦੇ ਹਨ। ਹੁਣ ਮਾਪਿਆਂ ਕੋਲ ਖੋਣ ਲਈ ਕੁਝ ਨਹੀਂ ਬਚਦਾ। ਘੁੱਟ ਕੇ ਰਹਿਣ ਦੀ ਆਦਤ ਵੀ ਲਗਭਗ ਪੈ ਹੀ ਚੁੱਕੀ ਹੁੰਦੀ ਹੈ, ਪਰ ਇੱਕ ਅਹਿਮ ਅਹਿਸਾਸ ਜ਼ਹਿਨ ਅੰਦਰ ਹੋਣ ਲੱਗਦਾ ਹੈ ਕਿ ਆਪਣੇ ਬੱਚਿਆਂ ਨੂੰ ਬਿਨਾਂ ਕਿਸੇ ਏਜੰਡੇ ਦੇ ਵਿਦੇਸ਼ ਭੇਜ ਕੇ ਆਪਣੇ ਹੱਥੀਂ ਆਪਣੀ ਜ਼ਿੰਦਗੀ ਨਰਕ ਬਣਾ ਕੇ ਆਪਣਾ ਬੁਢਾਪਾ ਰੋਲ ਲਿਆ। ਅਜਿਹਾ ਨਹੀਂ ਕਿ ਹਰ ਘਰ ਦੀ ਇਹੀ ਕਹਾਣੀ ਹੈ, ਪਰ ਪੰਜਾਬ ਦੇ ਬਹੁਤ ਸਾਰੇ ਅਜਿਹੇ ਘਰ ਹਨ ਜਿਨ੍ਹਾਂ ਦੇ ਜੀਆਂ ਨੇ ਅਜਿਹੇ ਗ਼ਲਤ ਫ਼ੈਸਲਿਆਂ ਦਾ ਨਤੀਜਾ ਭੁਗਤਿਆ ਤੇ ਭੁਗਤ ਰਹੇ ਹਨ।
ਸੰਪਰਕ: 98889-21290