ਰਾਤ ਨੂੰ ਸੜਕਾਂ ਤੋਂ ਪੀਸੀਆਰ ਮੋਟਰਸਾਈਕਲ ਹੋਣਗੇ ‘ਗਾਇਬ’
ਗਗਨਦੀਪ ਅਰੋੜਾ
ਲੁਧਿਆਣਾ, 5 ਮਈ
ਸਨਅਤੀ ਸ਼ਹਿਰ ਵਿੱਚ ਵਾਰਦਾਤ ਹੋਣ ਤੋਂ ਬਾਅਦ ਸਭ ਤੋਂ ਪਹਿਲਾਂ ਪੀਸੀਆਰ ਮੋਟਰਸਾਈਕਲ ਪੁੱਜਦੇ ਸਨ, ਜੋ ਮੌਕੇ ’ਤੇ ਜਾ ਕੇ ਵੇਖਦੇ ਸਨ ਤੇ ਫਿਰ ਸਬੰਧਤ ਥਾਣੇ ਨੂੰ ਇਸ ਦੀ ਸੂਚਨਾ ਦਿੰਦੇ ਸਨ ਪਰ ਹੁਣ ਤੋਂ ਸ਼ਹਿਰ ਵਿੱਚ ਰਾਤ 8 ਵਜੇ ਤੋਂ ਬਾਅਦ ਪੀਸੀਆਰ ਮੋਟਰਸਾਈਕਲ ਨਜ਼ਰ ਨਹੀਂ ਆਉਣਗੇ ਕਿਉਂਕਿ ਲੁਧਿਆਣਾ ਪੁਲੀਸ ਨੇ 24 ਘੰਟੇ ਪੀਸੀਆਰ ਮੋਟਰਸਾਈਕਲ ਦੀ ਸੇਵਾ ਨੂੰ ਘਟਾ ਕੇ ਹੁਣ ਸਵੇਰੇ 8 ਤੋਂ ਰਾਤ 8 ਵਜੇ ਤੱਕ 12 ਘੰਟੇ ਲਈ ਕਰ ਦਿੱਤਾ ਹੈ। ਉਸ ਤੋਂ ਬਾਅਦ ਹੁਣ ਮੋਟਰਸਾਈਕਲਾਂ ਦੀ ਥਾਂ ਐਮਰਜੈਂਸੀ ਰਿਸਪਾਂਸ ਸਿਸਟਮ ਵਾਲੀਆਂ ਪੀਸੀਆਰ ਵੈਨਾਂ ਡਿਊਟੀ ’ਤੇ ਤਾਇਨਾਤ ਰਹਿਣਗੀਆਂ। ਪੁਲੀਸ ਦੀ ਮੰਨੀਏ ਤਾਂ ਸ਼ਹਿਰ ਵਾਸੀਆਂ ਨੂੰ ਜ਼ਰੂਰਤ ਪੈਣ ’ਤੇ ਅਤਿ ਆਧੁਨਿਕ ਸੁਵਿਧਾਵਾਂ ਨਾਲ ਲੈਸ ਗੱਡੀ ਪੁੱਜੇਗੀ ਪਰ ਅਗਰ ਜ਼ਮੀਨੀ ਪੱਧਰ ’ਤੇ ਦੇਖਿਆ ਜਾਏ ਤਾਂ ਹੁਣ ਸ਼ਹਿਰ ਵਿੱਚ ਗਸ਼ਤ ਘੱਟ ਹੋ ਜਾਵੇਗੀ ਜਿਸ ਕਾਰਨ ਆਉਣ ਵਾਲੇ ਸਮੇਂ ਵਿੱਚ ਰਾਤ ਨੂੰ ਵਾਰਦਾਤਾਂ ਵਿੱਚ ਵਾਧਾ ਹੋ ਸਕਦਾ ਹੈ। ਹਾਲਾਂਕਿ, ਅਧਿਕਾਰੀਆਂ ਦਾ ਕਹਿਣਾ ਹੈ ਕਿ ਕੁਝ ਪੀਸੀਆਰ ਮੋਟਰਸਾਈਕਲ ਸ਼ਹਿਰ ਦੇ ਅੰਦਰੂਨੀ ਇਲਾਕਿਆਂ ਵਿੱਚ ਪਹਿਲਾਂ ਵਾਂਗ ਕੰਮ ਕਰਨਗੇ। ਜੇਕਰ ਗੱਲ ਕਰੀਏ ਤਾਂ ਰਾਤ ਦੇ ਸਮੇਂ ਦੀ ਤਾਂ ਸ਼ਹਿਰ ਦੇ ਕਈ ਚੌਰਾਹਿਆਂ ’ਤੇ ਪੀਸੀਆਰ ਮੋਟਰਸਾਈਕਲ ਗਾਇਬ ਸਨ।
ਜਦੋਂ ਸ਼ਹਿਰ ਵਿੱਚ ਐਸਐਸਪੀ ਸਿਸਟਮ ਸੀ, ਉਦੋਂ ਐਸਐਸਪੀ ਹਰਪ੍ਰੀਤ ਸਿੰਘ ਸਿੱਧੂ ਨੇ ਪੁਲੀਸ ਕੰਟਰੋਲ ਰੂਮ ਅਤੇ ਪਬਲਿਕ ਕਾਲ ਰਿਸਪਾਂਸ (ਪੀਸੀਆਰ) ਸਿਸਟਮ ਸ਼ੁਰੂ ਕੀਤਾ ਸੀ। ਪੀਸੀਆਰ ਨੂੰ ਸ਼ਹਿਰ ਦੀਆਂ ਅੰਦਰੂਨੀ ਗਲੀਆਂ ਵਿੱਚ ਗਸ਼ਤ ਕਰਨ ਦਾ ਕੰਮ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਪੀਸੀਆਰ ਪਹਿਲਾਂ ਉਸ ਜਗ੍ਹਾਂ ’ਤੇ ਪਹੁੰਚਦਾ ਸੀ ਜਿੱਥੇ ਕੋਈ ਵੀ ਘਟਨਾ ਜਾਂ ਅਪਰਾਧ ਹੁੰਦਾ ਸੀ ਤਾਂ ਜੋ ਮੌਕੇ ’ਤੇ ਪਹੁੰਚਣ ਤੋਂ ਬਾਅਦ ਪਹਿਲਾਂ ਸਥਿਤੀ ਨੂੰ ਕਾਬੂ ਕੀਤਾ ਜਾ ਸਕੇ ਅਤੇ ਬਾਕੀ ਫੋਰਸ ਦੇ ਆਉਣ ਤੱਕ ਸਥਿਤੀ ਨੂੰ ਕਾਬੂ ਵਿੱਚ ਰੱਖਿਆ ਜਾ ਸਕੇ। ਅਹੁਦਾ ਸੰਭਾਲਣ ਤੋਂ ਬਾਅਦ ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੇ ਐਮਰਜੈਂਸੀ ਰਿਸਪਾਂਸ ਸਿਸਟਮ ਵਾਹਨਾਂ ਦੀ ਸ਼ੁਰੂਆਤ ਕੀਤੀ ਜਿਸ ਤੋਂ ਬਾਅਦ ਪੀਸੀਆਰ ਕਰਮਚਾਰੀਆਂ ਦੀ ਡਿਊਟੀ ਸਵੇਰੇ 8 ਵਜੇ ਤੋਂ ਬਦਲ ਕੇ ਰਾਤ 8 ਵਜੇ ਕਰ ਦਿੱਤੀ ਗਈ। ਰਾਤ ਨੂੰ ਗਸ਼ਤ ਦੀ ਜ਼ਿੰਮੇਵਾਰੀ ਵੈਨਾਂ ਨੂੰ ਦਿੱਤੀ ਗਈ ਹੈ। ਜਦਕਿ ਇਨ੍ਹਾਂ ਗੱਡੀਆਂ ਦੀ ਗਿਣਤੀ ਪੀਸੀਆਰ ਮੋਟਰਸਾਈਕਲਾਂ ਦੇ ਮੁਤਾਬਕ ਕਾਫੀ ਘੱਟ ਹੈ।
ਤੰਗ ਗਲੀਆਂ ਵਿੱਚ ਬੋਲੇਰੋ ਨਹੀਂ ਜਾ ਸਕਣਗੀਆਂ: ਪੁਲੀਸ ਮੁਲਾਜ਼ਮ
ਥਾਣਿਆਂ ਵਿੱਚ ਤਾਇਨਾਤ ਪੁਲੀਸ ਮੁਲਾਜ਼ਮਾਂ ਨੇ ਦੱਸਿਆ ਕਿ ਪੀਸੀਆਰ ਵਾਹਨਾਂ ਦੀ ਰਾਤ ਦੀ ਗਸ਼ਤ ਬੰਦ ਹੋਣ ਨਾਲ ਉਨ੍ਹਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਉਂਕਿ ਰਾਤ ਵੇਲੇ ਕਈ ਥਾਵਾਂ ’ਤੇ ਵੈਨਾਂ ਨਹੀਂ ਪਹੁੰਚ ਸਕਦੀਆਂ, ਉਥੇ ਪੀਸੀਆਰ ਮੋਟਰਸਾਈਕਲ ਆਸਾਨੀ ਨਾਲ ਚੱਲ ਜਾਂਦੇ ਸਨ। ਦੋ ਤਿੰਨ ਥਾਣਿਆਂ ਨੂੰ ਮਿਲਾ ਕੇ ਇਹ ਵੈਨ ਦਿੱਤੀ ਗਈ ਹੈ ਜਿਸ ਕਰਕੇ ਵਾਰਦਾਤ ਸਮੇਂ ਪ੍ਰੇਸ਼ਾਨੀ ਹੋ ਸਕਦੀ ਹੈ।
ਉਧਰ, ਡਿਪਟੀ ਕਮਿਸ਼ਨਰ ਆਫ਼ ਪੁਲੀਸ ਪਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਪੀਸੀਆਰ ਕਰਮਚਾਰੀਆਂ ਦੀ ਡਿਊਟੀ ਬਦਲ ਦਿੱਤੀ ਗਈ ਹੈ। ਹੁਣ ਰਾਤ ਨੂੰ ਕਈ ਇਲਾਕਿਆਂ ਵਿੱਚ ਪੀਸੀਆਰ ਮੋਟਰਸਾਈਕਲ ਨਹੀਂ ਚੱਲਣਗੇ। ਉਨ੍ਹਾਂ ਕਿਹਾ ਕਿ ਰਾਤ ਦੇ ਸਮੇਂ ਪੀਸੀਆਰ ਮੋਟਰਸਾਈਕਲਾਂ ਨੂੰ ਬੰਦ ਨਹੀਂ ਕੀਤਾ ਜਾਏਗਾ। ਐਮਰਜੈਂਸੀ ਰਿਸਪਾਂਸ ਸਿਸਟਮ ਵਾਹਨ ਸ਼ਹਿਰ ਦੇ ਬਾਹਰ ਬਾਹਰ ਗਸ਼ਤ ਕਰਨਗੇ ਅਤੇ ਪੀਸੀਆਰ ਮੋਟਰਸਾਈਕਲ ਅੰਦਰੂਨੀ ਖੇਤਰਾਂ ਵਿੱਚ ਡਿਊਟੀ ਨਿਭਾਉਣਗੇ।