ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿਸਰੀਆਂ ਪੁਰਾਤਨ ਕਦਰਾਂ ਕੀਮਤਾਂ

07:50 AM Feb 01, 2025 IST
featuredImage featuredImage

ਇੰਜ. ਜਗਜੀਤ ਸਿੰਘ ਕੰਡਾ
Advertisement

ਸੂਚਨਾ ਤਕਨਾਲੋਜੀ ਤੇ ਅੱਜ ਦੇ ਡਿਜ਼ੀਟਲ ਜ਼ਮਾਨੇ ਵਿੱਚ ਅਸੀਂ ਆਪਣੀਆਂ ਪੁਰਾਤਨ ਕਦਰਾਂ ਕੀਮਤਾਂ ਨੂੰ ਮਨੋਂ ਲਗਭਗ ਵਿਸਾਰ ਹੀ ਚੁੱਕੇ ਹਾਂ। ਨਵੀਂ ਪੀੜ੍ਹੀ ਤਾਂ ਉਨ੍ਹਾਂ ਰੀਤੀ-ਰਿਵਾਜਾਂ ਦੇ ਨਾਮ ਹੀ ਨਹੀਂ ਜਾਣਦੀ। ਭਾਵੇਂ ਬਦਲਾਅ ਮਨੁੱਖ ਦਾ ਸੁਭਾਅ ਤੇ ਕੁਦਰਤ ਦਾ ਨਿਯਮ ਹੈ, ਪ੍ਰੰਤੂ ਜਿਉਂ-ਜਿਉਂ ਅਸੀਂ ਆਪਣੀਆਂ ਪੁਰਾਤਨ ਕਦਰਾਂ ਕੀਮਤਾਂ ਤੋਂ ਦੂਰ ਹੁੰਦੇ ਜਾ ਰਹੇ ਹਾਂ, ਤਿਉਂ-ਤਿਉਂ ਅਸੀਂ ਆਪਣਿਆਂ ਤੋਂ ਵੀ ਦੂਰ ਹੋ ਰਹੇ ਹਾਂ।
ਪਹਿਲਾਂ ਜਦ ਕਿਸੇ ਦੇ ਘਰ ਨਿੱਕਾ ਨਿਆਣਾ ਜੰਮਦਾ ਸੀ ਤਾਂ ਕਿਸੇ ਚੰਗੇ ਤੇ ਠੰਢੇ ਸੁਭਾਅ ਵਾਲੇ ਇਨਸਾਨ ਤੋਂ ਗੁੜ੍ਹਤੀ ਦਿਵਾਈ ਜਾਂਦੀ ਸੀ ਕਿ ਇਹ ਵੀ ਵੱਡਾ ਹੋ ਕੇ ਚੰਗੇ ਗੁਣਾਂ ਵਾਲਾ ਇਨਸਾਨ ਬਣੇ। ਤੇਰਾਂ ਦਿਨਾਂ ਬਾਅਦ ਜਣੇਪੇ ਵਾਲੀ ਔਰਤ ਨੂੰ ਬਾਹਰ ਵਧਾਇਆ ਜਾਂਦਾ ਸੀ ਤੇ ਉਸ ਦਿਨ ਸਾਰੇ ਸ਼ਰੀਕੇ ਦੀ ਰੋਟੀ ਹੁੰਦੀ ਸੀ। ਆਂਢ-ਗੁਆਂਢ ਕੜਾਹ ਪ੍ਰਸ਼ਾਦ ਵੰਡਿਆ ਜਾਂਦਾ ਸੀ। ਪੰਜ ਸਾਲ ਤੱਕ ਤਾਂ ਜਵਾਕ ਆਪਣੀ ਮਾਂ ਦਾ ਦੁੱਧ ਹੀ ਚੁੰਘਦਾ ਰਹਿੰਦਾ ਸੀ ਤੇ ਘਰੇ ਹੀ ਦੜੰਗੇ ਮਾਰਦਾ ਸੀ। ਉਸ ਤੋਂ ਬਾਅਦ ਉਸ ਨੂੰ ਸਕੂਲ ਲਾਉਣ ਬਾਰੇ ਸੋਚਿਆ ਜਾਂਦਾ ਸੀ। ਅੱਜਕੱਲ੍ਹ ਦੀਆਂ ਔਰਤਾਂ ਆਧੁਨਿਕ ਜ਼ਮਾਨੇ ਦੀ ਹਨੇਰੀ ਵਿੱਚ ਬੱਚੇ ਨੂੰ ਮਸਾਂ ਹੀ ਛੇ ਮਹੀਨੇ ਦੁੱਧ ਚੁੰਘਾਉਂਦੀਆਂ ਹਨ। ਬਹੁਤੀਆਂ ਦੇ ਤਾਂ ਦੁੱਧ ਆਉਂਦਾ ਹੀ ਨਹੀਂ। ਵਿਚਾਰੇ ਜਵਾਕਾਂ ਨੂੰ ਕੈਮੀਕਲ ਵਾਲਾ ਦੁੱਧ ਸ਼ੀਸ਼ੀ ਰਾਹੀਂ ਪਿਆਉਣ ਕਾਰਨ ਉਨ੍ਹਾਂ ਦੀ ਸਿਹਤ ਪੱਖੋਂ ਨੀਂਹ ਪਹਿਲਾਂ ਹੀ ਕਮਜ਼ੋਰ ਰਹਿ ਜਾਂਦੀ ਹੈ, ਜਿਸ ਕਾਰਨ ਉਸ ਨੂੰ ਹਮੇਸ਼ਾਂ ਬਿਮਾਰੀਆਂ ਹੀ ਘੇਰੀ ਰੱਖਦੀਆਂ ਹਨ।
ਖ਼ੈਰ! ਅੱਜਕੱਲ੍ਹ ਵਾਲੇ ਮਾਪੇ ਸਿਰਫ਼ ਢਾਈ ਸਾਲਾਂ ਦੇ ਜਵਾਕ ਨੂੰ ਕਰੈੱਚ ਵਿੱਚ ਛੱਡ ਆਉਂਦੇ ਹਨ ਤੇ ਤਿੰਨ ਤੋਂ ਚਾਰ ਸਾਲਾਂ ਦੇ ਦਰਮਿਆਨ ਵਾਲੇ ਜਵਾਕ ਨੂੰ ਪ੍ਰਾਈਵੇਟ ਸਕੂਲ ਵਿੱਚ ਪੜ੍ਹਨੇ ਪਾ ਦਿੱਤਾ ਜਾਂਦਾ ਹੈ। ਇਸ ਨਾਲ ਬੱਚੇ ਦਾ ਮਾਨਸਿਕ ਬੋਝ ਕਾਰਨ ਸਰੀਰਕ ਤੇ ਦਿਮਾਗ਼ੀ ਤੌਰ ’ਤੇ ਵਿਕਾਸ ਘੱਟ ਹੁੰਦਾ ਹੈ। ਉਸ ਦਾ ਅਸਲ ਕਾਰਨ ਮਾਂ ਨਾਲੋਂ ਬੱਚੇ ਦਾ ਛੋਟੀ ਉਮਰ ਵਿੱਚ ਦੂਰ ਰਹਿਣਾ ਹੀ ਹੈ, ਜਿਸ ਕਾਰਨ ਬੱਚੇ ਦਾ ਸੁਭਾਅ ਚਿੜਚਿੜਾ ਰਹਿੰਦਾ ਹੈ।
ਪੁਰਾਤਨ ਦੌਰ ਸਮੇਂ ਮੁੰਡੇ ਜਾਂ ਕੁੜੀ ਦੇ ਵਿਆਹ ਸਮੇਂ ਨਾਨਕਿਆਂ ਦਾ ਟੱਬਰ ਤਕਰੀਬਨ ਮਹੀਨਾ ਪਹਿਲਾਂ ਹੀ ਆ ਜਾਂਦਾ ਸੀ ਤੇ ਕੰਮਾਂ ਕਾਰਾਂ ਵਿੱਚ ਹੱਥ ਵਟਾਉਂਦਾ ਸੀ। ਉਦੋਂ ਅੱਜ ਦੀ ਤਰ੍ਹਾਂ ਭਾਜੀ ਮੁੱਲ ਨਹੀਂ ਖ਼ਰੀਦੀ ਜਾਂਦੀ ਸੀ। ਘਰੇ ਹੀ ਵਿਆਹ ਤੋਂ ਕਈ-ਕਈ ਦਿਨ ਪਹਿਲਾਂ ਕੜਾਹੀ ਚੜ੍ਹਾ ਕੇ ਪਕਾਈ ਜਾਂਦੀ ਸੀ। ਇਕੱਠੇ ਬਹਿ ਕੇ ਲੱਡੂ ਵੱਟਦੇ, ਸੁੱਖ ਸਾਂਦ ਪੁੱਛਦੇ, ਕਿਸੇ ਦੀ ਬਿਮਾਰੀ ਦਾ ਦੇਸੀ ਇਲਾਜ ਦੱਸੀ ਜਾਂਦੇ, ਕਈ ਆਪਸੀ ਜਵਾਕਾਂ ਦੇ ਰਿਸ਼ਤੇ ਵੀ ਤੈਅ ਕਰ ਲੈਂਦੇ ਸਨ। ਬਰਾਤ ਚਾਰ-ਚਾਰ ਦਿਨ ਰਹਿੰਦੀ ਸੀ। ਸਾਰੇ ਬਰਾਤੀ, ਘਰ ਵਾਲੇ ਤੇ ਪਿੰਡ ਵਾਲੇ ਆਪਸ ਵਿੱਚ ਰਿਸ਼ਤੇਦਾਰੀਆਂ ਕੱਢ ਕੇ ਗੂੜ੍ਹੀਆਂ ਸਾਂਝਾਂ ਪਾ ਲੈਂਦੇ ਤੇ ਤਾਕੀਦ ਕਰਦੇ ਕਿ ਭਾਈ ਜਦੋਂ ਕਦੇ ਉੱਧਰ ਨੂੰ ਆਏ ਤਾਂ ਸਾਡੇ ਘਰ ਜ਼ਰੂਰ ਰਾਤ ਰਹਿ ਕੇ ਜਾਇਓ।
ਆਵਾਜਾਈ ਦੇ ਸਾਧਨ ਬਹੁਤ ਘੱਟ ਹੋਣ ਦੇ ਬਾਵਜੂਦ ਲੋਕਾਂ ਦਾ ਦੂਰ ਤੱਕ ਦੀਆਂ ਰਿਸ਼ਤੇਦਾਰੀਆਂ ਵਿੱਚ ਵਰਤ-ਵਰਤਾਵਾ ਬਹੁਤ ਹੀ ਨੇੜੇ ਦਾ ਹੁੰਦਾ ਸੀ। ਅੱਜ ਦੇ ਮੋਬਾਈਲ ਯੁੱਗ ਵਿੱਚ ਤਾਂ ਬਹੁਤ ਹੀ ਨੇੜੇ ਦੇ ਰਿਸ਼ਤੇਦਾਰ ਭਾਵੇਂ ਇੱਕ ਹੀ ਸ਼ਹਿਰ ਵਿੱਚ ਰਹਿੰਦੇ ਹੋਣ, ਪਰ ਇੱਕ ਦੂਜੇ ਦੇ ਘਰ ਰਾਤ ਰਹਿਣ ਦੀ ਗੱਲ ਦੂਰ ਰਹੀ, ਕਿਸੇ ਨੂੰ ਬਿਨਾਂ ਕੰਮ ਤੋਂ ਫੋਨ ਵੀ ਨਹੀਂ ਕਰਦੇ। ਇਸ ਮੋਬਾਈਲ ਨੇ ਸਾਨੂੰ ਜਿੱਥੇ ਵਿਦੇਸ਼ਾਂ ਵਿੱਚ ਵੱਸਦੇ ਧੀਆਂ-ਪੁੱਤਾਂ ਨਾਲ ਵੀਡੀਓ ਕਾਲ ਕਰਨ ਦੀ ਸਹੂਲਤ ਨੇ ਸੁੱਖ ਦਿੱਤਾ ਹੈ, ਉੱਥੇ ਬਾਕੀ ਰਿਸ਼ਤਿਆਂ ਵਿੱਚ ਨੇੜੇ ਹੋਣ ਦੇ ਬਾਵਜੂਦ ਦੂਰੀਆਂ ਨੂੰ ਬਹੁਤ ਵਧਾਇਆ ਹੈ। ਭਾਵ ਉਹ ਕਿਹੜਾ ਫੋਨ ਕਰਦੇ ਹਨ, ਅਸੀਂ ਹਰ ਵਾਰੀ ਹੀ ਕਿਉਂ ਕਰੀਏ, ਸਾਨੂੰ ਕਿਹੜਾ ਚੱਟੀ ਪਈ ਏ, ਆਦਿ ਗੱਲਾਂ ਨਾਲ ਅਸੀਂ ਆਪਣਿਆਂ ਤੋਂ ਦੂਰ ਹੁੰਦੇ ਜਾ ਰਹੇ ਹਾਂ। ਪਹਿਲਾਂ ਅਜਿਹਾ ਕਲਚਰ ਨਹੀਂ ਸੀ। ਸਾਰੇ ਇੱਕ ਦੂਜੇ ਨਾਲ ਦਿਲੋਂ ਵਰਤਦੇ ਸਨ। ਪਿੰਡੋਂ ਆਏ ਲਾਗੀ ਨੂੰ ਵੀ ਬਹੁਤ ਮਾਣ ਸਤਿਕਾਰ ਦਿੱਤਾ ਜਾਂਦਾ ਸੀ। ਰਿਸ਼ਤੇਦਾਰ ਨੂੰ ਤਾਂ ਅਗਲੇ ਹੱਥੀਂ ਛਾਵਾਂ ਕਰਦੇ ਸਨ।
