ਲੱਖਾਂ ਰੁਪਏ ਦੀ ਹੈਰੋਇਨ ਸਣੇ ਛੇ ਗ੍ਰਿਫ਼ਤਾਰ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 18 ਅਪਰੈਲ
ਵੱਖ ਵੱਖ ਥਾਣਿਆਂ ਦੀ ਪੁਲੀਸ ਨੇ ਲੱਖਾਂ ਰੁਪਏ ਦੇ ਮੁੱਲ ਦੀ ਹੈਰੋਇਨ ਸਮੇਤ ਇੱਕ ਔਰਤ ਸਣੇ ਛੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਦੁੱਗਰੀ ਦੇ ਥਾਣੇਦਾਰ ਜਸਵਿੰਦਰ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਗਸ਼ਤ ਦੌਰਾਨ ਭਾਈ ਜੈਤਾਜੀ ਚੌਕ ਪੁੱਜੀ ਤਾਂ ਖੱਬੇ ਪਾਸੇ ਤੋਂ ਆਪਣੇ ਹੱਥ ਵਿੱਚ ਮੋਮੀ ਲਿਫਾਫਾ ਫੜੀ ਰਵਿੰਦਰ ਸਿੰਘ ਵਾਸੀ ਰਾਮ ਨਗਰ ਪੈਦਲ ਆਉਂਦਾ ਦਿਖਾਈ ਦਿੱਤਾ। ਉਸ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕਰਕੇ ਤਲਾਸ਼ੀ ਲਈ ਤਾਂ ਉਸ ਕੋਲੋਂ 312 ਗ੍ਰਾਮ ਹੈਰੋਇਨ ਬਰਾਮਦ ਹੋਈ ਜਿਸ ਦੀ ਕੀਮਤ ਕੌਮਾਂਤਰੀ ਬਾਜ਼ਾਰ ਵਿੱਚ ਲੱਖਾਂ ਰੁਪਏ ਬਣਦੀ ਹੈ।
ਇਸੇ ਤਰ੍ਹਾਂ ਥਾਣਾ ਸਲੇਮ ਟਾਬਰੀ ਦੀ ਪੁਲੀਸ ਨੇ ਥਾਣੇਦਾਰ ਕਸ਼ਮੀਰ ਸਿੰਘ ਦੀ ਅਗਵਾਈ ਹੇਠ ਗਸ਼ਤ ਦੌਰਾਨ ਨੇੜੇ ਚਰਚ ਪੀਰੂ ਬੰਦਾ ਮੁਹੱਲਾ ਤੋਂ ਬਲਜੀਤ ਸਿੰਘ ਵਾਸੀ ਮੁਹੱਲਾ ਪੀਰੂ ਬੰਦਾ ਸਲੇਮ ਟਾਬਰੀ ਨੂੰ ਸ਼ੱਕ ਦੀ ਬਿਨਾਅ ਤੇ ਕਾਬੂ ਕਰਕੇ ਉਸ ਪਾਸੋਂ 15 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਥਾਣਾ ਹੈਬੋਵਾਲ ਦੇ ਥਾਣੇਦਾਰ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਰਾਮ ਸ਼ਰਨਮ ਪੁਲੀ ਗੰਦਾ ਨਾਲਾ ਰੋਡ ਸਾਈਡ ਹੈਬੋਵਾਲ ਤੋਂ ਰੀਤੂ ਮਲਹੋਤਰਾ ਵਾਸੀ ਰਣਯੋਧ ਪਾਰਕ ਨੂੰ ਕਾਬੂ ਕਰਕੇ ਉਸ ਕੋਲੋਂ 55 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।
ਇੱਕ ਹੋਰ ਮਾਮਲੇ ਵਿੱਚ ਥਾਣਾ ਡਿਵੀਜਨ ਨੰਬਰ 5 ਦੀ ਪੁਲੀਸ ਨੇ ਥਾਣੇਦਾਰ ਮੋਹਨ ਲਾਲ ਦੀ ਅਗਵਾਈ ਹੇਠ ਫਿਰੋਜ਼ ਗਾਂਧੀ ਮਾਰਕੀਟ ਪਿਛਲੇ ਪਾਸੇ ਜ਼ਿਲ੍ਹਾ ਕਚਿਹਰੀ ਤੋਂ ਗੌਰਵ ਕੁਮਾਰ ਵਾਸੀ ਜਵਾਹਰ ਨਗਰ ਨੂੰ 10 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸੇ ਤਰ੍ਹਾਂ ਥਾਣਾ ਡਿਵੀਜਨ ਨੰਬਰ 8 ਦੇ ਥਾਣੇਦਾਰ ਭਜਨ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਗੰਦਾ ਨਾਲਾ ਉਪਕਾਰ ਨਗਰ ਤੋਂ ਬਖਸ਼ੀਸ ਸਿੰਘ ਵਾਸੀ ਬਾਵਾ ਕਲੋਨੀ ਭਾਮੀਆਂ ਕਲਾਂ ਅਤੇ ਲਵਲੀ ਵਰਮਾ ਵਾਸੀ ਚਰਨ ਨਗਰ ਨੂੰ 10 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ।