ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਟਰੰਪ ਦੀ ਤਾਜਪੋਸ਼ੀ ਮੌਕੇ ਵੱਡੇ ਧਨਾਢਾਂ ਦਾ ਇਕੱਠ

07:43 AM Feb 01, 2025 IST
featuredImage featuredImage

ਡਾ. ਅਰੁਣ ਮਿੱਤਰਾ
ਅਮਰੀਕਾ ਦੇ 47 ਵੇਂ ਰਾਸ਼ਟਰਪਤੀ ਵਜੋਂ ਡੋਨਲਡ ਟਰੰਪ ਦੇ ਤਾਜਪੋਸ਼ੀ ਸਮਾਰੋਹ ਵਿੱਚ ਉਨ੍ਹਾਂ ਉੱਚ ਅਮੀਰਾਂ ਦੀ ਮੌਜੂਦਗੀ ਸੀ ਜਿਨ੍ਹਾਂ ਦਾ ਨਾ ਸਿਰਫ ਆਪਣੀਆਂ ਸਰਕਾਰਾਂ ਬਲਕਿ ਦੂਜੇ ਦੇਸ਼ਾਂ ਦੀਆਂ ਸਰਕਾਰਾਂ ’ਤੇ ਵੀ ਪ੍ਰਭਾਵ ਹੈ। ਇਨ੍ਹਾਂ ਵਿੱਚੋਂ ਬਹੁਤ ਸਾਰੇ ਤਕਨੀਕੀ ਪ੍ਰਬੰਧਕ ਹਨ ਜੋ ਦੂਰ-ਦੁਰਾਡੇ ਤੋਂ ਲੋਕਾਂ ਦੇ ਮਨਾਂ ਨੂੰ ਕਾਬੂ ਕਰਨ ਦੀ ਯੋਜਨਾ ਬਣਾਉਂਦੇ ਹਨ। ਕੁਝ ਪ੍ਰਮੁੱਖ ਵਿਅਕਤੀਆਂ ਵਿੱਚ ਮੇਟਾ ਦੇ ਸੀਈਓ ਮਾਰਕ ਜ਼ੁਕਰਬਰਗ, ਐਮਾਜ਼ਨ ਦੇ ਸੀਈਓ ਜੈਫ ਬੇਜੋਸ, ਗੂਗਲ ਦੇ ਸੀਈਓ ਸੁੰਦਰ ਪਿਚਾਈ, ਐਲਨ ਮਸਕ, ਐਪਲ ਦੇ ਸੀਈਓ ਟਿਮ ਕੁੱਕ ਅਤੇ ਟਿੱਕਟੌਕ ਦੇ ਸੀਈਓ ਸ਼ੌ ਜ਼ੀ ਚਿਊ ਸ਼ਾਮਲ ਹਨ। ਜਿਨ੍ਹਾਂ ਸਿਆਸਤਦਾਨਾਂ ਨੇ ਸ਼ਿਰਕਤ ਕੀਤੀ, ਉਨ੍ਹਾਂ ਵਿੱਚ ਅਰਜਨਟੀਨਾ ਦੇ ਰਾਸ਼ਟਰਪਤੀ ਜੇਵੀਅਰ ਮਾਈਲੀ, ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ, ਇਕੁਆਡੋਰ ਦੇ ਰਾਸ਼ਟਰਪਤੀ ਡੈਨੀਅਲ ਨੋਬੋਆ, ਪੋਲੈਂਡ ਦੇ ਸਾਬਕਾ ਪ੍ਰਧਾਨ ਮੰਤਰੀ ਮੈਟਿਊਜ਼ ਮੋਰਾਵੀਏਕ ਵਰਗੇ ਸੱਜੇ ਪੱਖੀ ਤਾਨਾਸ਼ਾਹੀ ਰੁਚੀ ਵਾਲੇ ਨੇਤਾ ਸ਼ਾਮਲ ਹਨ।
