ਸਿੱਖਿਆ ਮੰਤਰੀ ਵੱਲੋਂ ਹੈਰੀਟੇਜ ਮਿਊਜ਼ੀਅਮ ਦਾ ਦੌਰਾ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 30 ਅਪਰੈਲ
ਹਰਿਆਣਾ ਦੇ ਸਿੱਖਿਆ ਮੰਤਰੀ ਮਹੀਪਾਲ ਢਾਂਡਾ ਨੇ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਿਰਾਸਤੀ ਹਰਿਆਣਾ ਅਜਾਇਬ ਘਰ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਧਰੋਹਰ ਹਰਿਆਣਾ ਅਜਾਇਬ ਘਰ ਨਾ ਸਿਰਫ ਹਰਿਆਣਾ ਵਿੱਚ ਸਗੋਂ ਪੂਰੇ ਭਾਰਤ ਵਿੱਚ ਇਕੋ ਇਕ ਅਜਾਇਬ ਘਰ ਹੈ ਜਿਸ ਰਾਹੀਂ ਹਰਿਆਣਾ ਦੀ ਸਭਿਆਚਾਰਕ ਵਿਰਾਸਤ ਨੂੰ ਦਰਸਾਇਆ ਗਿਆ ਹੈ। ਉਨ੍ਹਾਂ ਵਿਰਾਸਤ ਹਰਿਆਣਾ ਵਿਚ ਰੱਖੇ ਮਿੱਟੀ ਦੇ ਪੱਤੇ ਨੂੰ ਵੀ ਖੇਡਣ ਦੀ ਕੋਸ਼ਿਸ਼ ਕੀਤੀ। ਢਾਂਡਾ ਨੇ ਕਿਹਾ ਕਿ ਅਜਾਇਬਘਰ ਨੌਜਵਾਨ ਪੀੜ੍ਹੀ ਨੂੰ ਆਪਣੀ ਸਭਿਆਚਾਰਕ ਵਿਰਾਸਤ ਨਾਲ ਜੋੜਨ ਦਾ ਇਕ ਮਾਧਿਅਮ ਹੈ। ਉਨ੍ਹਾਂ ਕਿਹਾ ਕਿ ਕੁਰੂਕਸ਼ੇਤਰ ਯੂਨੀਵਰਸਿਟੀ ਦੇਸ਼ ਦੀ ਇਕੋ ਇਕ ਯੂਨੀਵਰਸਿਟੀ ਹੈ ਜਿਸ ਨੇ ਆਪਣੀ ਸੰਸਕ੍ਰਿਤੀ ਨੂੰ ਸੁਰੱਖਿਅਤ ਰੱਖਣ ਲਈ ਧਰੋਹਰ ਵਰਗਾ ਅਜਾਇਬਘਰ ਸਥਾਪਤ ਕੀਤਾ ਹੈ। ਵਿਰਾਸਤ ਯੂਨੀਵਰਸਿਟੀ ਦੇ ਸਭਿਆਚਾਰ, ਇਤਿਹਾਸ ਤੇ ਦ੍ਰਿਸ਼ਟੀਕੋਣ ਦਾ ਨਤੀਜਾ ਹੈ।
ਉਨ੍ਹਾਂ ਕਿਹਾ ਕਿ ਹੈਰੀਟੇਜ ਮਿਊਜ਼ੀਅਮ ਵਿਚ ਹਰਿਆਣਾ ਦੇ ਪੇਂਡੂ ਵਾਤਾਵਰਨ ਨੂੰ ਵਧੀਆ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡੀ ਸੰਸਕ੍ਰਿਤੀ ਹਮੇਸ਼ਾ ਇੱਕਠੇ ਰਹਿਣ ਬਾਰੇ ਰਹੀ ਹੈ। ਇਸ ਮੌਕੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਸੋਮਨਾਥ ਸਚਦੇਵਾ ਨੇ ਕਿਹਾ ਹੈ ਕਿ ਵਿਰਾਸਤ ਹਰਿਆਣਾ ਅਜਾਇਬਘਰ ਹਰਿਆਣਾ ਦੀ ਸਭਿਆਚਾਰਕ ਵਿਰਾਸਤ ਨੂੰ ਸੁਰੱਖਿਅਤ ਰੱਖਣ ਦਾ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਵਿਰਾਸਤੀ ਅਜਾਇਬਘਰ ਕੁਰੂਕਸ਼ੇਤਰ ਦੀ ਪਛਾਣ ਦਾ ਪ੍ਰਤੀਕ ਬਣ ਗਿਆ ਹੈ। ਇਸ ਮੌਕੇ ਰਾਜ ਉੱਚ ਸਿਖਿਆ ਪਰੀਸ਼ਦ ਦੇ ਚੇਅਰਮੈਨ ਪ੍ਰੋ. ਕੈਲਾਸ਼ ਚੰਦਰ ਸ਼ਰਮਾ, ਪ੍ਰੋ. ਐੱਸਕੇ ਗੱਖੜ, ਰਜਿਸਟਰਾਰ ਡਾ. ਵੀਰੇਂਦਰ ਪਾਲ, ਕਾਲਜਾਂ ਦੇ ਡੀਨ ਬ੍ਰਿਜੇਸ਼ ਸਾਹਨੀ, ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਮਹਾਂ ਸਿੰਘ ਪੂਨੀਆ ਹਾਜ਼ਰ ਸਨ।