ਵਿਕਾਸ ਲਈ ਪੈਸੇ ਦੀ ਘਾਟ ਨਹੀਂ: ਬੇਦੀ
ਮਹਾਂਵੀਰ ਮਿੱਤਲ
ਜੀਂਦ, 30 ਅਪਰੈਲ
ਸਮਾਜਿਕ ਨਿਆਂ ਤੇ ਅਧਿਕਾਰਤਾ ਮੰਤਰੀ ਕ੍ਰਿਸ਼ਨ ਬੇਦੀ ਨੇ ਕਿਹਾ ਹੈ ਕਿ ਪਿੰਡਾਂ ਦਾ ਚਹੁੰਮੁਖੀ ਵਿਕਾਸ ਅਤੇ ਯੋਗ ਨੌਜਵਾਨਾਂ ਦੇ ਰੁਜ਼ਗਾਰ ਲਈ ਸੂਬਾ ਸਰਕਾਰ ਵਚਨਬੱਧ ਹੈ ਅਤੇ ਇਸ ਦਿਸ਼ਾ ਵਿੱਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਕਈ ਮਹੱਤਵਪੂਰਨ ਫੈਸਲੇ ਲਏ ਗਏ ਹਨ। ਵਰਤਮਾਨ ਵਿੱਚ ਪਿੰਡਾਂ ਦੇ ਵਿਕਾਸ ਨੂੰ ਸ਼ਹਿਰਾਂ ਦੀ ਤਰਜ਼ ’ਤੇ ਨਵੀਂ ਗਤੀ ਮਿਲ ਰਹੀ ਹੈ। ਪਿੰਡਾਂ ਵਿੱਚ ਵਧੀਆ ਸਿੱਖਿਆ, ਸਿਹਤ ਸੇਵਾਵਾਂ, ਲੋੜ ਅਨੁਸਾਰ ਬਿਜਲੀ ਦੀ ਸਪਲਾਈ, ਸੜਕਾਂ ਦਾ ਨਿਰਮਾਣ ਅਤੇ ਵਿਸਥਾਰੀਕਰਨ ਕੀਤਾ ਜਾ ਰਿਹਾ ਹੈ। ਇਹ ਗੱਲ ਕੈਬਨਿਟ ਮੰਤਰੀ ਨੇ ਪਿੰਡ ਬੇਲਰਖਾਂ ਵਿੱਚ ਆਪਣੇ ਧੰਨਵਾਦੀ ਦੌਰੇ ਦੌਰਾਨ ਕੀਤੇ ਗਏ ਸਮਾਰੋਹ ਦੌਰਾਨ ਕਹੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ 90 ਵਿਧਾਨ ਸਭਾ ਹਲਕਿਆਂ ਵਿੱਚ ਕਰਵਾਏ ਜਾ ਰਹੇ ਵਿਕਾਸ ਤੋਂ ਨਰਵਾਣਾ ਦਾ ਇਲਾਕਾ ਵਿਰਵਾ ਨਹੀਂ ਰਹੇਗਾ। ਬੇਦੀ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਜਲਦੀ ਹੀ ਨਰਵਾਣਾ ਵਿਕਾਸ ਦਾ ਮਾਡਲ ਬਣੇਗਾ। ਇਸ ਵੇਲੇ ਪਿੰਡ ਵਾਸੀਆਂ ਵੱਲੋਂ 55 ਮੰਗਾਂ ਦਾ ਪ੍ਰਾਰਥਨਾ-ਪੱਤਰ ਪੇਸ਼ ਕੀਤਾ ਗਿਆ। ਇਸ ਉੱਤੇ ਮੰਤਰੀ ਨੇ ਭਰੋਸਾ ਦਿੱਤਾ ਕਿ ਵਿਕਾਸ ਕੰਮਾਂ ਲਈ ਪੈਸੇ ਦੀ ਕੋਈ ਘਾਟ ਨਹੀਂ ਹੈ ਆਪਸੀ ਭਾਈਚਾਰਾ ਅਤੇ ਵਿਕਾਸ ਕੰਮਾਂ ਵਿੱਚ ਸਹਿਯੋਗ ਦੀ ਲੋੜ ਹੈ। ਉਨ੍ਹਾਂ ਖੇਡ ਸਟੇਡੀਅਮ ਦੇ ਨਿਰਮਾਣ, ਸੇਵਾ ਕੇਂਦਰ, ਸੈਕਿੰਡ ਪੀਐੱਚਸੀ ਭਵਨ, ਹਸਪਤਾਲ ਦੀ ਚਾਰਦੀਵਾਰੀ, ਜਲਘਰ ਨੰਬਰ 2 ਵਿੱਚ ਮੋਟਰ ਰਖਵਾਉਣ, ਧਰਮਸ਼ਾਲਾ ਤਲਾਬ ਦਾ ਸੁਧਾਰ, ਰਾਮੂ ਪੱਤੀ ਦੇ ਸਮਸ਼ਾਨਘਾਟ ਦੀ ਚਾਰਦੀਵਾਰੀ, ਪੰਚਾਇਤਘਰ ਦਾ ਨਿਰਮਾਣ, ਰਾਮੂ ਪੱਤੀ ਬ੍ਰਾਹਮਣ ਚੌਪਾਲ, ਬਾਲਮੀਕੀ ਚੌਪਾਲ ਦਾ ਨਿਰਮਾਣ, ਹਰਬਲ ਪਾਰਕ ਦੇ ਨਿਰਮਾਣ ਸਹਿਤ ਅਨੇਕਾਂ ਗਲੀਆਂ ਦਾ ਨਿਰਮਾਣ ਕਰਵਾਉਣ ਦੀ ਗੱਲ ਕਹੀ। ਇਸ ਮੌਕੇ ਭਾਜਪਾ ਆਗੂ ਰਿਸ਼ਪਾਲ ਸ਼ਰਮਾ, ਭਾਜਪਾ ਮੰਡਲ ਪ੍ਰਧਾਨ ਸੁਰਿੰਦਰ ਪ੍ਰਜਾਪਤ, ਸਤਿਆਵਾਨ ਸ਼ਰਮਾ, ਸਰਪੰਚ ਪਿਰਥੀ ਸਿੰਘ, ਅਨਾਜ ਮੰਡੀ ਪ੍ਰਧਾਨ ਈਸ਼ਵਰ ਗੋਇਲ ਹਾਜ਼ਰ ਸਨ।