ਸਹੁੰ ਚੁੱਕਣ ਤੋਂ ਤੁਰੰਤ ਬਾਅਦ ਟਰੰਪ ਨੇ ਕਈ ਆਦੇਸ਼ਾਂ ’ਤੇ ਦਸਤਖਤ ਕਰਨ ਲਈ ਸਮਾਂ ਨਹੀਂ ਗੁਆਇਆ। ਵੱਡੀ ਚਿੰਤਾ ਦਾ ਇੱਕ ਆਦੇਸ਼ (ਜਿਸ ਦੇ ਲੰਮੇ ਸਮੇਂ ਦੌਰਾਨ ਪ੍ਰਭਾਵ ਪੈਣਗੇ) ਹੈ- ਪੈਰਿਸ ਜਲਵਾਯੂ ਸਮਝੌਤਿਆਂ ਤੋਂ ਅਮਰੀਕਾ ਨੂੰ ਰਸਮੀ ਤੌਰ ’ਤੇ ਵਾਪਸ ਲੈਣ ਦਾ ਆਦੇਸ਼। ਜਲਵਾਯੂ ਪਰਿਵਰਤਨ ਵਿਸ਼ੇ ’ਤੇ ਇਹ ਹੁਣ ਤੱਕ ਦਾ ਸਭ ਤੋਂ ਮਹੱਤਵਪੂਰਨ ਸਮਝੌਤਾ ਹੈ ਜਿਸ ਵਿੱਚ ਮਨੁੱਖ ਦੁਆਰਾ ਬਣਾਏ ਜਲਵਾਯੂ ਸੰਕਟਾਂ ਦਾ ਨੋਟਿਸ ਲਿਆ ਗਿਆ ਹੈ। ਇਸ ਨੇ ਜਲਵਾਯੂ ਪਰਿਵਰਤਨ ਘੱਟ ਕਰਨ ਲਈ ਵਿਸ਼ਵ ਪੱਧਰ ’ਤੇ ਸਹਿਯੋਗ ਦੀ ਮਹੱਤਤਾ ਉਜਾਗਰ ਕੀਤੀ ਹੈ। ਅਸੀਂ ਪਹਿਲਾਂ ਹੀ ਵਧ ਰਹੇ ਤਾਪਮਾਨ, ਹੜ੍ਹਾਂ, ਫਸਲਾਂ ਦੇ ਪੈਟਰਨ ਵਿੱਚ ਤਬਦੀਲੀ, ਖੁਰਾਕ ਸੁਰੱਖਿਆ ਦਾ ਸੰਕਟ ਅਤੇ ਤੀਜੀ ਦੁਨੀਆ ਦੇ ਦੇਸ਼ਾਂ ਵਿੱਚ ਕਮਜ਼ੋਰ ਤੇ ਗਰੀਬ ਲੋਕਾਂ ਦੀ ਸਿਹਤ ਉੱਤੇ ਪੈਣ ਵਾਲੇ ਪ੍ਰਭਾਵਾਂ ਦੇ ਰੂਪ ਵਿੱਚ ਜਲਵਾਯੂ ਤਬਦੀਲੀ ਦੇ ਪ੍ਰਭਾਵ ਦੇਖ ਰਹੇ ਹਾਂ। ਇਸ ਗੱਲ ਦੀ ਵਧੇਰੇ ਸੰਭਾਵਨਾ ਨਹੀਂ ਹੈ ਕਿ ਟਰੰਪ ਦੇ ਸਹੁੰ ਚੁੱਕ ਸਮਾਗਮ ਵਿੱਚ ਉਪਰੋਕਤ ਜ਼ਿਕਰ ਕੀਤੇ ਭਾਗੀਦਾਰਾਂ ਵਿੱਚੋਂ ਕੋਈ ਵੀ ਇਸ ਆਦੇਸ਼ ਨੂੰ ਕਿਸੇ ਜਨਤਕ ਫੋਰਮ ’ਤੇ ਚੁਣੌਤੀ ਦੇਵੇਗਾ। ਉਨ੍ਹਾਂ ਲਈ ਵਿਕਾਸ ਦਾ ਅਰਥ ਭੋਜਨ, ਆਸਰਾ, ਸਿਹਤ ਸੰਭਾਲ, ਸਿੱਖਿਆ ਅਤੇ ਬੁਨਿਆਦੀ ਘੱਟੋ-ਘੱਟ ਲੋੜਾਂ ਲਈ ਲੋਕਾਂ ਦੀਆਂ ਚਿੰਤਾਵਾਂ ਨਾਲੋਂ ਵੱਖਰਾ ਹੈ। ਉਹ ਜੈਵਿਕ ਈਂਧਨ ਦੀ ਵਰਤੋਂ ਕਰ ਕੇ ਸੁਪਰ ਉਦਯੋਗੀਕਰਨ ਵਿੱਚ ਵਿਸ਼ਵਾਸ ਕਰਦੇ ਹਨ ਜਾਂ ਲੋੜ ਪੈਣ ’ਤੇ ਇਸ ਦੇ ਅੰਦਰੂਨੀ ਖ਼ਤਰੇ ਮਹਿਸੂਸ ਕੀਤੇ ਬਿਨਾਂ ਸਵੱਛ ਊਰਜਾ ਸਰੋਤ ਦੀ ਗ਼ਲਤ ਧਾਰਨਾ ਦੇ ਨਾਮ ’ਤੇ ਪਰਮਾਣੂ ਊਰਜਾ ਦੀ ਵਰਤੋਂ ਦੇ ਹੱਕ ਵਿੱਚ ਹਨ।
ਟਰੰਪ ਨੇ ਵਿਸ਼ਵ ਸਿਹਤ ਸੰਗਠਨ (WHO) ਤੋਂ ਹਟਣ ਦਾ ਹੁਕਮ ਵੀ ਪਾਸ ਕਰ ਦਿੱਤਾ ਹੈ। ਇਹ ਲੋਕਾਂ ਦੀ ਸਿਹਤ ਨੂੰ ਉਤਸ਼ਾਹਿਤ ਕਰਨ ਲਈ ਵਿਸ਼ਵਵਿਆਪੀ ਯਤਨਾਂ ਵਿੱਚ ਹਿੱਸਾ ਲੈਣ ਦੀ ਜ਼ਿੰਮੇਵਾਰੀ ਤੋਂ ਭੱਜਣ ਦੇ ਬਰਾਬਰ ਹੈ। ਟਰੰਪ ਦਾ ਫੈਸਲਾ ਆਧਾਰਹੀਣ ਹੈ ਕਿਉਂਕਿ ਪਿਛਲੇ ਕੁਝ ਸਮੇਂ ਤੋਂ ਇਹ ਸਾਫ ਨਜ਼ਰ ਆ ਰਿਹਾ ਸੀ ਕਿ ਡਬਲਿਊਐੱਚਓ ਕਈ ਮਾਮਲਿਆਂ ਵਿੱਚ ਬਹੁ-ਕੌਮੀ ਕਾਰਪੋਰੇਸ਼ਨਾਂ ਦੀ ਲਾਈਨ ਨੂੰ ਲਾਗੂ ਕਰਦਾ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਕਾਰਪੋਰੇਸ਼ਨਾਂ ਅਮਰੀਕਾ ਨਾਲ ਸਬੰਧਤ ਹਨ। ਜਿੱਥੇ ਵਿਸ਼ਵ ਸਿਹਤ ਸੰਗਠਨ ਦੁਆਰਾ ਮਹਾਮਾਰੀ ਨਾਲ ਨਜਿੱਠਣ ਵਿੱਚ ਕਮੀਆਂ ਹਨ, ਇਹ ਨੋਟ ਕੀਤਾ ਜਾਣਾ ਚਾਹੀਦਾ ਹੈ ਕਿ ਅਮਰੀਕਾ ਆਧਾਰਿਤ ਟੀਕਾ ਬਣਾਉਣ ਵਾਲੀਆਂ ਕਾਰਪੋਰੇਸ਼ਨਾਂ ਨੇ ਬਹੁਤ ਜ਼ਿਆਦਾ ਮੁਨਾਫਾ ਕਮਾਇਆ, ਇੱਥੋਂ ਤੱਕ ਕਿ ਕੁਝ ਵਿਕਾਸਸ਼ੀਲ ਦੇਸ਼ਾਂ ਖਾਸ ਤੌਰ ’ਤੇ ਅਫਰੀਕੀ ਦੇਸ਼ਾਂ ਨੂੰ ਬਲੈਕਮੇਲ ਵੀ ਕੀਤਾ। ਇਹ ਕਹਿਣ ਦੀ ਲੋੜ ਨਹੀਂ ਕਿ ਸਿਹਤ ਨਾਲ ਸਬੰਧਿਤ ਅਮਰੀਕਾ ਦੀਆਂ ਬਹੁ-ਕੌਮੀ ਕਾਰਪੋਰੇਸ਼ਨਾਂ ਨੇ ਵਿਸ਼ਵ ਸਿਹਤ ਸੰਗਠਨ ਵਿੱਚ ਅਮਰੀਕੀ ਸਰਕਾਰਾਂ ਦੇ ਯੋਗਦਾਨ ਦੇ ਨਾਮ ’ਤੇ ਬਹੁਤ ਜ਼ਿਆਦਾ ਮੁਨਾਫਾ ਕਮਾਇਆ ਹੈ।
