ਲਾਇਸੈਂਸ ਲੈਣ ਲਈ ਜਾਅਲੀ ਡੋਪ ਟੈਸਟ ਰਿਪੋਰਟ ਲਾਈ; ਦੋ ਖ਼ਿਲਾਫ਼ ਕੇਸ ਦਰਜ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 13 ਮਈ
ਹਥਿਆਰ ਦਾ ਲਾਇਸੈਂਸ ਲੈਣ ਤੇ ਲਾਇਸੈਂਸ ਰਿਨਿਊ ਕਰਵਾਉਣ ਦੇ ਚੱਕਰ ਵਿੱਚ ਦੋ ਨੌਜਵਾਨਾਂ ਨੇ ਜਾਅਲੀ ਡੋਪ ਟੈਸਟ ਦੀ ਰਿਪੋਰਟ ਤਿਆਰ ਕਰਵਾ ਕੇ ਆਪਣੇ ਦਸਤਾਵੇਜ਼ਾਂ ਨਾਲ ਪੁਲੀਸ ਨੂੰ ਜਮ੍ਹਾਂ ਕਰਵਾ ਦਿੱਤੀ। ਜਦੋਂ ਦਸਤਾਵੇਜ਼ਾਂ ਦੀ ਜਾਂਚ ਹੋਈ ਤਾਂ ਡੋਪ ਟੈਸਟ ਰਿਪੋਰਟ ਵਿੱਚ ਬੇਨਿਯਮੀਆਂ ਮਿਲੀਆਂ। ਮੁਲਜ਼ਮਾਂ ’ਚ ਇੱਕ ਅੰਤਰਰਾਸ਼ਟਰੀ ਸ਼ੂਟਰ ਹੈ। ਏਸੀਪੀ ਲਾਇਸੈਂਸਿੰਗ ਦੀ ਸ਼ਿਕਾਇਤ ’ਤੇ ਥਾਣਾ ਡਿਵੀਜ਼ਨ 5 ਦੀ ਪੁਲੀਸ ਨੇ ਸਾਹਨੇਵਾਲ ਦੇ ਸੁਨਿਆਰਾ ਵਾਲਾ ਮੁਹੱਲਾ ਦੇ ਲਲਿਤ ਕੁਮਾਰ ਤੇ ਲਾਇਸੈਂਸ ਰੀਨਿਊ ਕਰਵਾਉਣ ਵਾਲੇ ਮੁਲਜ਼ਮ ਗੁਰਨਿਹਾਲ ਸਿੰਘ ਗਰਚਾ (ਪੇਸ਼ੇਵਰ ਸ਼ੂਟਰ) ਖ਼ਿਲਾਫ਼ ਕੇਸ ਦਰਜ ਕੀਤਾ ਹੈ। ਏਸੀਪੀ ਲਾਇਸੈਂਸਿੰਗ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਲਲਿਤ ਕੁਮਾਰ ਨੇ ਅਸਲਾ ਲਾਇਸੈਂਸ ਲਈ ਅਰਜ਼ੀ ਦਿੱਤੀ ਸੀ ਅਤੇ ਲੁਧਿਆਣਾ ਸਿਵਲ ਹਸਪਤਾਲ ਦੀ ਡੋਪ ਟੈਸਟ ਰਿਪੋਰਟ ਜਮ੍ਹਾਂ ਕਰਵਾਈ ਸੀ। ਦਸਤਾਵੇਜ਼ਾਂ ਦੀ ਜਾਂਚ ਸਮੇਂ ਪੁਲੀਸ ਨੂੰ ਸ਼ੱਕ ਹੋਇਆ ਕਿ ਡੋਪ ਟੈਸਟ ’ਤੇ ਲੱਗੀ ਮੋਹਰ ਨਕਲੀ ਹੈ। ਏਸੀਪੀ ਰਾਜੇਸ਼ ਸ਼ਰਮਾ ਨੇ ਖੁਦ ਸਿਵਲ ਹਸਪਤਾਲ ਤੋਂ ਜਾਂਚ ਕਰਵਾਈ, ਜਿਨ੍ਹਾਂ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਲਲਿਤ ਕੁਮਾਰ ਦਾ ਡੋਪ ਟੈਸਟ ਨਹੀਂ ਕੀਤਾ। ਏਸੀਪੀ ਨੇ ਕਿਹਾ ਕਿ ਦੂਜੇ ਮਾਮਲੇ ’ਚ ਗੁਰਨਿਹਾਲ ਸਿੰਘ ਗਰਚਾ ਨੇ ਆਪਣੇ ਅਸਲਾ ਲਾਇਸੈਂਸ ਰਿਨਿਊ ਕਰਨ ਲਈ ਅਰਜ਼ੀ ਦਿੱਤੀ ਸੀ। ਡੋਪ ਟੈਸਟ ਰਿਪੋਰਟ ’ਤੇ ਵਰਤੀ ਗਈ ਮੋਹਰ ’ਤੇ ਪੁਲੀਸ ਨੂੰ ਸ਼ੱਕ ਸੀ, ਇਸ ਬਾਰੇ ਜਦੋਂ ਸਿਵਲ ਹਸਪਤਾਲ ਤੋਂ ਰਿਪੋਰਟ ਮੰਗੀ ਗਈ ਤਾਂ ਪਤਾ ਲੱਗਾ ਕਿ ਇਹ ਡੋਪ ਟੈਸਟ ਜਾਅਲੀ ਹੈ। ਹਸਪਤਾਲ ਨੂੰ ਪਤਾ ਲੱਗਾ ਕਿ ਇਹ ਜਾਅਲੀ ਰਿਪੋਰਟ ਸੀ।