ਰਿਫਾਇਨਰੀ ਕਾਮੇ ਦੀ ਸ਼ੱਕੀ ਹਾਲਤ ’ਚ ਲਾਸ਼ ਮਿਲੀ
ਪਵਨ ਗੋਇਲ
ਭੁੱਚੋ ਮੰਡੀ, 7 ਮਈ
ਪਿੰਡ ਚੱਕ ਫ਼ਤਿਹ ਸਿੰਘ ਵਾਲਾ ਵਿੱਚ ਰਾਏ ਖਾਨਾ ਸੜਕ ’ਤੇ ਇੱਕ ਖੇਤੀ ਮੋਟਰ ਦੇ ਬਰਾਂਡੇ ’ਚੋਂ 32 ਸਾਲਾ ਨੌਜਵਾਨ ਦੀ ਸ਼ੱਕੀ ਹਾਲਤ ਵਿੱਚ ਲਾਸ਼ ਮਿਲੀ ਹੈ। ਉਸ ਦੇ ਸਿਰ ਅਤੇ ਸਰੀਰ ’ਤੇ ਸੱਟਾਂ ਦੇ ਨਿਸ਼ਾਨ ਸਨ ਅਤੇ ਉਸ ਦਾ ਮੋਟਰਸਾਈਕਲ ਉਸ ਦੇ ਕੋਲ ਖੜ੍ਹਾ ਮਿਲਿਆ ਹੈ। ਮ੍ਰਿਤਕ ਦੀ ਪਛਾਣ ਰਣਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਮਾਈਸਰਖਾਨਾ ਵਜੋਂ ਹੋਈ ਹੈ। ਪੁਲੀਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਬੀਐੱਨਐੱਸ 103 (1) 3 (5) ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਨੌਜਵਾਨ ਦੇ ਘਰ 16 ਮਹੀਨਿਆਂ ਦੀ ਬੱਚੀ ਹੈ। ਮ੍ਰਿਤਕ ਰਣਜੀਤ ਸਿੰਘ ਦੇ ਪਿਤਾ ਦਰਸ਼ਨ ਸਿੰਘ ਨੇ ਪੁਲੀਸ ਨੂੰ ਲਿਖਵਾਏ ਬਿਆਨ ਵਿੱਚ ਕਿਹਾ ਕਿ ਉਸ ਦਾ ਪੁੱਤਰ ਰਣਜੀਤ ਸਿੰਘ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਰਾਮਾ ਮੰਡੀ ਵਿੱਚ ਮਜ਼ਦੂਰੀ ਕਰਦਾ ਸੀ। ਕੱਲ੍ਹ ਸ਼ਾਮੀਂ ਉਹ 4 ਵਜੇ ਘਰ ਆ ਗਿਆ ਸੀ ਅਤੇ 5 ਵਜੇ ਕੰਮਕਾਰ ਲਈ ਮੌੜ ਜਾਣ ਦਾ ਕਹਿ ਕੇ ਚਲਾ ਗਿਆ ਪਰ ਉਹ ਵਾਪਸ ਨਾ ਆਇਆ। ਪੜਤਾਲ ਕਰਨ ’ਤੇ ਅੱਜ ਉਸ ਦੀ ਲਾਸ਼ ਮੋਟਰ ਦੇ ਬਰਾਂਡੇ ਵਿੱਚ ਪਈ ਮਿਲੀ ਹੈ। ਉਨ੍ਹਾਂ ਕਿਹਾ ਕਿ ਸੱਟਾਂ ਤੋਂ ਸਾਬਤ ਹੁੰਦਾ ਹੈ ਕਿ ਉਸ ਦਾ ਕਿਸੇ ਨੇ ਕਤਲ ਕੀਤਾ ਹੈ। ਉਨ੍ਹਾਂ ਪੁਲੀਸ ਤੋਂ ਮੰਗ ਕੀਤੀ ਕਿ ਮੁਲਜ਼ਮਾਂ ਨੂੰ ਕਾਬੂ ਕਰਕੇ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ। ਪਰਿਵਾਰ ਨੇ ਸ਼ਾਮ ਨੂੰ ਮ੍ਰਿਤਕ ਦਾ ਸਸਕਾਰ ਕਰ ਦਿੱਤਾ।