ਸਿਰਫ ਦੋ ਲਿੰਗਾਂ ਨੂੰ ਲੈ ਕੇ ਟਰੰਪ ਦਾ ਆਦੇਸ਼ ਬਹੁਤ ਪਿਛਾਂਹਖਿੱਚੂ ਹੈ। ਇਸ ਆਦੇਸ਼ ਮੁਤਾਬਿਕ, ਲਿੰਗ ਨੂੰ ਇਸ ਆਧਾਰ ’ਤੇ ਪਰਿਭਾਸ਼ਿਤ ਕੀਤਾ ਜਾਣਾ ਚਾਹੀਦਾ ਹੈ ਕਿ ਵਿਅਕਤੀ ਦੇ ਸਰੀਰ ਵਿੱਚ ਆਂਡੇ ਹਨ ਜਾਂ ਸ਼ੁਕਰਾਣੂ; ਨਾ ਕਿ ਕਰੋਮੋਸੋਮ ਦੇ ਆਧਾਰ ’ਤੇ। ਇਸ ਨਾਲ ਟਰਾਂਸਜੈਂਡਰ ਆਬਾਦੀ ਦੇ ਅਧਿਕਾਰਾਂ ’ਤੇ ਅਸਰ ਪਵੇਗਾ।
ਪਰਵਾਸੀਆਂ ਬਾਰੇ ਕੋਈ ਵੀ ਨੀਤੀ ਮਾਨਵਤਾਵਾਦੀ ਕਦਰਾਂ-ਕੀਮਤਾਂ ਦੇ ਆਧਾਰ ’ਤੇ ਤਿਆਰ ਕੀਤੀ ਜਾਣੀ ਚਾਹੀਦੀ ਹੈ। ਪਰਵਾਸੀਆਂ ਦੇ ਹੱਕਾਂ ਬਾਰੇ ਉਸ ਦੇ ਸਟੈਂਡ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾਣਾ ਚਾਹੀਦਾ ਹੈ।
ਲਾਤੀਨੀ ਅਮਰੀਕਾ, ਖਾਸ ਤੌਰ ’ਤੇ ਕਿਊਬਾ ਪ੍ਰਤੀ ਹਮਲਾਵਰ ਰੁਖ਼, ਸਾਮਰਾਜਵਾਦੀ ਦਖ਼ਲ ਨੂੰ ਜਾਰੀ ਰੱਖਣ ਦਾ ਸੰਕੇਤ ਦਿੰਦੇ ਹਨ ਤੇ ਰਾਸ਼ਟਰਾਂ ਦੇ ਸਵੈ-ਨਿਰਣੇ ਨੂੰ ਖ਼ਤਰਾ ਬਣਾਉਂਦੇ ਹਨ।
ਉਨ੍ਹਾਂ ਨੇ ਜਲ ਸੈਨਾ ਦੀ ਨਾਕਾਬੰਦੀ ਕਰ ਕੇ ਪਨਾਮਾ ਨਹਿਰ ’ਤੇ ਕਬਜ਼ਾ ਕਰਨ ਦੀ ਗੱਲ ਦੁਹਰਾਈ ਹੈ। ਉਨਾਂ ਨੇ ਪਹਿਲਾਂ ਹੀ ਮੈਕਸਿਕੋ ਦੀ ਖਾੜੀ ਦਾ ਨਾਮ ਬਦਲ ਕੇ ਅਮਰੀਕਾ ਦੀ ਖਾੜੀ ਕਰ ਦਿੱਤਾ ਹੈ। ਗਰੀਨ ਲੈਂਡ ਖਰੀਦਣ ਦੀ ਖੁੱਲ੍ਹੀ ਚਾਲ ਚੱਲੀ ਜਾ ਰਹੀ ਹੈ।
ਅਮਰੀਕਾ ਨੂੰ ਫਿਰ ਤੋਂ ਮਹਾਨ ਬਣਾਉਣ ਦੇ ਨਾਂ ’ਤੇ ਵਿਸ਼ਵ ਮਾਮਲਿਆਂ ਵਿਚ ਅਮਰੀਕਾ ਦੀਆਂ ਹਮਲਾਵਰ ਨੀਤੀਆਂ ਨੂੰ ਦੂਰ ਕਰਨ ਦੀ ਸੰਭਾਵਨਾ ਨਹੀਂ ਹੈ। ਟਰੰਪ ਨੇ ਇਜ਼ਰਾਈਲ ਨੂੰ ਹਥਿਆਰਾਂ ਦੀ ਸਪਲਾਈ ਜਾਰੀ ਰੱਖਣ ਦੀ ਗੱਲ ਦੁਹਰਾਈ ਹੈ। ਗਾਜ਼ਾ ਵਿੱਚ ਜੰਗਬੰਦੀ ਕਿੰਨੀ ਦੇਰ ਤੱਕ ਰਹੇਗੀ, ਇਹ ਦੇਖਣਾ ਬਾਕੀ ਹੈ। ਇਹ ਸ਼ਾਂਤੀ ਸਮਝੌਤਾ ਨਹੀਂ ਸਗੋਂ ਜੰਗ ਦੀ ਅਸਥਾਈ ਸਮਾਪਤੀ ਹੈ ਜੋ ਸ਼ਾਂਤੀ ਲਈ ਸਥਾਈ ਹੱਲਾਂ ’ਤੇ ਚਰਚਾ ਕਰਨ ਲਈ ਇਕ ਕਦਮ ਅੱਗੇ ਵਧਾ ਸਕਦੀ ਹੈ। ਦੁਨੀਆ ਚੰਗੀ ਤਰ੍ਹਾਂ ਜਾਣਦੀ ਹੈ ਕਿ ਅਮਰੀਕਾ ਦਾ ਮੱਧ ਪੂਰਬ ਵਿਚ ਬਹੁਤ ਕੁਝ ਦਾਅ ’ਤੇ ਹੈ ਅਤੇ ਇਜ਼ਰਾਈਲ ਇਸ ਖੇਤਰ ਵਿਚ ਉਨ੍ਹਾਂ ਦੀ ਪੱਕੀ ਕਠਪੁਤਲੀ ਹੈ।
ਇਹ ਅਸੰਭਵ ਹੈ ਕਿ ਉਹ ਰੂਸ ਦੇ ਰਾਸ਼ਟਰਪਤੀ ਪੂਤਿਨ ਨੂੰ ਖੁਸ਼ ਕਰਨ ਅਤੇ ਜ਼ੇਲੈਂਸਕੀ ਉੱਤੇ ਲੜਾਈ ਬੰਦ ਕਰਨ ਲਈ ਦਬਾਅ ਪਾਉਣ ਲਈ ਸਭ ਕੁਝ ਕਰਨਗੇ। ਨਾ ਤਾਂ ਪੂਤਿਨ ਅਤੇ ਨਾ ਹੀ ਯੂਰੋਪੀਅਨ ਦੇਸ਼ ਜੋ ਯੂਕਰੇਨ ਦੇ ਰਾਸ਼ਟਰਪਤੀ ਨੂੰ ਲੜਦੇ ਰਹਿਣ ਲਈ ਲਗਾਤਾਰ ਤਾੜੀਆਂ ਵਜਾ ਰਹੇ ਹਨ, ਉਹ ਆਸਾਨੀ ਨਾਲ ਟਰੰਪ ਗੱਲ ਸੁਣਨਗੇ।
ਅਮਰੀਕਾ ਦੀ ਆਰਥਿਕਤਾ, ਅਸਲਾ ਉਦਯੋਗ ’ਤੇ ਆਧਾਰਿਤ ਹੈ ਅਤੇ ਉਹ ਲੋਕਾਂ ਦੇ ਜੀਵਨ ਦੀ ਕੀਮਤ ’ਤੇ ਹਥਿਆਰ ਵੇਚ ਕੇ ਅਤੇ ਯੁੱਧਾਂ ਨੂੰ ਉਤਸ਼ਾਹਤ ਕਰ ਕੇ ਮੁਨਾਫਾ ਕਮਾਉਣਾ ਜਾਰੀ ਰੱਖੇਗਾ।