ਉਦੋਂ ਜੇਕਰ ਕੋਈ ਕਿਸੇ ਦੀ ਬਰਾਤ ਜਾਂਦਾ। ਉਸ ਪਿੰਡ ਜੇਕਰ ਪਿੰਡ ਦੀ ਕੋਈ ਕੁੜੀ ਵਿਆਹੀ ਹੁੰਦੀ ਤਾਂ ਜੰਨ ਗਏ ਉਸ ਨੂੰ ਪੱਤਲ ਦੇਣ ਜਾਂਦੇ ਸੀ। ਪੱਤਲ ਦੇ ਨਾਲ ਸ਼ਗਨ ਵੀ ਦਿੱਤਾ ਜਾਂਦਾ ਸੀ ਤੇ ਉਹ ਕੁੜੀ ਫੁੱਲੀ ਨਾ ਸਮਾਉਂਦੀ ਕਿ ਮੇਰੇ ਪੇਕਿਆਂ ਦੇ ਪਿੰਡੋਂ ਪੱਤਲ ਦੇਣ ਆਏ ਹਨ। ਅੱਜ ਵਾਲੇ ਤਾਂ ਬਰਾਤ ਗਏ ਸਕੀਆਂ ਭੈਣਾਂ ਨੂੰ ਨਹੀਂ ਪੁੱਛਦੇ, ਬਲਕਿ ਉਨ੍ਹਾਂ ਨੂੰ ਵੀ ਸ਼ਰੀਕ ਸਮਝਦੇ ਹਨ। ਅੱਜਕੱਲ੍ਹ ਦੇ ਮਹਿੰਗੇ ਮੈਰਿਜ ਪੈਲੇਸਾਂ ਵਾਲੇ ਵਿਆਹ ਵੀ ਬਸ ਚਾਰ ਕੁ ਘੰਟਿਆਂ ਦੇ ਹੀ ਰਹਿ ਗਏ ਹਨ। ਕਈ ਰਿਸ਼ਤੇਦਾਰ ਤਾਂ ਐਨ ਮੌਕੇ ’ਤੇ ਹੀ ਆਉਂਦੇ ਹਨ, ਸ਼ਗਨ ਦਿੱਤਾ ਤੇ ਰੋਟੀ ਖਾਧੀ, ਬਸ ਘਰ ਨੂੰ ਚਾਲੇ ਪਾ ਦਿੱਤੇ। ਹੁਣ ਕਾਹਦੇ ਵਿਆਹ ਤੇ ਕਿਹੜੇ ਮੰਗਣੇ ਰਹਿ ਗਏ। ਪਹਿਲਾਂ ਵਾਲੀ ਰੋਪਨਾ ਤਾਂ ਅੱਜਕੱਲ੍ਹ ਦੀ ਨਵੀਂ ਪੀੜ੍ਹੀ ਨੂੰ ਯਾਦ ਹੀ ਨਹੀਂ। ਬਸ ਹੁਣ ਤਾਂ ਵੈਡਿੰਗ ਤੇ ਪ੍ਰੀ-ਵੈਡਿੰਗ ਹੀ ਚੇਤੇ ਰਹਿੰਦਾ ਹੈ। ਉਦੋਂ ਤਾਂ ਕੁੜੀ ਨੂੰ ਸਿਰਫ਼ ਵਿਚੋਲਾ ਹੀ ਦੇਖ ਕੇ ਸ਼ਗਨ ਕਰ ਆਉਂਦਾ ਸੀ। ਮੁੰਡੇ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਸੀ ਕਿ ਵਿਆਹ ਤੋਂ ਪਹਿਲਾਂ ਕੁੜੀ ਦਾ ਮੂੰਹ ਦੇਖ ਲਵੇ। ਅੱਜਕੱਲ੍ਹ ਤਾਂ ਫਿਲਮੀ ਸਟਾਈਲ ਵਿੱਚ ਪ੍ਰੀ-ਵੈਡਿੰਗ ਹੁੰਦੀ ਹੈ, ਇਉਂ ਲੱਗਦਾ ਹੈ ਪਤਾ ਨਹੀਂ ਜੋੜੀ ਕਦੋਂ ਕੁ ਦੀ ਆਪਸ ਵਿੱਚ ਇੱਕ ਦੂਜੇ ਨੂੰ ਜਾਣਦੀ ਹੈ।
ਮੌਜੂਦਾ ਦੌਰ ਵਿੱਚ ਬਹੁਤੇ ਲੋਕਾਂ ਕੋਲ ਕਿਸੇ ਦੇ ਦਾਹ ਸੰਸਕਾਰ ’ਤੇ ਜਾਣ ਦਾ ਸਮਾਂ ਨਹੀਂ ਰਹਿ ਗਿਆ। ਉੱਥੇ ਮੌਜੂਦ ਕਿਸੇ ਨੇੜਲੇ ਸੱਜਣ ਮਿੱਤਰ ਨੂੰ ਫੋਨ ’ਤੇ ਪੁੱਛਦੇ ਰਹਿੰਦੇ ਹਨ ਕਿ ਘਰੋਂ ਚੱਲ ਪਏ ਜਾਂ ਚੱਲਣ ਲੱਗੇ, ਮੈਨੂੰ ਮਿਸਡ ਕਾਲ ਮਾਰ ਦਈਂ, ਮੈਂ ਸਿੱਧਾ ਸ਼ਮਸ਼ਾਨਘਾਟ ਵਿੱਚ ਆ ਜਾਊਂ। ਉੱਥੇ ਪਹੁੰਚ ਕੇ ਵੀ ਮੋਬਾਈਲ ਹੱਥ ਵਿੱਚ ਰੱਖਦਾ ਹੈ ਕਿ ਕਿਸੇ ਦਾ ਫੋਨ ਸੁਣਨੋਂ ਨਾ ਰਹਿ ਜਾਵਾਂ। ਮ੍ਰਿਤਕ ਦੇ ਸਰੀਰ ਨੂੰ ਅਜੇ ਚਿਖਾ ’ਤੇ ਰੱਖਿਆ ਹੀ ਹੁੰਦਾ ਹੈ, ਤੁਰੰਤ ਉੱਥੋਂ ਵੀ ਛੇਤੀ-ਛੇਤੀ ਭੱਜ ਪੈਂਦਾ ਹੈ। ਕਿਤੇ ਪੈਸੇ ਕਮਾਉਣੋਂ ਰਹਿ ਨਾ ਜਾਵਾਂ, ਕੋਈ ਗਾਹਕ ਮੁੜ ਨਾ ਜਾਵੇ। ਮ੍ਰਿਤਕ ਦੇ ਪਰਿਵਾਰ ਵਾਲੇ ਵੀ ਉਸ ਦੀਆਂ ਅੰਤਿਮ ਰਸਮਾਂ ਪਹਿਲਾਂ ਦੀ ਤਰ੍ਹਾਂ ਅੱਠ ਜਾਂ ਦਸ ਦਿਨਾਂ ਵਿੱਚ ਨਿਬੇੜਨ ਦੀ ਥਾਂ ਹੁਣ ਤੀਜੇ ਦਿਨ ਫੁੱਲ ਚੁਗਣ ਤੋਂ ਬਾਅਦ ਹੀ ਭੋਗ ਪਾ ਕੇ ਸੁਰਖਰੂ ਹੋ ਜਾਂਦੇ ਹਨ ਤੇ ਹਵਾਲਾ ਇਹ ਦਿੰਦੇ ਹਨ ਕਿ ਭਾਈ ਇਹ ਤਾਂ ਘਰ ਦਾ ’ਕੱਲਾ-’ਕੱਲਾ ਕਮਾਊ ਹੈ। ਜੇ ਇਹ ਇੰਨੇ ਦਿਨ ਸੱਥਰ ’ਤੇ ਬੈਠਾ ਰਿਹਾ ਤਾਂ ਰੋਟੀ ਕਿੱਥੋਂ ਖਾਵਾਂਗੇ? ਇਸ ਦੇ ਅਸਲ ਕਾਰਨ ਸੰਯੁਕਤ ਪਰਿਵਾਰਾਂ ਦਾ ਤਿੜਕਣਾ ਹੈ।
