ਵਪਾਰ ਮੰਡਲ ਵੱਲੋਂ ਮੁੱਖ ਮੰਤਰੀ ਦੇ ਨਾਮ ਵਿਧਾਇਕ ਨੂੰ ਮੰਗ ਪੱਤਰ
ਪੱਤਰ ਪ੍ਰੇਰਕ
ਯਮੁਨਾਨਗਰ, 17 ਮਾਰਚ
ਉਦਯੋਗ ਵਪਾਰ ਮੰਡਲ ਹਰਿਆਣਾ ਦੇ ਸੂਬਾ ਪ੍ਰਧਾਨ ਅਤੇ ਸਮਾਜ ਸੇਵਕ ਮਹਿੰਦਰ ਮਿੱਤਲ ਦੀ ਅਗਵਾਈ ਹੇਠ ਸੰਗਠਨ ਦੀ ਕਾਰਜਕਾਰਨੀ ਨੇ ਯਮੁਨਾਨਗਰ ਦੇ ਵਿਧਾਇਕ ਘਣਸ਼ਿਆਮ ਦਾਸ ਨੂੰ ਮੁੱਖ ਮੰਤਰੀ ਨਾਇਬ ਸੈਣੀ ਦੇ ਨਾਂ ‘ਤੇ ਯਮੁਨਾਨਗਰ-ਚੰਡੀਗੜ੍ਹ ਅਤੇ ਯਮੁਨਾਨਗਰ-ਕਰਨਾਲ ਰੇਲਵੇ ਲਾਈਨ ਦਾ ਕੰਮ ਜਲਦੀ ਸ਼ੁਰੂ ਕਰਨ ਲਈ ਮੰਗ ਪੱਤਰ ਸੌਂਪਿਆ। ਪੱਤਰ ਦੀ ਫੋਟੋ ਕਾਪੀ ਕੇਂਦਰੀ ਰੇਲ ਮੰਤਰੀ ਦੇ ਨਾਮ ’ਤੇ ਡਾਕ ਰਾਹੀਂ ਵੀ ਭੇਜੀ ਗਈ। ਮਹਿੰਦਰ ਮਿੱਤਲ ਨੇ ਕਿਹਾ ਕਿ ਸਰਕਾਰ ਦੀ ਇਸ ਯੋਜਨਾ ਦੀ ਸ਼ੁਰੂਆਤ ਨਾਲ ਰੇਲਵੇ ਲਾਈਨਾਂ ਦੇ ਆਪਸ ਵਿੱਚ ਜੁੜਨ ਨਾਲ ਇਨ੍ਹਾਂ ਖੇਤਰਾਂ ਵਿੱਚ ਯਾਤਰਾ ਕਰਨਾ ਆਸਾਨ ਹੋ ਜਾਵੇਗੀ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ। ਇਸ ਦੇ ਨਾਲ ਹੀ ਇਨ੍ਹਾਂ ਰੂਟਾਂ ’ਤੇ ਪੈਂਦੇ ਪਿੰਡਾਂ ਵਿੱਚ ਸੰਪਰਕ ਵਧੇਗਾ। ਸ੍ਰੀ ਮਿੱਤਲ ਨੇ ਕਿਹਾ ਕਿ ਛੋਟੇ ਅਤੇ ਦਰਮਿਆਨੇ ਵਪਾਰੀਆਂ ਲਈ ਆਪਣਾ ਸਾਮਾਨ ਢੋਆ-ਢੁਆਈ ਕਰਨਾ ਆਸਾਨ ਹੋਵੇਗਾ ਜਿਸ ਨਾਲ ਸੂਬੇ ਦੀ ਆਰਥਿਕਤਾ ਮਜ਼ਬੂਤ ਹੋਵੇਗੀ । ਇਸ ਤੋਂ ਇਲਾਵਾ ਰੇਲਵੇ ਸੇਵਾ ਦੇ ਸਮੇਂ ਵਿੱਚ ਸੁਧਾਰ ਨਾਲ ਸੈਰ-ਸਪਾਟੇ ਨੂੰ ਵੀ ਹੁਲਾਰਾ ਮਿਲੇਗਾ। ਵਿਧਾਇਕ ਘਣਸ਼ਿਆਮ ਦਾਸ ਨੇ ਮੰਗਾਂ ਨੂੰ ਧਿਆਨ ਨਾਲ ਸੁਣਿਆ ਅਤੇ ਭਰੋਸਾ ਦਿੱਤਾ ਕਿ ਇਹ ਮੁੱਦਾ ਸਰਕਾਰ ਦੇ ਸਾਹਮਣੇ ਰੱਖਿਆ ਜਾਵੇਗਾ ਅਤੇ ਜਲਦੀ ਹੀ ਇਸ ਪ੍ਰਾਜੈਕਟ ’ਤੇ ਕੰਮ ਸ਼ੁਰੂ ਕੀਤਾ ਜਾਵੇਗਾ । ਇਸ ਮੌਕੇ ਸੰਜੇ ਮਿੱਤਲ, ਪ੍ਰਵੀਨ ਵਰਮਾ, ਵਿਪਿਨ ਗੁਪਤਾ, ਸੰਜੇ ਸ਼ਰਮਾ, ਦੀਪਕ ਕਪੂਰ, ਵਿਸ਼ਾਲ ਗੁਪਤਾ, ਪੁਲਕਿਤ ਗਰਗ, ਹਰਸ਼ਿਤ ਕੰਬੋਜ ਮੌਜੂਦ ਸਨ।