ਰੇਖਾ ਗੁਪਤਾ ਵੱਲ ਜਲ ਬੋਰਡ ਦੇ ਅਧਿਕਾਰੀਆਂ ਨੂੰ ਸਖ਼ਤ ਆਦੇਸ਼
ਨਵੀਂ ਦਿੱਲੀ, 30 ਅਪਰੈਲ
ਮੁੱਖ ਮੰਤਰੀ ਰੇਖਾ ਗੁਪਤਾ ਨੇ ਅੱਜ ਦਿੱਲੀ ਜਲ ਬੋਰਡ (ਡੀਜੇਬੀ) ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਕੌਮੀ ਰਾਜਧਾਨੀ ਵਿੱਚ ਸੀਵਰਜੇ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ, ਯਮੁਨਾ ਨਦੀ ਦੀ ਸਫ਼ਾਈ ਅਤੇ ਪਾਣੀ ਦੀ ਪੂਰੀ ਸਪਲਾਈ ਯਕੀਨੀ ਬਣਾਉਣ ’ਤੇ ਚਰਚਾ ਕੀਤੀ ਗਈ। ਉਨ੍ਹਾਂ ਅਧਿਕਾਰੀਆਂ ਨੂੰ ਸਖ਼ਤ ਆਦੇਸ਼ ਜਾਰੀ ਕੀਤੇ। ਗੁਪਤਾ ਨੇ ਡੀਜੇਬੀ ਦੇ ਮੁੱਖ ਦਫ਼ਤਰ ਵਿੱਚ ਮੀਟਿੰਗ ਮਗਰੋਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਪੂਰੀ ਮਿਕਦਾਰ ਵਿੱਚ ਜਲ ਸਪਲਾਈ, ਸ਼ਹਿਰ ਵਿੱਚ ਉਚਿਤ ਸੀਵਰੇਜ ਬੁਨਿਆਦੀ ਢਾਂਚਾ ਅਤੇ ਪੁਰਾਣੀ ਸੀਵਰ ਲਾਈਨ ਨੂੰ ਬਦਲਣ ਦਾ ਕੰਮ ਜਲਦੀ ਪੂਰਾ ਕਰਨ ਸਬੰਧੀ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ ਹਨ। ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਉਨ੍ਹਾਂ ਹਰ ਸਾਲ ਗਰਮੀਆਂ ਵਿੱਚ ਸ਼ਹਿਰ ਵਾਸੀਆਂ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਦੇ ਕਾਰਨਾਂ ਦਾ ਜਾਇਜ਼ਾ ਲਿਆ ਹੈ। ਇਸ ਵਿੱਚ ਪਾਣੀ ਦੀ ਪੂਰੀ ਸਪਲਾਈ, ਯਮੁਨਾ ਨਦੀ ਦੀ ਸਫ਼ਾਈ ਅਤੇ ਸੀਵਰੇਜ ਪ੍ਰਬੰਧਨ ਆਦਿ ਹਨ। ਇਹ ਸਾਰੇ ਆਪਸ ਵਿੱਚ ਜੁੜੇ ਹੋਏ ਮੁੱਦੇ ਹਨ। ਦਿੱਲੀ ਵਿੱਚ ਹੁਣ ਵੀ ਤੀਹ ਸਾਲ ਪੁਰਾਣੀਆਂ ਸੀਵਰ ਅਤੇ ਪੀਣ ਵਾਲੇ ਪਾਣੀ ਦੀਆਂ ਪਾਈਪ ਲਾਈਨਾਂ ਹਨ, ਜੋ ਅਜੇ ਵੀ ਵੱਡੀਆਂ ਸਮੱਸਿਆਵਾਂ ਪੈਦਾ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੀਪੀਐੱਸ ਲੱਗੇ ਪਾਣੀ ਟੈਂਕਰਾਂ, ਪਾਣੀ ਦੀ ਉਪਲਬਧਤਾ ਦੇ ਮੁੱਦਿਆਂ ਅਤੇ ਸਾਰੀਆਂ ਅਣਅਧਿਕਾਰਤ ਕਲੋਨੀਆਂ ਵਿੱਚ ਸੀਵਰੇਜ ਬੁਨਿਆਦੀ ਢਾਂਚਾ ਉਪਲਬਧ ਕਰਾਉਣ ਸਬੰਧੀ ਮੀਟਿੰਗ ਵਿੱਚ ਚਰਚਾ ਹੋਈ। ਗੁਪਤਾ ਨੇ ਕਿਹਾ ਕਿ ਪਾਣੀ ਦੀ ਪੂਰਨ ਸਪਲਾਈ ਤੇ ਸ਼ਹਿਰ ਵਾਸੀਆਂ ਨੂੰ ਟੂਟੀਆਂ ਤੋਂ ਜਲ ਉਪਲਬਧ ਕਰਾਉਣ ਦੀ ਯੋਜਨਾ ਲਾਗੂ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਤੀਹ ਸਾਲਾਂ ਵਿੱਚ ਸ਼ਹਿਰ ਦੀ ਆਬਾਦੀ ਵਿੱਚ ਕਾਫ਼ੀ ਵਾਧਾ ਹੋਇਆ ਹੈ ਪਰ ਸੀਵਰੇਜ ਅਤੇ ਜਲ ਸਪਲਾਈ ਪਾਈਪਾਂ ਪੁਰਾਣੀਆਂ ਹਨ, ਜਿਨ੍ਹਾਂ ਨੂੰ ਬਦਲਿਆ ਨਹੀਂ ਗਿਆ। ਇਸ ਮੌਕੇ ਜਲ ਸਪਲਾਈ ਮੰਤਰੀ ਪ੍ਰਵੇਸ਼ ਵਰਮਾ ਵੀ ਸਨ। ਉਨ੍ਹਾਂ ਕਿਹਾ ਕਿ ਉਲੰਘਣਾ ਕਰਨ ਵਾਲੇ ਅਧਿਕਾਰੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। -ਪੀਟੀਆਈ
‘ਇੱਕ ਦੇਸ਼, ਇੱਕ ਚੋਣ’ ਦੇ ਸਮਰਥਨ ਸਬੰਧੀ ਦੌੜ ਵਿੱਚ ਹਿੱਸਾ ਲਿਆ
ਮੁੱਖ ਮੰਤਰੀ ਰੇਖਾ ਗੁਪਤਾ ਨੇ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਅਤੇ ਮੰਤਰੀ ਆਸ਼ੀਸ਼ ਸੂਦ ਨਾਲ, ਨਵੀਂ ਦਿੱਲੀ ਦੇ ਯੂਨੀਵਰਸਿਟੀ ਆਫ਼ ਦਿੱਲੀ ਨੌਰਥ ਕੈਂਪਸ ਵਿੱਚ ‘ਇੱਕ ਰਾਸ਼ਟਰ, ਇੱਕ ਚੋਣ’ ਦੇ ਸਮਰਥਨ ਲਈ ਦੌੜ ਵਿੱਚ ਹਿੱਸਾ ਲਿਆ। ਇਸ ਦੌੜ ਵਿੱਚ ਦਿਵਿਆਂਗ ਵਿਦਿਆਰਥੀਆਂ ਨੇ ਵੀ ਹਿੱਸਾ ਲਿਆ। ਇਸ ਮੌਕੇ ਕਾਫ਼ੀ ਗਿਣਤੀ ਯੂਨੀਵਰਸਿਟੀ ਦੇ ਵਿਦਿਆਰਥੀ ਸ਼ਾਮਲ ਸਨ। ਇਸ ਦੌਰਾਨ ਮੁੱਖ ਮੰਤਰੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਵੀ ਕੀਤਾ। ਉਨ੍ਹਾਂ ਵਿਦਿਆਰਥੀਆਂ ਅਤੇ ਲੋਕਾਂ ਨੂੰ ਇੱਕ ਰਾਸ਼ਟਰ, ਇੱਕ ਚੋਣ ਸਬੰਧੀ ਜਾਣਕਾਰੀ ਦਿੱਤੀ। -ਪੀਟੀਆਈ