ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਹਿਰਮ ਦਿਲਾਂ ਦੇ ਮਾਹੀ, ਮੋੜੇਂਗਾ ਕਦ ਮੁਹਾਰਾਂ...

04:56 AM Feb 01, 2025 IST
featuredImage featuredImage

ਅਸ਼ੋਕ ਬਾਂਸਲ ਮਾਨਸਾ

Advertisement

ਅਣਮੁੱਲੇ ਗੀਤਕਾਰ: ਸਾਧੂ ਸਿੰਘ ਆਂਚਲ

Advertisement

ਮਹਿਰਮ ਦਿਲਾਂ ਦੇ ਮਾਹੀ, ਮੋੜੇਂਗਾ ਕਦ ਮੁਹਾਰਾਂ
ਦਿਨ ਰਾਤ ਤੜਪਦੇ ਨੇ, ਅਰਮਾਨ ਬੇਸ਼ੁਮਾਰਾਂ
ਯਾਦਾਂ ਦੇ ਖੰਭ ਲਾ ਕੇ, ਆਈ ਹਾਂ ਕੋਲ ਤੇਰੇ
ਸੀਨੇ ਦੀ ਧੜਕਣਾਂ ’ਚੋਂ ਸੁਣਦੀ ਹਾਂ ਬੋਲ ਤੇਰੇ
ਹਰ ਵੇਲੇ ਤੇਰੀਆਂ ਹੀ ਮੈਂ ਲੱਭਦੀ ਫਿਰਾਂ ਨੁਹਾਰਾਂ
ਮਹਿਰਮ ਦਿਲਾਂ ਦੇ ਮਾਹੀ...
ਸਾਲ 1975 ਵਿੱਚ ਇਹ ਗੀਤ ਪੰਨਾ ਲਾਲ ਕੱਥਕ ਦੇ ਸੰਗੀਤ ਵਿੱਚ ਸੁਰਿੰਦਰ ਕੌਰ ਦੀ ਸੁਰੀਲੀ ਆਵਾਜ਼ ’ਚ ਹਿਜ਼ ਮਾਸਟਰਜ਼ ਵਾਇਸ ਕੰਪਨੀ ਨੇ ਰਿਕਾਰਡ ਕੀਤਾ। ਇਹ ਗੀਤ ਰੇਡੀਓ ’ਤੇ ਬਹੁਤ ਵੱਜਿਆ। ਇਸ ਗੀਤ ਦੇ ਗੀਤਕਾਰ ਹਨ ਸਾਧੂ ਸਿੰਘ ਆਂਚਲ। ਇਸ ਗੀਤ ਨਾਲ ਆਂਚਲ ਦੀ ਪ੍ਰਸਿੱਧੀ ਬਹੁਤ ਵਧ ਗਈ ਸੀ। ਉਂਜ ਸੁਰਿੰਦਰ ਕੌਰ ਦੀ ਆਵਾਜ਼ ਵਿੱਚ ਹੀ ਸਾਧੂ ਸਿੰਘ ਆਂਚਲ ਦਾ ਲਿਖਿਆ ਗੀਤ ਇਸ ਤੋਂ ਪਹਿਲਾਂ 1974 ਵਿੱਚ ਰਿਕਾਰਡ ਹੋ ਗਿਆ ਸੀ, ਜਿਸ ਦੇ ਬੋਲ ਸਨ;
ਪੈਰੀਂ ਨਵੀਆਂ ਝਾਂਜਰਾਂ ਪਾਈਆਂ
ਲੰਬੜਾਂ ਦੀ ਬੰਤੋ ਨੇ
ਛਣ ਛਣ ਛਣਕਾਈਆਂ
ਲਬੜਾਂ ਦੀ ਬੰਤੋ ਨੇ
