ਯੋਗੀਆਂ ਦੇ ਭੇਸ ’ਚ ਲੁਟੇਰਿਆਂ ਨੇ ਲੁੱਟਿਆ ਰੇਹੜਾ ਚਾਲਕ
ਜਗਰਾਉਂ, 4 ਅਪਰੈਲ
ਪੁਲੀਸ ਥਾਣਾ ਹਠੂਰ ਦੇ ਅਧਿਕਾਰ ਖੇਤਰ ’ਚੋਂ ਇਲਾਕਾ ਵਾਸੀਆਂ ਨੇ ਇੱਕ ਰੇਹੜਾ ਚਾਲਕ ਨੂੰ ਰਾਹ ਵਿੱਚ ਘੇਰ ਕੇ ਲੁੱਟਣ ਅਤੇ ਅਤੇ ਉਸ ਦੀ ਕੱਟਮਾਰ ਕਰਨ ਵਾਲੇ ਸਾਧੂਆਂ ਦੇ ਭੇਸ ਵਿੱਚ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੂੰ ਰਾਹਗੀਰਾਂ ਨੇ ਕਾਬੂ ਕਰਕੇ ਪੁਲੀਸ ਹਵਾਲੇ ਕੀਤਾ। ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।
ਮਾਮਲੇ ਬਾਰੇ ਦੱਸਦਿਆਂ ਪੀੜਤ ਮਜ਼ਦੂਰ ਅਮਰ ਸਿੰਘ ਵਾਸੀ ਪਿੰਡ ਦੀਵਾਨਾ ਅਤੇ ਥਾਣਾ ਇੰਚਾਰਜ ਸਬ-ਇੰਸਪੈਕਟਰ ਨਰਿੰਦਰਪਾਲ ਸਿੰਘ ਨੇ ਦੱਸਿਆ ਕਿ ਉਹ ਬੀਤੇ ਕੱਲ੍ਹ ਦੁਪਹਿਰ ਵੇਲੇ ਹਠੂਰ ਤੋਂ ਆਪਣੇ ਪਿੰਡ ਦੀਵਾਨੇ ਜਾ ਰਿਹਾ ਸੀ ਤਾਂ ਰਾਹ ਵਿੱਚ ਭਗਵੇਂ ਕੱਪੜਿਆਂ ਵਾਲੇ ਦੋ ਸਾਧੂਆਂ ਨੇ ਰੇਹੜੇ ਅੱਗੇ ਮੋਟਰਸਾਈਕਲ ਲਾ ਕੇ ਉਸ ਨੂੰ ਰੋਕ ਲਿਆ ਤੇ ਕੁਝ ਸਮਝ ਆਉਣ ਤੋਂ ਪਹਿਲਾਂ ਹੀ ਉਨ੍ਹਾਂ ’ਚੋਂ ਇੱਕ ਨੇ ਉਸ ਦੀਆਂ ਬਾਹਾਂ ਪਿੱਛੇ ਨੂੰ ਕਰ ਕੇ ਫੜ ਲਿਆ ਤੇ ਦੂਸਰੇ ਨੇ ਉਸ ਦੀ ਜੇਬ ਵਿਚ ਪਏ 3 ਹਜ਼ਾਰ ਰੁਪਏ ਕੱਢ ਲਏ।
ਦੋਵੇਂ ਲੁਟੇਰੇ ਜਦੋਂ ਉਸ ਦੀ ਕੁੱਟਮਾਰ ਕਰਕੇ ਭੱਜਣ ਲੱਗੇ ਤਾਂ ਮੋਟਰਸਾਈਕਲ ਤਿਲਕ ਗਿਆ ਤੇ ਉਹ ਡਿੱਗ ਪਏ। ਇਸ ਦੌਰਾਨ ਉੱਥੇ ਹੋਰ ਰਾਹਗੀਰ ਆ ਗਏ ਤੇ ਉਨ੍ਹਾਂ ਰਲ ਕੇ ਦੋਵੇਂ ਲੁਟੇਰਿਆਂ ਨੂੰ ਕਾਬੂ ਕਰ ਲਿਆ ਤੇ ਪੁਲੀਸ ਹਵਾਲੇ ਕਰ ਦਿੱਤਾ। ਏਐੱਸਆਈ ਸੁਲੱਖਣ ਸਿੰਘ ਨੇ ਦੋਵਾਂ ਖ਼ਿਲਾਫ਼ ਕੇਸ ਦਰਜ ਕਰਕੇ ਅੱਜ ਮੈਡੀਕਲ ਕਰਵਾਉਣ ਮਗਰੋਂ ਅਦਾਲਤ ਵਿੱਚ ਪੇਸ਼ ਕੀਤਾ। ਤੁਲਜ਼ਮਾਂ ਦੀ ਪਛਾਣ ਅਸ਼ੋਕ ਨਾਥ, ਰਿੰਪੀ ਨਾਥ ਵਾਸੀ ਵਾਰਡ ਨੰਬਰ 9 ਤਪਾ ਬਰਨਾਲਾ ਵੱਜੋਂ ਹੋਈ ਹੈ।