ਬਨਸਪਤਿ ਮਉਲੀ ਚੜਿਆ ਬਸੰਤੁ॥
ਜੱਗਾ ਸਿੰਘ ਆਦਮਕੇ
ਬਸੰਤ ਦਾ ਨਾਂ ਆਉਂਦਿਆਂ ਹੀ ਸਾਡੇ ਸਾਹਮਣੇ ਕਰੂੰਬਲਾਂ ਫੁੱਟੇ ਰੁੱਖਾਂ ਦੀਆਂ ਟਾਹਣੀਆਂ, ਪੀਲੇ ਫੁੱਲਾਂ ਨਾਲ ਭਰੀ ਸਰ੍ਹੋਂ, ਫੁੱਲਦਾਰ ਪੌਦਿਆਂ ’ਤੇ ਖਿੜੇ ਫੁੱਲ, ਸਰਦੀ ਦੀ ਝੰਬੀ ਬਨਸਪਤੀ ਵਿੱਚ ਆਉਂਦੇ ਜੋਬਨ ਦਾ ਨਜ਼ਾਰਾ ਅੱਖਾਂ ਸਾਹਮਣੇ ਆ ਜਾਂਦਾ ਹੈ। ਸੰਸਕ੍ਰਿਤ ਦੇ ਸ਼ਬਦ ‘ਬਸੰਤ’ ਦਾ ਅਰਥ ਹੀ ਬਹਾਰ ਹੈ। ਬਸੰਤ ਉੱਤਰੀ ਭਾਰਤ ਵਿੱਚ ਫੱਗਣ-ਚੇਤ ਮਹੀਨਿਆਂ ਦੌਰਾਨ ਆਉਂਦੀਆਂ ਛੇ ਰੁੱਤਾਂ ਵਿੱਚੋਂ ਇੱਕ ਰੁੱਤ ਹੈ। ਉੱਤਰੀ ਭਾਰਤ ਵਿੱਚ ਇਸ ਤੋਂ ਪਹਿਲਾਂ ਅੰਤਾਂ ਦੀ ਸਰਦੀ ਪੈਂਦੀ ਹੈ। ਅਜਿਹਾ ਹੋਣ ਕਾਰਨ ਸਰਦੀ ਦੀ ਰੁੱਤ ਦਾ ਪ੍ਰਭਾਵ ਜਨ ਜੀਵਨ ਤੋਂ ਬਨਸਪਤੀ ਤੱਕ ਸਪੱਸ਼ਟ ਵਿਖਾਈ ਦਿੰਦਾ ਹੈ। ਬਸੰਤ ਰੁੱਤ ਦਾ ਪੰਜਾਬੀ ਸੱਭਿਆਚਾਰ ਵਿੱਚ ਵੀ ਮਹੱਤਵ ਹੈੈ। ਬਸੰਤ ਨੂੰ ਰੁੱਤਾਂ ਦੀ ਰਾਣੀ ਮੰਨਿਆ ਜਾਂਦਾ ਹੈ;
ਰੁੱਤ ਬਸੰਤੀ ਵਿਹੜੇ ਆਈ
ਰੁੱਤਾਂ ਦੀ ਮਹਾਰਾਣੀ ਹੈ ਬਸੰਤ
ਮਾਘੀ ਤੋਂ ਸੂਰਜ ਦੇ ਉਤਰਾਇਣ ਵੱੱਲ ਨੂੰ ਵਧਣਾ ਸ਼ੁਰੂ ਕਰਨ ਨਾਲ ਦਿਨ ਵੱਡੇ ਅਤੇ ਜ਼ਿਆਦਾ ਸਮਾਂ ਸੂਰਜ ਰਹਿਣ ਨਾਲ ਨਿੱਘੇ ਹੋਣੇ ਸ਼ੁਰੂ ਹੋ ਜਾਂਦੇ ਹਨ। ਨਤੀਜੇ ਵਜੋਂ ਮੌਸਮ ਵਿੱਚ ਤਬਦੀਲੀ ਆਉਂਦੀ ਹੈ। ਅਜਿਹਾ ਹੋਣ ਕਾਰਨ ਪ੍ਰਸਿੱਧ ਹੈ;
ਆਈ ਬਸੰਤ, ਪਾਲਾ ਉਡੰਤ
