ਰਾਜਧਾਨੀ ਵਿੱਚ ਮੌਸਮ ਦੀ ਸਭ ਤੋਂ ਗਰਮ ਰਾਤ ਰਹੀ
ਨਵੀਂ ਦਿੱਲੀ, 9 ਅਪਰੈਲ
ਕੌਮੀ ਰਾਜਧਾਨੀ ਵਿੱਚ ਮੰਗਲਵਾਰ ਨੂੰ ਇਸ ਮੌਸਮ ਦੀ ਸਭ ਤੋਂ ਗਰਮ ਰਾਤ ਰਹੀ ਅਤੇ ਬੁੱਧਵਾਰ ਨੂੰ ਘੱਟੋ ਘੱਟ ਤਾਪਮਾਨ 25.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਇਹ ਜਾਣਕਾਰੀ ਦਿੱਤੀ ਹੈ। ਭਾਰਤ ਮੌਸਮ ਵਿਗਿਆਨ ਵਿਭਾਗ (ਆਈਐੱਮਡੀ) ਨੇ ਦਿੱਲੀ ਵਿੱਚ ਅੰਸ਼ਿਕ ਰੂਪ ਵਿੱਚ ਬੱਦਲ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ ਅਤੇ ਅੱਤ ਦੀ ਗਰਮੀ ਲਈ ਯੈਲੋ ਅਲਰਟ ਵੀ ਜਾਰੀ ਕੀਤਾ ਹੈ। ਜਦੋਂਕਿ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਦਿੱਲੀ ਵਿੱਚ ਸਵੇਰੇ ਸਾਢੇ ਅੱਠ ਵਜੇ ਹਵਾ ਵਿੱਚ ਨਮੀ 51 ਫ਼ੀਸਦ ਸੀ। ਸਵੇਰੇ ਨੌਂ ਵਜੇ ਹਵਾ ਗੁਣਵੱਤਾ ਸੂਚਕਅੰਕ (ਏਕਿਊਆਈ) 233 ਦਰਜ ਕੀਤਾ ਗਿਆ, ਜੋ ‘ਖਰਾਬ’ ਸ਼੍ਰੇਣੀ ਵਿੱਚ ਆਉਂਦਾ ਹੈ। -ਪੀਟੀਆਈ
ਪਿਛਲੇ ਤਿੰਨ ਸਾਲਾਂ ਦੇ ਮੁਕਾਬਲੇ ਵੱਧ ਤਾਪਮਾਨ ਦਰਜ
ਕੌਮੀ ਰਾਜਧਾਨੀ ਦਾ ਅੱਜ ਘੱਟੋ ਘੱਟ ਤਾਪਮਾਨ 25.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਹ ਆਮ ਨਾਲੋਂ 5.5 ਡਿਗਰੀ ਸੈਲਸੀਅਸ ਵੱਧ ਹੈ। ਭਾਰਤ ਮੌਸਮ ਵਿਗਿਆਨ ਵਿਭਾਗ (ਆਈਐੱਮਡੀ) ਨੇ ਇਹ ਜਾਣਕਾਰੀ ਦਿੱਤੀ। ਮੌਸਮ ਵਿਭਾਗ ਨੇ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਵਿੱਚ ਅਪਰੈਲ ਵਿੱਚ ਇਹ ਸਭ ਤੋਂ ਵੱਧ ਘੱਟ ਤਾਪਮਾਨ ਦਰਜ ਕੀਤਾ ਗਿਆ ਹੈ। ਵਿਭਾਗ ਅਨੁਸਾਰ 2024 ਅਤੇ 2023 ਦੋਵਾਂ ਸਾਲਾਂ ਵਿੱਚ ਘੱਟੋ ਘੱਟ ਤਾਪਮਾਨ 25 ਡਿਗਰੀ ਸੈਲਸੀਅਸ ਤੱਕ ਨਹੀਂ ਪਹੁੰਚਿਆ ਸੀ। ਅੰਕੜਿਆਂ ਅਨੁਸਾਰ 2024 ਵਿੱਚ ਘੱਟੋ ਘੱਟ ਤਾਪਮਾਨ 24 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ, ਜਦੋਂਕਿ 2023 ਵਿੱਚ ਇਹ 23.6 ਡਿਗਰੀ ਤੱਕ ਪਹੁੰਚ ਗਿਆ ਸੀ। ਇਸ ਤਰ੍ਹਾਂ 2022 ਵਿੱਚ ਸਭ ਤੋਂ ਵੱਧ ਘੱਟ ਤਾਪਮਾਨ 26.2 ਡਿਗਰੀ ਸੈਲਸੀਅਸ ਤੱਕ ਦਰਜ ਕੀਤਾ ਗਿਆ ਸੀ। -ਪੀਟੀਆਈ