ਪਹਿਲਾਂ ਵਾਲੇ ਸਮਿਆਂ ਵਿੱਚ ਜਿਨ੍ਹਾਂ ਦੇ ਘਰ ਮਾਲਕ ਦੇ ਵਾਪਰੇ ਭਾਣੇ ਕਾਰਨ ਸੋਗ ਪੈ ਜਾਂਦਾ ਸੀ, ਉਨ੍ਹਾਂ ਦੇ ਆਂਢੀ ਗੁਆਂਢੀ ਭੋਗ ਤੱਕ ਨਾ ਤਾਂ ਉਨ੍ਹਾਂ ਨੂੰ ਚੁੱਲ੍ਹੇ ਵਿੱਚ ਅੱਗ ਪਾਉਣ ਦਿੰਦੇ ਸਨ ਤੇ ਨਾ ਹੀ ਦਿਨ ਰਾਤ ਉਨ੍ਹਾਂ ਦੇ ਘਰ ਨੂੰ ਸੁੰਨਾ ਛੱਡਦੇ ਸਨ। ਭਾਵ ਭੋਗ ਤੱਕ ਰਿਸ਼ਤੇਦਾਰ ਤੇ ਗੁਆਂਢੀ ਰਾਤਾਂ ਕਟਾਉਂਦੇ ਸਨ। ਪੁਰਾਤਨ ਵਿਰਸੇ ਨੂੰ ਭੁੱਲ ਕੇ ਤੇ ਨੈਤਿਕਤਾ ਨੂੰ ਵਿਸਾਰ ਕੇ ਅਸੀਂ ਪੱਛਮ ਦੀ ਸੱਭਿਅਤਾ ਨੂੰ ਅਪਣਾ ਕੇ ਆਧੁਨਿਕਤਾ ਦੇ ਡੂੰਘੇ ਸਮੁੰਦਰ ਵਿੱਚ ਡੁੱਬਦੇ ਜਾ ਰਹੇ ਹਾਂ, ਜਿਸ ਕਾਰਨ ਆਉਣ ਵਾਲੀਆਂ ਪੀੜ੍ਹੀਆਂ ਸਾਡੇ ਵੱਸ ਵਿੱਚ ਹੀ ਨਹੀਂ ਰਹਿਣਗੀਆਂ।
ਆਪਸੀ ਸਾਂਝ ਤਾਂ ਉਦੋਂ ਇਸ ਕਦਰ ਸੀ ਕਿ ਇੱਕ ਘਰ ਗੱਡੇ ਤੰਦੂਰ ਤੇ ਆਂਢ-ਗੁਆਂਢ ਦੇ ਕਈ-ਕਈ ਘਰਾਂ ਦੀਆਂ ਔਰਤਾਂ ਰੋਟੀਆਂ ਲਾਹ ਕੇ ਲੈ ਜਾਂਦੀਆਂ ਸਨ ਤੇ ਰੋਟੀਆਂ ਲਾਹੁਣ ਵਿੱਚ ਇੱਕ-ਦੂਜੇ ਦੀ ਮਦਦ ਵੀ ਕਰ ਦਿੰਦੀਆਂ ਸਨ। ਆਂਢੀ-ਗੁਆਂਢੀ ਇੱਕ ਦੂਜੇ ਦੇ ਘਰੋਂ ਦਾਲ਼ ਦੀ ਕੌਲੀ ਮੰਗ ਕੇ ਲੈ ਜਾਂਦੇ ਸੀ, ਕਦੇ ਕੋਈ ਨਿੰਦ-ਵਿਚਾਰ ਨਹੀਂ ਕੀਤੀ ਜਾਂਦੀ ਸੀ। ਅੱਜ ਵਾਲੇ ਤਾਂ ਨੈਤਿਕਤਾ ਭੁੱਲ ਚੁੱਕੇ ਹਨ। ਕਈ ਕਲੋਨੀਆਂ ਵਿੱਚ ਤਾਂ ਕਿਸੇ ਨੂੰ ਪਤਾ ਹੀ ਨਹੀਂ ਹੁੰਦਾ ਕਿ ਸਾਡੇ ਗੁਆਂਢ ਕੌਣ ਰਹਿੰਦਾ ਹੈ ਕਿਉਂਕਿ ਕਿਸੇ ਨਾਲ ਆਪਸੀ ਮਿਲਵਰਤਨ ਵਾਲੀ ਸਾਂਝ ਖ਼ਤਮ ਹੋ ਚੁੱਕੀ ਹੈ। ਪਿੰਡ ਵਿੱਚ ਕਿਸੇ ਗ਼ਰੀਬ ਦੀ ਧੀ ਦੇ ਵਿਆਹ ’ਤੇ ਸਾਰੇ ਪਿੰਡ ਨੇ ਸੂਟ, ਬਿਸਤਰੇ ਤੇ ਦੁੱਧ ਆਦਿ ਦੇ ਕੇ ਆਉਣਾ ਕਿ ਭਾਈ ਪੁੰਨ ਲੱਗੂਗਾ। ਕਿਸੇ ਦੀ ਧੀ ਨੂੰ ਪਿੰਡ ਦੀ ਧੀ-ਧਿਆਣੀ ਸਮਝਿਆ ਜਾਂਦਾ ਸੀ। ਅੱਜ ਵਾਲੇ ਤਾਂ ਭੁੱਖੀਆਂ ਨਜ਼ਰਾਂ ਨਾਲ ਨੋਚਣ ਨੂੰ ਫਿਰਦੇ ਹਨ।
ਅੱਜ ਖੂਨ ਦੇ ਰਿਸ਼ਤਿਆਂ ਦਾ ਵੀ ਘਾਣ ਹੋ ਰਿਹਾ ਹੈ। ਬਜ਼ੁਰਗਾਂ ਨੂੰ ਘਰੋਂ ਕੱਢ ਕੇ ਬਿਰਧ ਜਾਂ ਅਨਾਥ ਆਸ਼ਰਮਾਂ ਵਿੱਚ ਭੇਜਿਆ ਜਾ ਰਿਹਾ ਹੈ। ਲਾਲਚ ਵੱਸ ਹਰ ਕੰਮ ਪਿੱਛੇ ਪੈਸੇ ਪ੍ਰਤੀ ਸੋਚ ਨੇ ਜ਼ੋਰਾਵਰ ਨਾਲ ਖੜ੍ਹਨਾ, ਸੱਚੇ ਨੂੰ ਦਬਾਉਣਾ ਤੇ ਮਾੜੇ ਨੂੰ ਖ਼ਤਮ ਕਰਨ ਵਾਲੇ ਪਾਸੇ ਅੱਜ ਦੀ ਪੀੜ੍ਹੀ ਤੁਰ ਪਈ ਹੈ। ਪੁਰਾਤਨ ਸਮਿਆਂ ਵਿੱਚ ਗੁਰਦੁਆਰੇ ਦੇ ਭਾਈ ਜੀ ਨੂੰ, ਡੇਰੇ ਦੇ ਸੇਵਾਦਾਰ ਆਦਿ ਨੂੰ ਦੁੱਧ, ਰੋਟੀ, ਸਬਜ਼ੀ ਆਦਿ ਰੋਜ਼ਾਨਾ ਬਿਨਾਂ ਨਾਗਾ ਦਿੱਤਾ ਜਾਂਦਾ ਸੀ ਕਿਉਂਕਿ ਬੱਚਿਆਂ ਨੂੰ ਨੈਤਿਕਤਾ ਦਾ ਪਾਠ ਉੱਥੇ ਹੀ ਪੜ੍ਹਾਇਆ ਜਾਂਦਾ ਸੀ। ਪਿੰਡ ਗ਼ਜ਼ਾ ਕਰਨ ਆਏ ਕਿਸੇ ਵੀ ਗ਼ਰੀਬ ਨੂੰ ਕੋਈ ਵੀ ਘਰ ਖਾਲੀ ਨਹੀਂ ਮੋੜਦਾ ਸੀ। ਭਾਵੇਂ ਕੌਲੀ ਆਟਾ ਹੀ ਪਾਉਂਦੇ। ਅੱਜ ਵਾਲੇ ਤਾਂ ਅੰਦਰੋਂ ਬੈਠੇ ਕੈਮਰੇ ਵਿੱਚ ਦੇਖ ਕੇ ਕਿ ਕੋਈ ਬਾਹਰ ਗ਼ਰੀਬ ਆਇਆ ਹੈ, ਅੰਦਰੋਂ ਕੁੰਡਾ ਨਹੀਂ ਖੋਲ੍ਹਦੇ। ਖ਼ੈਰ! ਜ਼ਮਾਨਾ ਵੀ ਠੀਕ ਨਹੀਂ ਹੈ। ਭਾਵੇਂ ਅਸੀਂ ਆਧੁਨਿਕਤਾ ਦੇ ਦੌਰ ਵਿੱਚ ਪੜ੍ਹਾਈ ਦੇ ਅਖੀਰਲੇ ਡੰਡੇ ਨੂੰ ਫੜਨ ਵਾਲੇ ਪਾਸੇ ਤੁਰ ਪਏ ਹਾਂ, ਪ੍ਰੰਤੂ ਜੇਕਰ ਉਸ ਪੁਰਾਤਨ ਵਿਰਸੇ ਵੱਲ ਝਾਤ ਮਾਰੀਏ ਤਾਂ ਨੈਤਿਕਤਾ ਬਾਰੇ ਸੈਂਕੜੇ ਸਾਲ ਪਿੱਛੇ ਨੂੰ ਜਾ ਰਹੇ ਹਾਂ, ਜਿਸ ਕਾਰਨ ਸੰਯੁਕਤ ਪਰਿਵਾਰ ਤਿੜਕ ਕੇ ਇਕੱਲਤਾ ਦਾ ਸੰਤਾਪ ਭੋਗ ਰਹੇ ਹਾਂ।