ਸਾਧੂ ਸਿੰਘ ਆਂਚਲ ਦਾ ਜਨਮ 9 ਅਕਤੂਬਰ 1932 ਨੂੰ ਪਿਤਾ ਬਚਿੱਤਰ ਸਿੰਘ ਅਤੇ ਮਾਤਾ ਕਿਰਪਾਲ ਕੌਰ ਦੇ ਘਰ ਪਿੰਡ ਪਧਿਆਣਾ, ਜ਼ਿਲ੍ਹਾ ਜਲੰਧਰ ਵਿੱਚ ਹੋਇਆ। ਉਸ ਨੇ ਮੁੱਢਲੀ ਸਿੱਖਿਆ ਪਿੰਡ ਦੇ ਹੀ ਸਰਕਾਰੀ ਸਕੂਲ ਤੋਂ ਪ੍ਰਾਪਤ ਕੀਤੀ। ਫਿਰ ਉਹ ਬੀਏ ਕਰ ਕੇ ਦਿੱਲੀ ਪੁਲੀਸ ਵਿੱਚ ਭਰਤੀ ਹੋ ਗਿਆ। ਆਪਣੀ ਨੌਕਰੀ ਦੌਰਾਨ ਹੀ ਉਸ ਨੇ ਦਿੱਲੀ ਯੂਨੀਵਰਸਿਟੀ ਤੋਂ ਐੱਮਏ ਪੰਜਾਬੀ ਕੀਤੀ। ਉਸ ਨੂੰ ਸਕੂਲ ਦੇ ਵੇਲੇ ਤੋਂ ਹੀ ਗੀਤਾਂ ਦਾ ਸ਼ੌਕ ਸੀ। ਆਪ ਹੀ ਗੀਤ ਲਿਖਣ ਦਾ ਤੇ ਲਿਖ ਕੇ ਆਪ ਗਾਉਣ ਦਾ। ਉਸ ਦਾ ਗਾਉਣ ਦਾ ਸ਼ੌਕ ਪ੍ਰਫੁੱਲਤ ਨਾ ਹੋ ਸਕਿਆ ਤੇ ਗੀਤਕਾਰੀ ਵਾਲਾ ਸ਼ੌਕ ਬਹੁਤ ਜ਼ਿਆਦਾ ਤਪਸ਼ ਫੜ ਗਿਆ। ਪਿੰਡ ਦੀ ਪੜ੍ਹਾਈ ਤੋਂ ਬਾਅਦ ਉਸ ਦੀ ਸਾਰੀ ਜ਼ਿੰਦਗੀ ਦਿੱਲੀ ’ਚ ਹੀ ਬੀਤੀ, ਪਰ ਪਿੰਡ ਦੇ ਜੰਮੇ ਜਾਏ ਹੋਣ ਕਰਕੇ ਉਸ ਦੇ ਗੀਤਾਂ ’ਚ ਹਮੇਸ਼ਾ ਪੰਜਾਬ ਦੇ ਪਿੰਡਾਂ ਦੀ ਹੀ ਤਸਵੀਰ ਨਜ਼ਰੀਂ ਪੈਂਦੀ ਸੀ;
ਤੂੰ ਨਾ ਆਵੇਂ ਘਰ ਵੇ, ਮੇਰਾ ਮੱਚੇ ਕਾਲਜਾ
ਰਾਤੀਂ ਲੱਗਦੈ ਡਰ ਵੇ, ਮੇਰਾ ਮੱਚੇ ਕਾਲਜਾ
ਜੂਹਾਂ ਵਿੱਚੋਂ ਚਰ ਕੇ ਮੁੜੀਆਂ, ਘਰ ਨੂੰ ਮੱਝੀਆਂ ਗਾਈਆਂ
ਇੱਕ-ਇੱਕ ਕਰਕੇ ਲਿਸ਼ਕੇ ਤਾਰੇ, ਅੰਬਰੀਂ ਲਾਲੀਆਂ ਛਾਈਆਂ
ਮੈਂ ਦਿਲਗੀਰ ਵਿਯੋਗ ਤੇਰੇ ਵਿੱਚ ਤਰਲੇ ਰਹੀਆਂ ਕਰ ਵੇ
ਮੇਰਾ ਮੱਚੇ ਕਾਲਜਾ, ਤੂੰ ਨਾ ਆਵੇਂ ਘਰ ਵੇ...
ਸਾਲ 1982 ਵਿੱਚ ਐੱਚਐੱਮਵੀ ਨੇ ਪਹਿਲੀ ਵਾਰ ਜਸਪਿੰਦਰ ਨਰੂਲਾ ਨੂੰ ਰਿਕਾਰਡ ਕੀਤਾ ਸੀ। ਇਸ ਵਿੱਚ ਸਾਰੇ ਗੀਤ ਆਧੁਨਿਕ ਸੰਗੀਤ ਨਾਲ ‘ਡਿਸਕੋ ਦੀ ਰਾਤ ਚੰਨਾ’ ਟਾਇਟਲ ਹੇਠ ਰਿਕਾਰਡ ਕੀਤੇ ਗਏ। ਇਸ ਵਿੱਚ ਆਂਚਲ ਦਾ ਗੀਤ ਹੈ;
ਆ ਵੀ ਜਾ, ਆ ਵੀ ਜਾ ਆ ਗਈ ਬਹਾਰ ਸਾਡੇ ਵਿਹੜੇ
ਬੁਲਬਲਾਂ ਨੇ ਗੀਤ ਗਾਉਂਦੀਆਂ ਭੌਰਾਂ ਨੇ ਮਲਹਾਰ ਛੇੜੇ...
ਸਾਲ 1980 ਵਿੱਚ ਐੱਚਐੱਮਵੀ ਕੰਪਨੀ ਨੇ ਅੱਠ ਗੀਤਾਂ ਵਾਲਾ ਇੱਕ ਵੱਡਾ ਰਿਕਾਰਡ ਬਣਾਇਆ, ਜਿਸ ਵਿੱਚ ਸਾਰੇ ਦੋਗਾਣੇ ਰਿਕਾਰਡ ਕੀਤੇ ਗਏ। ਇਸ ਰਿਕਾਰਡ ਵਿੱਚ ਉਸ ਸਮੇਂ ਦੀਆਂ ਸਾਰੀਆਂ ਵੱਡੀਆਂ ਗਾਇਕ ਜੋੜੀਆਂ ਦੇ ਦੋਗਾਣੇ ਸਨ, ਜਿਨ੍ਹਾਂ ਵਿੱਚ ਮੁਹੰਮਦ ਸਦੀਕ-ਰਣਜੀਤ ਕੌਰ, ਕੇ. ਦੀਪ- ਜਗਮੋਹਣ ਕੌਰ, ਦੀਦਾਰ ਸੰਧੂ-ਸੁਰਿੰਦਰ ਕੌਰ, ਏ. ਐੱਸ. ਕੰਗ-ਸੁਰਿੰਦਰ ਕੌਰ। ਇਸ ਰਿਕਾਰਡ ਵਿੱਚ ਏ. ਐੱਸ. ਕੰਗ ਅਤੇ ਸੁਰਿੰਦਰ ਕੌਰ ਦੀ ਆਵਾਜ਼ ਵਿੱਚ ਦੋਵੇਂ ਹੀ ਗੀਤ, ਸਾਧੂ ਸਿੰਘ ਆਂਚਲ ਦੇ ਸਨ। ਇੱਕ ਦੋਗਾਣੇ ਦੇ ਬੋਲ ਸਨ;
ਮੈਨੂੰ ਹੀਰ ਕਹਿ ਕੇ ਫੇਰ ਨਾ ਬੁਲਾਈਂ ਮੁੰਡਿਆ
ਵੇ ਰਾਹ ਜਾਂਦੀ ਨਾ ਬਲਾ ਗਲ ਪਾਈਂ ਮੁੰਡਿਆ
ਦੂਸਰੇ ਦੋਗਾਣੇ ਵਿੱਚ ਪਤਨੀ-ਪਤੀ ਨੂੰ ਵਿਦੇਸ਼ ਜਾਣ ਤੋਂ ਰੋਕਦੀ ਹੈ ਤੇ ਉਸ ਨੂੰ ਸਮਝਾਉਂਦੀ ਹੈ ਕਿ ਪਿੰਡ ਦੀ ਕਮਾਈ ਵੀ ਵਲਾਇਤ ਤੋਂ ਘੱਟ ਨਹੀਂ:
ਪਤਨੀ-ਦਿਨ ਕੱਟ ਵੇ ਜੱਟਾ ਦਿਨ ਕੱਟ ਵੇ
ਸਾਨੂੰ ਪਿੰਡ ਦੀ ਕਮਾਈ ਨਾ ਵਲੈਤੋਂ ਘੱਟ ਵੇ
ਪਤੀ-ਕਿੰਝ ਕੱਟੀਏ ਨੀਂ ਦਿਨ ਕਿੰਝ ਕੱਟੀਏ
ਬੁਰਾ ਹਾਲ ਬਾਂਕੇ ਨੇ ਦਿਹਾੜੇ ਜੱਟੀਏ
ਸਾਲ 1981 ਵਿੱਚ ਐੱਚਐੱਮਵੀ ਕੰਪਨੀ ਨੇ ਇੰਗਲੈਂਡ ਦੀ ਗਾਇਕਾ, ਮਹਿੰਦਰਜੀਤ ਕੌਰ ਭਮਰਾ ਦਾ ਐੱਲਪੀ ਰਿਕਾਰਡ ‘ਬਹਾਰਾਂ ਖਿੜ ਪਈਆਂ’ ਟਾਇਟਲ ਹੇਠ ਬਣਾਇਆ। ਇਸ ਵਿੱਚ ਆਂਚਲ ਦੀ ਲਿਖੀ ‘ਸੱਸੀ’ ਬਹੁਤ ਸਰਾਹੀ ਗਈ, ਜਿਸ ਦੇ ਬੋਲ ਹਨ;
ਬਹਿ ਖੁਰੇ ’ਤੇ ਡਾਚੀ ਦੇ, ਸੱਸੀ ਪੁੰਨਣਾ ਪੁੰਨਣਾ ਕਰਦੀ
ਦੁਨੀਆਂ ਬੇਦਰਦਾਂ ਦੀ, ਕੋਈ ਨਜ਼ਰ ਨਾ ਆਵੇ ਦਰਦੀ
ਛੱਡ ਗਿਓਂ ਬਲੋਚਾ ਵੇ, ਕਾਹਨੂੰ ਲਾਰੇ ਉਮਰ ਦੇ ਲਾ ਕੇ
ਤੂੰ ਤੁਰ ਪ੍ਰਦੇਸ ਗਿਓਂ, ਕਿਸੇ ਦੀ ਜਾਨ ਦੁੱਖਾਂ ਵਿੱਚ ਪਾ ਕੇ
ਸਾਲ 1982 ਵਿੱਚ ਐੱਚਐੱਮਵੀ ਕੰਪਨੀ ਨੇ ਸਾਰੇ ਵੱਡੇ ਕਲਾਕਾਰਾਂ ਦਾ ਇੱਕ ਐੱਲਪੀ ਰਿਕਾਰਡ ਬਣਾਇਆ, ਜਿਸ ਨੂੰ ਐੱਚਐੱਮਵੀ ਨਾਈਟ ਦਾ ਨਾਂ ਦਿੱਤਾ ਗਿਆ। ਇਸ ਵਿੱਚ ਮੁਹੰਮਦ ਸਦੀਕ-ਰਣਜੀਤ ਕੌਰ, ਸੁਰਿੰਦਰ ਛਿੰਦਾ-ਗੁਲਸ਼ਨ ਕੋਮਲ, ਕੁਲਦੀਪ ਮਾਣਕ, ਗੁਰਦਾਸ ਮਾਨ, ਕੇ. ਦੀਪ-ਜਗਮੋਹਣ ਕੌਰ, ਕੇ.ਐੱਸ. ਕੂਨਰ, ਏ.ਐੱਸ. ਕੰਗ ਦੀਆਂ ਆਵਾਜ਼ਾਂ ਵਿੱਚ ਗੀਤ ਰਿਕਾਰਡ ਕੀਤੇ ਗਏ। ਇਸ ਰਿਕਾਰਡ ਵਿੱਚ ਏ.ਐੱਸ. ਕੰਗ ਦੀ ਆਵਾਜ਼ ਵਿੱਚ ਰਿਕਾਰਡ ਹੋਏ ਸਾਧੂ ਸਿੰਘ ਆਂਚਲ ਦੇ ਗੀਤ ਦੇ ਬੋਲ ਸਨ;
