ਲਾਡੋਵਾਲ ਟੌਲ ਪਲਾਜ਼ਾ ’ਤੇ ਅੱਜ ਤੋਂ ਨਵੀਆਂ ਦਰਾਂ ਲਾਗੂ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 30 ਮਾਰਚ
ਲੁਧਿਆਣਾ -ਜਲੰਧਰ ਮੁੱਖ ਮਾਰਗ ਸਥਿਤ ਪੰਜਾਬ ਦਾ ਸਭ ਤੋਂ ਮਹਿੰਗਾ ਲਾਡੋਵਾਲ ਟੌਲ ਪਲਾਜ਼ਾ ਪਹਿਲੀ ਅਪਰੈਲ 2025 ਤੋਂ ਹੋਰ ਮਹਿੰਗਾ ਹੋ ਰਿਹਾ ਹੈ। ਜਾਣਕਾਰੀ ਅਨੁਸਾਰ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਦੀ ਪ੍ਰਵਾਨਗੀ ਨਾਲ ਮੌਜੂਦਾ ਦਰਾਂ ਵਿੱਚ ਪੰਜ ਫ਼ੀਸਦੀ ਦਰਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਨਵੀਆਂ ਟੌਲ ਦਰਾਂ 31 ਮਾਰਚ ਦੀ ਰਾਤ 12 ਵਜੇ ਤੋਂ ਬਾਅਦ ਲਾਗੂ ਹੋਣਗੀਆਂ।
ਲਾਗੂ ਹੋ ਰਹੀਆਂ ਨਵੀਆਂ ਟੌਲ ਦਰਾਂ ਮੁਤਾਬਿਕ ਕਾਰ, ਜੀਪ ਅਤੇ ਹੋਰ ਹਲਕੇ ਵਾਹਨ ਦਾ ਇੱਕਪਾਸੜ ਟੌਲ 230 ਰੁਪਏ, ਦੋਪਾਸੜ ਟੌਲ 345 ਰੁਪਏ ਅਤੇ ਮਾਸਿਕ ਪਾਸ 7620 ਰੁਪਏ ਦਾ ਹੋਵੇਗਾ। ਹਲਕੇ ਵਪਾਰਕ ਵਾਹਨਾਂ ਦਾ ਇੱਕ ਪਾਸੇ ਦਾ 370 ਰੁਪਏ , ਦੋ ਪਾਸੇ ਦਾ 555 ਰੁਪਏ ਅਤੇ ਮਾਸਿਕ ਟੌਲ ਪਾਸ 12320 ਰੁਪਏ ਹੋਵੇਗਾ। ਇਸੇ ਤਰ੍ਹਾਂ ਦੋ ਐਕਸਲ ਬੱਸ ਟਰੱਕ ਦਾ ਇੱਕਪਾਸੜ ਟੌਲ 775 ਰੁਪਏ, ਦੋਪਾਸੜ 1160 ਰੁਪਏ ਅਤੇ ਮਾਸਿਕ ਟੌਲ ਪਾਸ 25790 ਰੁਪਏ ਰੱਖਿਆ ਗਿਆ ਹੈ। ਤਿੰਨ ਐਕਸਲ ਵਪਾਰਕ ਵਾਹਨਾਂ ਦਾ ਇੱਕਪਾਸੜ ਟੌਲ 845 ਰੁਪਏ, ਦੋਪਾਸੜ 1265 ਰੁਪਏ ਅਤੇ ਮਾਸਿਕ ਟੌਲ ਪਾਸ 28135 ਰੁਪਏ ਹੋਵੇਗਾ। ਮਲਟੀ ਐਕਸਲ ਵਾਹਨ ਦਾ ਇੱਕ ਪਾਸੇ ਦਾ ਟੌਲ 1215 ਰੁਪਏ, ਦੋ ਪਾਸੇ ਦਾ 1820 ਰੁਪਏ ਅਤੇ ਮਾਸਿਕ ਪਾਸ 40445 ਰੁਪਏ ਦਾ ਰੱਖਿਆ ਗਿਆ ਹੈ। ਓਵਰਸਾਈਜ ਮਸੀਨਰੀ ਵਾਹਨਾਂ ਦਾ ਇੱਕ ਪਾਸੇ ਦਾ ਟੌਲ 1475 ਰੁਪਏ , ਦੋ ਪਾਸੇ ਦਾ ਟੌਲ 2215 ਰੁਪਏ ਅਤੇ ਮਾਸਿਕ ਪਾਸ 49235 ਰੁਪਏ ਦਾ ਹੋਵੇਗਾ।
ਕੰਪਨੀ ਦੇ ਮੈਨੇਜਰ ਵਿਪਿਨ ਕੁਮਾਰ ਨੇ ਦੱਸਿਆ ਹੈ ਕਿ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਦੇ ਹੁਕਮਾਂ ’ਤੇ ਦਰਾਂ ਵਧਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਨੂੰ ਦਸੰਬਰ ਵਿੱਚ ਠੇਕਾ ਮਿਲਿਆ ਸੀ। ਉਨ੍ਹਾਂ ਦੱਸਿਆ ਕਿ ਹੁਣ ਨਿਯਮਾਂ ਅਨੁਸਾਰ ਦਰਾਂ ਵਧਾ ਦਿੱਤੀਆਂ ਗਈਆਂ ਹਨ।