ਟਰੰਪ ਦਾ ਉਦਘਾਟਨੀ ਭਾਸ਼ਣ ਵਿਸ਼ਵ ਰਾਜਨੀਤੀ ਵਿੱਚ ਪਰੇਸ਼ਾਨੀ ਭਰੀ ਤਬਦੀਲੀ ਦੀ ਨਿਸ਼ਾਨਦੇਹੀ ਕਰਦਾ ਹੈ। ਉਸ ਦੀਆਂ ਨੀਤੀਆਂ 18ਵੀਂ ਅਤੇ 19ਵੀਂ ਸਦੀ ਦੀ ਬਸਤੀਵਾਦੀ ਮਾਨਸਿਕਤਾ ਨੂੰ ਦਰਸਾਉਂਦੀਆਂ ਹਨ। ਉਹ ਵਿਸ਼ਵ ਪੱਧਰ ’ਤੇ ਆਪਸੀ ਸਹਿਯੋਗ ਅਤੇ ਬਹੁ-ਪੱਖੀਵਾਦ ਤੋਂ ਇਨਕਾਰ ਕਰਦਾ ਹੈ। ਬ੍ਰਿਕਸ ਲਈ ਉਸ ਦੀ ਧਮਕੀ ਰਾਸ਼ਟਰਾਂ ਦੀ ਪ੍ਰਭੂਸੱਤਾ ਲਈ ਪੂਰੀ ਤਰ੍ਹਾਂ ਅਪਮਾਨ ਨੂੰ ਦਰਸਾਉਂਦੀ ਹੈ। ਇਸ ਨਾਲ ਵਿਸ਼ਵ ਸਥਿਰਤਾ ਨੂੰ ਖਤਰਾ ਪੈਦਾ ਹੋਵੇਗਾ। ਉਸ ਦੇ ਹੁਕਮਾਂ ਨੇ ਕੌਮਾਂ ਵਿਚਕਾਰ ਆਪਸੀ ਸਤਿਕਾਰ ਅਤੇ ਗੱਲਬਾਤ ਵਿਰੁੱਧ ਇਕਪਾਸੜ ਮਾਨਸਿਕਤਾ ਦਰਸਾਈ ਹੈ। ਸੁਰੱਖਿਆਵਾਦੀ ਆਰਥਿਕ ਨੀਤੀਆਂ (ਜਿਵੇਂ ਟੈਰਿਫ) ਦਾ ਉਦੇਸ਼ ਵਿਕਾਸਸ਼ੀਲ ਦੇਸ਼ਾਂ ਵਿਰੁੱਧ ਵਪਾਰ ਕੰਟਰੋਲ ਕਰਨਾ, ਵਿਸ਼ਵੀ ਅਸਮਾਨਤਾ ਨੂੰ ਵਧਾਉਣਾ ਅਤੇ ਪ੍ਰਣਾਲੀਗਤ ਸ਼ੋਸ਼ਣ ਕਰਨਾ ਹੈ।
ਪਰਮਾਣੂ ਹਥਿਆਰਾਂ ਦੀ ਦੌੜ ਸਮੇਤ ਹਥਿਆਰਾਂ ਦੀ ਦੌੜ ’ਤੇ ਵਿਸ਼ਵਵਿਆਪੀ ਖਰਚਾ ਲਗਾਤਾਰ ਵਧ ਰਿਹਾ ਹੈ ਜਿਸ ਵਿਚ ਅਮਰੀਕਾ ਦੀ ਸਭ ਤੋਂ ਵੱਧ ਹਿੱਸੇਦਾਰੀ ਹੈ। ਟਰੰਪ ਨੇ ਆਲਮੀ ਪਰਮਾਣੂ ਨਿਸ਼ਸਤਰੀਕਰਨ ਲਈ ਇੱਕ ਸ਼ਬਦ ਵੀ ਨਹੀਂ ਬੋਲਿਆ। ਉਸ ਦੇ ਪੈਂਤੜੇ ਅਤੇ ਆਲੇ-ਦੁਆਲੇ ਉੱਚ ਅਮੀਰਾਂ ਦੇ ਇਕੱਠ ਨਾਲ ਆਉਣ ਵਾਲੇ ਸਮੇਂ ਵਿੱਚ ਸੰਸਾਰ ਦੇ ਭਵਿੱਖ ਦਾ ਅੰਦਾਜ਼ਾ ਲਗਾਉਣਾ ਕੋਈ ਔਖਾ ਕੰਮ ਨਹੀਂ। ਵਿਕਾਸਸ਼ੀਲ ਦੇਸ਼ਾਂ ਨੂੰ ਆਪਣੀ ਰਣਨੀਤੀ ਬਣਾਉਣੀ ਪਵੇਗੀ ਅਤੇ ਆਪਣੇ ਹਿੱਤ ਬਚਾਉਣ ਲਈ ਜਥੇਬੰਦ ਹੋਣਾ ਪਵੇਗਾ।
ਸੰਪਰਕ: 94170-00360
Advertisement

Advertisement