ਲੁਧਿਆਣਾ ਵਿੱਚ ਬਾਅਦ ਦੁਪਹਿਰ ਕਿਣਮਿਣ
ਸਤਵਿੰਦਰ ਬਸਰਾ
ਲੁਧਿਆਣਾ, 18 ਅਪਰੈਲ
ਸਨਅਤੀ ਸ਼ਹਿਰ ਲੁਧਿਆਣਾ ਵਿੱਚ ਅੱਜ ਦੁਪਹਿਰ ਬਾਅਦ ਹੋਈ ਸੰਘਣੀ ਬੱਦਲਵਾਈ ਅਤੇ ਕਿਤੇ ਕਿਤੇ ਹਲਕੀ ਕਿਣਮਿਣ ਨੇ ਭਾਵੇਂ ਲੁਧਿਆਣਵੀਆਂ ਨੂੰ ਗਰਮੀ ਤੋਂ ਕੁੱਝ ਰਾਹਤ ਦਿੱਤੀ ਹੈ ਪਰ ਮੰਡੀਆਂ ਵਿੱਚ ਕਣਕ ਲੈ ਕੇ ਬੈਠੇ ਅਤੇ ਵਾਢੀ ਦੀ ਉਡੀਕ ਕਰਦੇ ਕਿਸਾਨਾਂ ਦੀ ਨੀਂਦ ਉਡਾ ਦਿੱਤੀ ਹੈ। ਅੱਜ ਹੋਈ ਕਿਣਮਿਣ ਅਤੇ ਬੱਦਲਵਾਈ ਨੇ ਤਾਪਮਾਨ 7 ਤੋਂ 8 ਡਿਗਰੀ ਸੈਲਸੀਅਸ ਤੱਕ ਘਟਾ ਦਿੱਤਾ ਹੈ।
ਪਿਛਲੇ ਸਾਲਾਂ ਦੇ ਮੁਕਾਬਲੇ ਇਸ ਸਾਲ ਵਧੀਆ ਮੌਸਮ ਰਹਿਣ ਕਰਕੇ ਕਣਕ ਦੀ ਬੰਪਰ ਫਸਲ ਮੰਡੀਆਂ ਵਿੱਚ ਆਉਣ ਦੀ ਉਮੀਦ ਹੈ। ਦੂਜੇ ਪਾਸੇ ਅੱਜ ਲੁਧਿਆਣਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਦੁਪਹਿਰ ਬਾਅਦ ਇਕਦਮ ਹੋਈ ਸੰਘਣੀ ਬੱਦਲਵਾਈ ਅਤੇ ਦੇਰ ਸ਼ਾਮ ਹੋਈ ਕਿਣਮਿਣ ਨੇ ਕਿਸਾਨਾਂ ਦੇ ਚਿਹਰਿਆਂ ’ਤੇ ਉਦਾਸੀ ਲਿਆ ਦਿੱਤੀ ਹੈ।
ਦੂਜੇ ਪਾਸੇ ਲਗਾਤਾਰ ਵੱਧ ਰਹੀ ਗਰਮੀ ਕਰਕੇ ਪ੍ਰੇਸ਼ਾਨ ਹੋਏ ਲੁਧਿਆਣਵੀਆਂ ਨੂੰ ਅੱਜ ਦੀ ਬੱਦਲਵਾਈ, ਹਨ੍ਹੇਰੀ ਅਤੇ ਕਿਣਮਣ ਨੇ ਕੁੱਝ ਰਾਹਤ ਦਿੱਤੀ ਹੈ। ਅਚਾਨਕ ਬਦਲੇ ਇਸ ਮੌਸਦ ਦਾ ਆਨੰਦ ਲੈਣ ਲਈ ਲੋਕ ਆਪਣੇ ਘਰਾਂ ਦੀਆਂ ਛੱਤਾਂ ਅਤੇ ਖੁੱਲ੍ਹੇ ਪਾਰਕਾਂ ਵਿੱਚ ਵੀ ਟਹਿਲਦੇ ਦਿਖਾਈ ਦਿੱਤੇ। ਬੀਤੇ ਦਿਨ ਜਿਹੜਾ ਤਾਪਮਾਨ 37-38 ਡਿਗਰੀ ਸੈਲਸੀਅਸ ਤੱਕ ਚੱਲ ਰਿਹਾ ਸੀ, ਅੱਜ ਦੁਪਹਿਰ ਸਮੇਂ ਘੱਟ ਕਿ ਉਪਰਲਾ ਤਾਪਮਾਨ 29 ਡਿਗਰੀ ਅਤੇ ਹੇਠਲਾ ਤਾਪਮਾਨ 22.2 ਡਿਗਰੀ ਸੈਲਸੀਅਸ ਤੱਕ ਆ ਗਿਆ। ਜੇਕਰ ਪੀਏਯੂ ਦੇ ਮੌਸਮ ਵਿਭਾਗ ਦੀ ਮੰਨੀਏ ਤਾਂ ਆਉਂਦੇ 24 ਘੰਟਿਆਂ ਵਿੱਚ ਵੀ ਲੁਧਿਆਣਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਬੱਦਲਵਾਈ ਰਹਿਣ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਉੱਧਰ ਕਈ ਕਿਸਾਨਾਂ ਦਾ ਕਹਿਣਾ ਹੈ ਕਿ ਕਣਕ ਦੀ ਫਸਲ ਪੂਰੀ ਤਰ੍ਹਾਂ ਪੱਕੀ ਹੋਈ ਹੈ, ਸੀਜ਼ਨ ਦੌਰਾਨ ਮੌਸਮ ਵੀ ਵਧੀਆ ਰਿਹਾ ਹੈ ਜਿਸ ਕਰਕੇ ਬੰਪਰ ਫਸਲ ਹੋਈ ਹੈ। ਜੇਕਰ ਹੁਣ ਮੀਂਹ ਜਾਂ ਤੇਜ਼ ਹਨ੍ਹੇਰੀ ਆਉਂਦੀ ਹੈ ਤਾਂ ਕਿਸਾਨਾਂ ਦੀ ਪੁੱਤਾਂ ਦੀ ਤਰ੍ਹਾਂ ਪਾਲੀ ਫਸਲ ਨੂੰ ਨੁਕਸਾਨ ਹੋ ਸਕਦਾ ਹੈ।