ਬੂਟਿਆਂ ਨੂੰ ਉਚਿਤ ਵਾਤਾਵਰਨ ਮਿਲਣ ਨਾਲ ਉਨ੍ਹਾਂ ਉੱਪਰ ਨਿਖਾਰ ਆਉਂਦਾ ਹੈ। ਫੁੱਲਾਂ ਦੀ ਬਹਾਰ ਆਉਂਦੀ ਹੈ ਅਤੇੇ ਇਹ ਖਿੜ ਕੇ ਖੁਸ਼ਬੋਆਂ ਬਿਖੇਰਨ ਲੱਗਦੇ ਹਨ। ਅਜਿਹਾ ਹੋਣ ਕਾਰਨ ਬਹਾਰਾਂ ਦੀ ਅਜਿਹੀ ਰੁੱਤ ਦਾ ਜਨ ਜੀਵਨ ਵਿੱਚ ਵਿਸ਼ੇਸ਼ ਮਹੱੱਤਵ ਹੋਣਾ ਲਾਜ਼ਮੀ ਹੈ। ਫਿਰ ਇਹ ਕਿਵੇਂ ਹੋ ਸਕਦਾ ਹੈ ਕਿ ਗੁਰੂ ਸਾਹਿਬਾਨ ਦੁਆਰਾ ਇਸ ਰੁੱਤ ਦਾ ਜ਼ਿਕਰ ਨਾ ਕੀਤਾ ਗਿਆ ਹੋਵੇ। ਗੁਰਬਾਣੀ ਵਿੱਚ ਬਸੰਤ ਰਾਹੀਂ ਕੁਝ ਇਸ ਤਰ੍ਹਾਂ ਫਰਮਾਇਆ ਗਿਆ ਹੈ;
ਬਨਸਪਤਿ ਮਉਲੀ ਚੜਿਆ ਬਸੰਤੁ॥
ਇਹੁ ਮਨੁ ਮਉਲਿਆ ਸਤਿਗੁਰੂ ਸੰਗਿ॥
ਬਸੰਤ ਰੁੱਤ ਦੀ ਵਿਲੱਖਣਤਾ ਕਾਰਨ ਕਵੀਆਂ ਨੇ ਇਸ ਦਾ ਜ਼ਿਕਰ ਕਵਿਤਾਵਾਂ ਵਿੱਚ ਕੀਤਾ ਹੈ। ਵੱਖ ਵੱਖ ਭਾਸ਼ਾਵਾਂ ਦੇ ਕਵੀਆਂ ਵੱਲੋਂ ਇਸ ਸਬੰਧੀ ਆਪਣੀਆਂ ਕਵਿਤਾਵਾਂ ਵਿੱਚ ਜ਼ਿਕਰ ਕੀਤਾ ਗਿਆ ਹੈ। ਪੰਜਾਬੀ ਦੇ ਪ੍ਰਸਿੱਧ ਕਵੀ ਧਨੀ ਰਾਮ ਚਾਤ੍ਰਿਕ ਨੇ ਬਸੰਤ ਸਬੰਧੀ ਕੁਝ ਇਸ ਤਰ੍ਹਾਂ ਬਿਆਨ ਕੀਤਾ ਹੈ;
ਕੱਕਰਾਂ ਨੇ ਲੁੱਟ ਪੁੱਟ ਕਰ ਛੱਡੇ ਰੁੱਖ,
ਹੋ ਗਏ ਨਿਹਾਲ ਅੱਜ ਪੁੰਗਰ ਕੇ ਡਾਲੀਆਂ।
ਡਾਲੀਆਂ ਕਚਾਹ ਵਾਂਗ ਕੂਲੀਆਂ ਨੂੰ ਜਿੰਦ ਪਈ,
ਆਲ੍ਹਣੇ ਦੇ ਬੋਟਾਂ ਵਾਂਗ ਖੰਭੀਆਂ ਉਛਾਲੀਆਂ।
ਪੰਛੀਆਂ ਨੇ ਗਾਵਿਆ ਹਿੰਡੋਲ ਤੇ ਬਸੰਤ ਰਾਗ,
ਚਿਰਾਂ ਪਿੱਛੋਂ ਰੱਬ ਨੇ ਮੁਰਾਦਾਂ ਨੇ ਵਿਖਾਲੀਆਂ।
ਕੇਸਰੀ ਦੁਪੱਟੇ ਨੂੰ ਬਸੰਤ ਕੌਰ ਪਹਿਨ ਜਦੋਂ,
ਡੋਰੇਦਾਰ ਨੈਣਾਂ ਵਿੱਚ ਸੁੱਟੀਆਂ ਗਲਾਲੀਆਂ।
ਇਸ ਰੁੱਤ ਦਾ ਆਗਾਜ਼ ਮਾਘ ਮਹੀਨੇ ਦੀ ਪੰਚਮੀ ਭਾਵ ਬਸੰਤ ਪੰਚਮੀ ਨੂੰ ਮੰਨਿਆ ਜਾਂਦਾ ਹੈ ਅਤੇ ਇਸ ਨੂੰ ਤਿਉਹਾਰ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਅਸਲ ਵਿੱਚ ਇਹ ਮੌਸਮ ਵਿੱਚ ਪਰਿਵਰਤਨ ਦਾ ਜਸ਼ਨ ਹੈ ਅਤੇ ਪੁਰਾਤਨ ਸਮਿਆਂ ਤੋਂ ਤਬਦੀਲੀ ਦੇੇ ਸਵਾਗਤ ਦਾ ਤਰੀਕਾ ਹੈ। ਪੁਰਾਤਨ ਸਮਿਆਂ ਤੋਂ ਇਸ ਦਾ ਜ਼ਿਕਰ ਮਿਥਿਹਾਸ ਵਿੱਚ ਵੱਖ ਵੱਖ ਰੂਪਾਂ ਵਿੱਚ ਮਿਲਦਾ ਹੈ। ਇਸ ਦਿਨ ਵਿੱਦਿਆ ਅਤੇ ਸੰਗੀਤ ਦੀ ਦੇਵੀ ਸਰਸਵਤੀ ਦੀ ਪੂਜਾ ਕੀਤੀ ਜਾਂਦੀ ਹੈ। ਪੁਰਾਣਾਂ ਦੇ ਅਨੁਸਾਰ ਸ੍ਰੀ ਕ੍ਰਿਸ਼ਨ ਨੇ ਸਰਸਵਤੀ ਤੋਂ ਖ਼ੁਸ਼ ਹੋ ਕੇ ਇਸ ਦਿਨ ਉਸ ਦੀ ਪੂਜਾ ਦਾ ਵਰਦਾਨ ਦਿੱਤਾ ਸੀ। ਇਸ ਦਿਨ ਨੂੰ ਸਰਸਵਤੀ ਦੇ ਜਨਮ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਵ੍ਰਿੰਦਾਵਨ, ਮਥਰਾ ਵਿੱਚ ਬਸੰਤ ਪੰਚਮੀ ਸਮੇਂ ਖ਼ਾਸ ਰੌਣਕਾਂ ਹੁੰਦੀਆਂ ਹਨ। ਇਸ ਦਿਨ ਹਿੰਦੂ ਵਿਸ਼ਨੂੰ ਅਤੇ ਦੇਵੀ ਲਕਸ਼ਮੀ ਦੀ ਵੀ ਪੂਜਾ ਕਰਦੇ ਹਨ। ਇਹ ਦਿਨ ਨਵਾਂ ਕੰੰਮ ਆਰੰਭ ਕਰਨ ਲਈ ਵੀ ਸ਼ੁਭ ਮੰਨਿਆ ਜਾਂਦਾ ਹੈ। ਇਸ ਦਿਨ ਰਾਜਾ ਭੋਜ ਦਾ ਜਨਮ ਦਿਨ ਵੀ ਮਨਾਇਆ ਜਾਂਦਾ ਹੈੈ। ਰਾਜਾ ਭੋਜ ਆਪਣੇ ਜਨਮ ਦੇ ਇਸ ਦਿਨ ਨੂੰ ਆਪਣੀ ਜਨਤਾ ਦੀ ਭਲਾਈ ਲਈ ਕੰਮਾਂ ਵਿੱਚ ਲਗਾਉਂਦਾ ਸੀ। ਗੁਰੂ ਗ੍ਰੰਥ ਸਾਹਿਬ ਵਿੱਚ ਬਸੰਤ ਰਾਗ ਵਿੱਚ ਸਿੱਖ ਗੁਰੂ ਸਾਹਿਬਾਨ ਅਤੇ ਭਗਤਾਂ ਦੀ ਬਾਣੀ ਦਰਜ ਹੈ। ਇਸ ਦਿਨ ਗੁਰਦੁਆਰਾ ਛੇਹਰਟਾ ਸਾਹਿਬ ਵਿਖੇ ਲੱਗਦਾ ਮੇਲਾ ਕਾਫ਼ੀ ਪ੍ਰਸਿੱਧ ਹੈ। ਇਸੇ ਤਰ੍ਹਾਂ ਆਨੰਦਪੁਰ ਸਾਹਿਬ ਦੇ ਨਜ਼ਦੀਕ ਬਸੰਤਗੜ੍ਹ ਵਿਖੇ ਵੀ ਬਸੰਤ ਪੰਚਮੀ ਦਾ ਮੇਲਾ ਭਰਦਾ ਹੈ।
ਬਸੰਤ ਪੰਚਮੀ ਵਾਲੇ ਦਿਨ ਵੀਰ ਹਕੀਕਤ ਰਾਏ ਨੂੰ ਇਸਲਾਮ ਧਰਮ ਸਵੀਕਾਰ ਨਾ ਕਰਨ ਕਾਰਨ ਸ਼ਹੀਦ ਕਰ ਦਿੱਤਾ ਸੀ। ਲਾਹੌਰ ਦੇ ਨਜ਼ਦੀਕ ਵੀਰ ਹਕੀਕਤ ਰਾਏ ਦੀ ਸਮਾਧ ’ਤੇ ਇਸ ਦਿਨ ਮੇਲਾ ਭਰਦਾ ਹੈ। ਬੱਚਿਆਂ ਅਤੇ ਨੌਜਵਾਨਾਂ ਵੱਲੋਂ ਪਤੰਗ ਉਡਾਏ ਜਾਂਦੇ ਹਨ। ਬਸੰਤ ਪੰਚਮੀ ਵਾਲਾ ਦਿਨ ਨਾਮਧਾਰੀ ਮੁਖੀ ਰਾਮ ਸਿੰਘ ਦਾ ਜਨਮ ਦਿਨ ਹੋਣ ਕਾਰਨ ਇਸ ਦਿਨ ਨੂੰ ਭੈਣੀ ਸਾਹਿਬ ਵਿਖੇ ਮਨਾਇਆ ਜਾਂਦਾ ਹੈ। ਇਸੇ ਦਿਨ ਹੀ ਉਨ੍ਹਾਂ ਨੂੰ ਅੰਗਰੇੇਜ਼ੀ ਹਕੂਮਤ ਨੇ ਦੇਸ਼ ਨਿਕਾਲਾ ਦਿੱਤਾ ਸੀ।
ਬਸੰਤ ਪੰਚਮੀ ਅਤੇ ਬਸੰਤੀ ਰੰਗ ਦਾ ਵਿਸ਼ੇਸ਼ ਸੁਮੇਲ ਹੈ। ਇਸ ਦਿਨ ਪੀਲੇ ਰੰਗਾਂ ਦੇ ਕੱਪੜੇ ਪਹਿਨਣ ਅਤੇ ਪਕਵਾਨਾਂ ਵਿੱਚ ਪੀਲਾ ਰੰਗ ਉਪਯੋਗ ਕੀਤਾ ਜਾਂਦਾ ਹੈ। ਇਨ੍ਹਾਂ ਸਾਰੇ ਪੱਖਾਂ ਕਾਰਨ ਬਹਾਰ ਰੁੱਤ ਦੇ ਆਗਾਜ਼ ਦਾ ਇਹ ਤਿਉਹਾਰ ਆਪਣੀ ਵਿਲੱਖਣਤਾ ਪੇਸ਼ ਕਰਦਾ ਹੈ। ਮੌਸਮ ਤਬਦੀਲੀ ਦੇ ਹੁਲਾਸ ਦੇ ਨਾਲ ਇਸ ਦਿਨ ਨਾਲ ਜੁੜੇ ਇਤਿਹਾਸਕ, ਸਮਾਜਿਕ ਪੱਖ ਇਸ ਨੂੰ ਹੋਰ ਵੀ ਮਹੱਤਵ ਪ੍ਰਦਾਨ ਕਰਨ ਦਾ ਕੰਮ ਕਰਦੇ ਹਨ।
ਸੰਪਰਕ: 81469-24800