ਸਾਨੂੰ ਸਮੇਂ ਦੇ ਦੌਰ ਵਿੱਚ ਰੁਕ ਕੇ ਵਿਚਾਰਾਂ ਕਰ ਲੈਣੀਆਂ ਚਾਹੀਦੀਆਂ ਹਨ ਕਿ ਅੱਜ ਦੇ ਮੋਬਾਈਲ, ਕੰਪਿਊਟਰ ਯੁੱਗ ਵਿੱਚ ਤੇ ਸੋਸ਼ਲ ਮੀਡੀਆ ਦੇ ਪਲੈਟਫਾਰਮਾਂ ਰਾਹੀਂ ਕੀ ਅਸੀਂ ਆਪਣੀਆਂ ਪੁਰਾਤਨ ਕਦਰਾਂ ਕੀਮਤਾਂ ਦੇ ਲਿਹਾਜ ਨਾਲ ਠੀਕ ਕਰ ਰਹੇ ਹਾਂ? ਕਿਤੇ ਅਸੀਂ ਆਪਣੀਆਂ ਸੋਨੇ ਵਰਗੀਆਂ ਕਦਰਾਂ ਕੀਮਤਾਂ ਨੂੰ ਛੱਡ ਕੇ ਕੋਲਿਆਂ ਦੀ ਨਿਆਈ ਪੱਛਮੀ ਸੱਭਿਅਤਾ ਨੂੰ ਅਪਣਾ ਕੇ ਪੁਰਾਤਨ ਕਦਰਾਂ ਕੀਮਤਾਂ ਦਾ ਘਾਣ ਤਾਂ ਨਹੀਂ ਕਰ ਰਹੇ? ਸਾਨੂੰ ਖ਼ਾਸ ਕਰਕੇ ਪੰਜਾਬੀਆਂ ਨੂੰ ਇਹ ਸੋਚਣ ਦੀ ਲੋੜ ਹੈ! ਇੱਕ ਪਾਸੇ ਤਾਂ ਅਸੀਂ ਭਾਰਤ ਨੂੰ ਵਿਸ਼ਵ ਗੁਰੂ ਬਣਾਉਣ ਵਾਲੀਆਂ ਗੱਲਾਂ ਕਰਦੇ ਹਾਂ, ਦੂਜੇ ਪਾਸੇ ਅਸੀਂ ਆਪਣੇ ਸੱਭਿਆਚਾਰ ਨੂੰ ਭੁੱਲਦੇ ਜਾ ਰਹੇ ਹਾਂ। ਭਾਵੇਂ ਆਧੁਨਿਕਤਾ ਵਾਸਤੇ ਸਾਇੰਸ ਦੀ ਆਧੁਨਿਕ ਤਕਲਾਲੋਜੀ ਦੀ ਸਖ਼ਤ ਲੋੜ ਹੈ, ਪ੍ਰੰਤੂ ਜੇਕਰ ਅਸੀਂ ਆਪਣੀਆਂ ਪੁਰਾਤਨ ਕਦਰਾਂ ਕੀਮਤਾਂ ਨੂੰ ਭੁੱਲ ਕੇ ਅਜਿਹਾ ਕਰਾਂਗੇ ਤਾਂ ਫਿਕਰਮੰਦੀ ਵਾਲੀ ਗੱਲ ਤਾਂ ਹੈ। ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਹਰ ਗੱਲ ਪ੍ਰਤੀ ਘਾਟ ਦਿਸੇਗੀ, ਭਾਵੇਂ ਕੋਈ ਲੱਖ ਲੁਕਾਉਣ ਦੀ ਕੋਸ਼ਿਸ਼ ਕਰੇ!
ਸੰਪਰਕ: 96462-00468

Advertisement
Advertisement