ਲੁਧਿਆਣਾ ਪੁਲੀਸ ਨੇ ਨਸ਼ਾ ਤਸਕਰ ਦਾ ਘਰ ਢਾਹਿਆ
ਲੁਧਿਆਣਾ, 24 ਮਾਰਚ
ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਲੁਧਿਆਣਾ ਪੁਲੀਸ ਨੇ ਅੱਜ ਨਸ਼ਾ ਤਸਕਰ ਦੇ ਘਰ ’ਤੇ ਵੱਡੀ ਕਾਰਵਾਈ ਕੀਤੀ। ਲੁਧਿਆਣਾ ਪੁਲੀਸ ਦੀ ਟੀਮ ਨੇ ਹੈਬੋਵਾਲ ਦੇ ਰਾਜੌਰੀ ਗਾਰਡਨ ਇਲਾਕੇ ਵਿੱਚ ਇੱਕ ਨਸ਼ਾ ਤਸਕਰ ਦੀ ਗ਼ੈਰ-ਕਾਨੂੰਨੀ ਇਮਾਰਤ ’ਤੇ ਜੇਸੀਬੀ ਦੀ ਵਰਤੋਂ ਕਰਕੇ ਕਾਰਵਾਈ ਕੀਤੀ। ਪੁਲੀਸ ਨੇ ਇਸ ਮਾਮਲੇ ਵਿੱਚ ਨਗਰ ਨਿਗਮ ਦੀ ਟੀਮ ਦੀ ਮਦਦ ਲਈ ਅਤੇ ਕਾਰਵਾਈ ਕੀਤੀ। ਪੁਲੀਸ ਅਨੁਸਾਰ ਨਸ਼ਾ ਤਸਕਰ ਅੰਮ੍ਰਿਤ ਨੇ ਇਹ ਜਾਇਦਾਦ ਨਸ਼ਾ ਤਸਕਰੀ ਤੋਂ ਕਮਾਏ ਪੈਸੇ ਨਾਲ ਬਣਾਈ ਸੀ। ਇਸ ਇਮਾਰਤ ਵਿੱਚ ਅੰਮ੍ਰਿਤ ਸਿੰਘ ਰਹਿੰਦਾ ਸੀ, ਜਿਸ ਵਿਰੁੱਧ ਐਨਡੀਪੀਐਸ ਐਕਟ ਤਹਿਤ ਕਈ ਕੇਸ ਦਰਜ ਹਨ। ਕਾਰਵਾਈ ਦੌਰਾਨ ਕੋਈ ਗੜਬੜ ਨਾ ਹੋਵੇ, ਇਹ ਯਕੀਨੀ ਬਣਾਉਣ ਲਈ ਪੂਰੀ ਪੁਲੀਸ ਫੋਰਸ ਮੌਜੂਦ ਸੀ। ਜਿਸ ਤੋਂ ਬਾਅਦ ਪੁਲੀਸ ਟੀਮ ਨੇ ਉਸਾਰੀ ਢਹਿ-ਢੇਰੀ ਕਰ ਦਿੱਤੀ।
ਪੁਲੀਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਇਮਾਰਤ ’ਤੇ ਕਾਰਵਾਈ ਲੁਧਿਆਣਾ ਨਗਰ ਨਿਗਮ ਦੇ ਤਾਲਮੇਲ ਨਾਲ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਨਾਜਾਇਜ਼ ਕਬਜ਼ਿਆਂ ਲਈ ਨੋਟਿਸ ਵੀ ਜਾਰੀ ਕੀਤੇ ਗਏ ਹਨ। ਪੁਲੀਸ ਕਮਿਸ਼ਨਰ ਚਾਹਲ ਨੇ ਕਿਹਾ ਕਿ ਅੰਮ੍ਰਿਤ ਵਿਰੁੱਧ ਪਹਿਲਾਂ ਹੀ ਨਸ਼ੀਲੇ ਪਦਾਰਥਾਂ ਅਤੇ ਗੈਰ-ਕਾਨੂੰਨੀ ਹਥਿਆਰਾਂ ਨਾਲ ਸਬੰਧਤ 10 ਕੇਸ ਦਰਜ ਹਨ। ਮੁਲਜ਼ਮ ਪਹਿਲਾਂ ਸੂਬੇ ਦੇ ਹੋਰ ਇਲਾਕਿਆਂ ਵਿੱਚ ਸਰਗਰਮ ਸੀ ਅਤੇ ਦੋ ਸਾਲ ਪਹਿਲਾਂ ਇੱਥੇ ਆਇਆ ਸੀ। ਉਨ੍ਹਾਂ ਕਿਹਾ ਕਿ ਪੁਲੀਸ ਮੁਲਜ਼ਮਾਂ ਦੀਆਂ ਹੋਰ ਗ਼ੈਰ-ਕਾਨੂੰਨੀ ਜਾਇਦਾਦਾਂ ਦੀ ਪਛਾਣ ਕਰ ਰਹੀ ਹੈ। ਨਸ਼ਾ ਤਸਕਰ ਦੀਆਂ ਸਾਰੀਆਂ ਗ਼ੈਰ-ਕਾਨੂੰਨੀ ਜਾਇਦਾਦਾਂ ਨੂੰ ਢਾਹ ਦਿੱਤਾ ਜਾਵੇਗਾ ਅਤੇ ਪੁਲੀਸ ਟੀਮਾਂ ਫਰਾਰ ਤਸਕਰ ਨੂੰ ਫੜਨ ਲਈ ਦਿਨ-ਰਾਤ ਕੰਮ ਕਰ ਰਹੀਆਂ ਹਨ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਹੁਣ ਤੱਕ ਐਨਡੀਪੀਐਸ ਐਕਟ ਤਹਿਤ 250 ਤੋਂ ਵੱਧ ਮਾਮਲੇ ਦਰਜ ਕੀਤੇ ਹਨ। ਉਨ੍ਹਾਂ ਜਨਤਾ ਨੂੰ ਭਰੋਸਾ ਦਿੱਤਾ ਕਿ ਜਦੋਂ ਤੱਕ ਨਸ਼ਿਆਂ ਦਾ ਪੂਰੀ ਤਰ੍ਹਾਂ ਖਾਤਮਾ ਨਹੀਂ ਹੋ ਜਾਂਦਾ, ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਅਤੇ ਤਸਕਰਾਂ ਨੂੰ ਸਖ਼ਤ ਸਜ਼ਾ ਦੇਣ ਦਾ ਵਾਅਦਾ ਕੀਤਾ। ਉਨ੍ਹਾਂ ਨਸ਼ਿਆਂ ਵਿਰੁੱਧ ਇਸ ਲੜਾਈ ਵਿੱਚ ਜਨਤਕ ਸਹਿਯੋਗ ਦੀ ਵੀ ਅਪੀਲ ਕੀਤੀ। ਇਲਾਕਾ ਨਿਵਾਸੀਆਂ ਨੇ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਪੁਲਿਸ ਦੇ ਕੰਮ ਦੀ ਸ਼ਲਾਘਾ ਕੀਤੀ।\B
ਕੈਪਸ਼ਨ: \B