ਮੋਰ ਪੰਖੀਆ ਚੁੰਨੀ ਲੈ ਕੇ, ਲੁਕ-ਲੁਕ ਕਰੇਂ ਇਸ਼ਾਰੇ
ਨੀਂ ਅੱਲ੍ਹੜ ਮੁਟਿਆਰੇ
ਦੰਦ ਤੇਰੇ ਜਿਉਂ ਚਿੱਟਾ ਮੋਤੀਆ,
ਖਿੜ-ਖਿੜ ਮਹਿਕ ਖਿਲਾਰੇ
ਨੀਂ ਅੱਲ੍ਹੜ ਮੁਟਿਆਰੇ!
ਕੁਲਦੀਪ ਮਾਣਕ ਦੀ ਆਵਾਜ਼ ਵਿੱਚ ਸਾਧੂ ਸਿੰਘ ਆਂਚਲ ਦੇ ਲਿਖੇ ਧਾਰਮਿਕ ਗੀਤਾਂ ਦੀ ਐਲਬਮ ਰਿਕਾਰਡ ਹੋਈ, ਜਿਸ ਦਾ ਟਾਇਟਲ ਸੀ ‘ਦਸਮੇਸ਼ ਦਰਸ਼ਨ’:
ਥੋੜ੍ਹੇ ਜਿਹੇ ਸਿੰਘ
ਨਾਲੇ ਸਾਰਾ ਪਰਿਵਾਰ ਏ
ਪਿੱਛੇ ਪਿੱਛੇ ਸਾਰੇ ਅੱਗੇ ਸ਼ਾਹ ਅਸਵਾਰ ਏ
ਪਿਆ ‘ਆਂਚਲ’ ਵਿਛੋੜਾ ਡਾਹਢਾ ਭਾਰਾ
ਕਿਸੇ ਤੋਂ ਨਾ ਜਾਵੇ ਝੱਲਿਆ
ਵੇਖੋ ਹੋ ਕੇ ਮਜਬੂਰ ਬਾਜ਼ਾਂ ਵਾਲਾ
ਅਨੰਦਪੁਰ ਛੱਡ ਚੱਲਿਆ
ਹੰਸ ਰਾਜ ਹੰਸ ਦੀ ਆਵਾਜ਼ ਵਿੱਚ ਆਂਚਲ ਦਾ ਗੀਤ ਦੇਖੋ;
ਖਿੜ-ਖਿੜ ਹੱਸਦੀ ਦੇ ਨੀਂ
ਕਿਰ ਜਾਣ ਨਾ ਚੰਦਰੀਏ ਹਾਸੇ
ਅੱਧਾ ਸ਼ਹਿਰ ਤੂੰ ਲੁੱਟਿਆ
ਅੱਧਾ ਲੁੱਟ ਲਿਆ ਤੇਰੇ ਨੀਂ ਦੰਦਾਸੇ
ਸਰਦੂਲ ਸਿਕੰਦਰ ਦੀ ਸਭ ਤੋਂ ਹਿੱਟ ਐਲਬਮ ‘ਹੁਸਨਾਂ ਦੇ ਮਾਲਕੋ’ ਜਿਸ ਨੂੰ ਚਰਨਜੀਤ ਆਹੂਜਾ ਨੇ ਸੰਗੀਤਬੱਧ ਕੀਤਾ ਸੀ, ਉਸ ਵਿੱਚ ਆਂਚਲ ਦਾ ਗੀਤ ਹੈ;
ਕੁੜੀ ਦੁਆਬੇ ਦੀ, ਨੱਚ ਨੱਚ ਧਰਤ ਹਿਲਾਵੇ
ਮਾਲਵੇ ਮਾਝੇ ਦੀ, ਤਾਬ ਝੱਲੀ ਨਾ ਜਾਵੇ
ਆ ਵੇ ਪ੍ਰਾਹੁਣਿਆ, ਬਹਿ ਵੇ ਪ੍ਰਾਹੁਣਿਆ
ਕਿੱਥੇ ਤਾਂ ਤੇਰਾ ਘਰ ਵੇ
ਆਂਚਲ ਨੇ ਦਿੱਲੀ ਪੁਲੀਸ ਵਿੱਚ ਰਹਿੰਦਿਆਂ ਹੋਇਆਂ ਤਰੱਕੀਆਂ ਮਾਣੀਆਂ ਅਤੇ ਅਸਿਸਟੈਂਟ ਕਮਿਸ਼ਨਰ ਆਫ ਪੁਲੀਸ ਦੇ ਅਹੁਦੇ ਤੋਂ ਸੇਵਾਮੁਕਤ ਹੋਇਆ। ਆਪਣੇ ਸੇਵਾਕਾਲ ਦੌਰਾਨ ਉਸ ਨੇ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਦੀਆਂ ਸਵੈ-ਰੱਖਿਆ ਦੀਆਂ ਕਲਾਸਾਂ ਵੀ ਲਈਆਂ। ਸੀਬੀਐੱਸਈ ਦਿੱਲੀ ਦੁਆਰਾ ਪ੍ਰਕਾਸ਼ਿਤ ਨੌਵੀਂ ਜਮਾਤ ਦੀ ਕਿਤਾਬ ‘ਸਾਹਿਤਕ ਕਿਰਨਾਂ’ ਵਿੱਚ ਉਸ ਦਾ ਲੇਖ ‘ਸਵੈ ਰੱਖਿਆ’ ਸਿਲੇਬਸ ਵਿੱਚ ਪੜ੍ਹਾਇਆ ਜਾਂਦਾ ਹੈ।
ਉਸ ਨੇ ‘ਸੱਧਰਾਂ ਦੀਆਂ ਲਾਸ਼ਾਂ’ (1959), ‘ਬਿਰਹੋਂ ਪਿਆ ਸਾਡੇ ਖ਼ਿਆਲ’ (1967), ‘ਦਿਲ ਦੇ ਦਾਗ’ (1976), ‘ਆਹਾਂ ਤੇ ਅੱਥਰੂ’ (1988), ‘ਦਰਦ ਵਿਛੋੜੇ ਦਾ ਹਾਲ’ (1990) ਅਤੇ ‘ਨਹੀਂ ਰੀਸਾਂ ਪੰਜਾਬ ਦੀਆਂ’ (1993) ਪੁਸਤਕਾਂ ਵੀ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ। 20 ਅਗਸਤ 2017 ਨੂੰ ਪੰਜਾਬੀ ਗੀਤਕਾਰੀ ਦਾ ਇਹ ਰਾਂਗਲਾ ਆਂਚਲ ਹਮੇਸ਼ਾਂ ਲਈ ਸਾਥੋਂ ਖੁੱਸ ਗਿਆ।
ਸੰਪਰਕ: 98151-30226

Advertisement