ਯੂਪੀਐੱਸਸੀ ਪ੍ਰੀਖਿਆ: ਮਾਧਵਨ ਦਾ 410ਵਾਂ ਤੇ ਕਸ਼ਿਸ਼ ਦਾ 587ਵਾਂ ਰੈਂਕ
ਜੋਗਿੰਦਰ ਸਿੰਘ ਮਾਨ/ਬਲਜੀਤ ਸਿੰਘ, ਮਨੋਜ ਸ਼ਰਮਾ
ਮਾਨਸਾ/ਸਰਦੂਲਗੜ੍ਹ/ਬਠਿੰਡਾ, 22 ਅਪਰੈਲ
ਸ਼ਹਿਰ ਸਰਦੂਲਗੜ੍ਹ ਦੇ ਕਸ਼ਿਸ ਗੁਪਤਾ ਨੇ ਯੂਪੀਐੱਸਸੀ ਪ੍ਰੀਖਿਆ ’ਚ 587ਵਾਂ ਰੈਂਕ ਹਾਸਲ ਕੀਤਾ ਹੈ। ਇਹ ਪੁਜੀਸ਼ਨ ਹਾਸਲ ਕਰਨ ਵਾਲਾ ਕਸ਼ਿਸ਼ ਗੁਪਤਾ ਮਾਨਸਾ ਜ਼ਿਲ੍ਹਾ ਦਾ ਇਕਲੌਤਾ ਪ੍ਰੀਖਿਆਰਥੀ ਹੈ। ਹੁਣ ਉਹ ਸਿਵਲ ਸਰਵਿਸਿਜ਼ ਵਿੱਚ ਨੌਕਰੀ ਕਰੇਗਾ ਅਤੇ ਉਸ ਦੀ ਐਕਸਾਈਜ਼ ਵਿਭਾਗ ਵਿੱਚ ਨੌਕਰੀ ਕਰਨ ਦੀ ਪਹਿਲੀ ਇੱਛਾ ਹੈ। ਕਸ਼ਿਸ ਗੁਪਤਾ ਦੇ ਪਿਤਾ ਦੀ ਕਈ ਸਾਲ ਪਹਿਲਾਂ ਇੱਕ ਦੁਰਘਟਨਾ ਵਿੱਚ ਮੌਤ ਹੋ ਗਈ ਸੀ, ਉਹ ਸਥਾਨਕ ਸਰਕਾਰ ਵਿਭਾਗ ਵਿੱਚ ਅਧਿਕਾਰੀ ਸਨ। ਕਸ਼ਿਸ਼ ਗੁਪਤਾ ਦੇ ਮਾਤਾ ਰੰਜੂ ਗੁਪਤਾ ਜੋ ਪੇਸ਼ੇ ਵਜੋਂ ਡਾਕਟਰ ਹਨ ਅਤੇ ਦਾਦਾ ਰਾਜ ਕੁਮਾਰ ਜੋ ਸਿਹਤ ਵਿਭਾਗ ’ਚੋਂ ਸੇਵਾਮੁਕਤ ਹੋਏ ਉੱਚ ਅਧਿਕਾਰੀ ਹਨ।
ਕਸ਼ਿਸ਼ ਗੁਪਤਾ ਨੇ ਦਸਵੀਂ ਜਮਾਤ ਤੱਕ ਦੀ ਪੜ੍ਹਾਈ ਬਾਲ ਵਾਟਿਕਾ ਸਕੂਲ ਟਿੱਬੀ ਹਰੀ ਸਿੰਘ ਵਾਲਾ ਵਿੱਚ ਕੀਤੀ ਅਤੇ ਬਾਰ੍ਹਵੀਂ ਦਿ ਸਿਰਸਾ ਸਕੂਲ ਸਿਰਸਾ ਤੋਂ ਕੀਤੀ। ਦਿੱਲੀ ਯੂਨੀਵਰਸਿਟੀ ਤੋਂ ਬੀ.ਏ ਦੀ ਪੜ੍ਹਾਈ ਕਰਨ ਤੋਂ ਬਾਅਦ, ਉਹ ਉਥੇ ਰਹਿ ਕੇ ਹੀ ਕਰੀਬ ਪੰਜ ਵਰ੍ਹੇ ਲਗਨ ਨਾਲ ਇਸ ਪ੍ਰੀਖਿਆ ਦੀ ਤਿਆਰੀ ਕਰਦਾ ਰਿਹਾ। ਕਸ਼ਿਸ ਗੁਪਤਾ ਨੇ ਕਿਹਾ ਕਿ ਦਸਵੀਂ ਦੀ ਪੜ੍ਹਾਈ ਕਰਨ ਤੋਂ ਬਾਅਦ ਉਸ ਨੇ ਇਹ ਪ੍ਰੀਖਿਆ ਪਾਸ ਕਰਨ ਦਾ ਇਰਾਦਾ ਅਤੇ ਸਕੰਲਪ ਲੈ ਲਿਆ ਸੀ, ਜਿਸ ਵਿੱਚ ਉਸ ਨੇ ਨਿਰੰਤਰ ਮਿਹਨਤ ਕੀਤੀ। ਉਸ ਦਾ ਕਹਿਣਾ ਹੈ ਕਿ ਇਸ ਮਿਹਨਤ ਪਿੱਛੇ ਉਸਦੇ ਪਰਿਵਾਰ ਅਤੇ ਆਪਣੇ ਅੰਦਰ ਇਹ ਪ੍ਰੀਖਿਆ ਪਾਸ ਕਰਨ ਦਾ ਮਜ਼ਬੂਤ ਇਰਾਦਾ ਸੀ। ਅੱਜ ਜਦੋਂ ਉਹ ਇਸ ਵਿਚੋਂ ਸਫ਼ਲ ਹੋਇਆ ਹੈ ਤਾਂ ਉਸਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ। ਉਸਨੇ ਕਿਹਾ ਕਿ ਉਹ ਆਬਕਾਰੀ ਮਹਿਕਮੇ ਵਿੱਚ ਬਤੌਰ ਅਫ਼ਸਰ ਨੌਕਰੀ ਕਰਨਾ ਚਾਹੁੰਦਾ ਹੈ, ਬਾਕੀ ਉਸਨੂੰ ਮਿਲੀ ਟਰੇਨਿੰਗ ਅਤੇ ਸਮੇਂ ’ਤੇ ਨਿਰਭਰ ਕਰਦਾ ਹੈ। ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਇਸ ’ਤੇ ਖੁਸ਼ੀ ਜ਼ਾਹਿਰ ਕਰਦਿਆਂ ਕਸ਼ਿਸ ਗੁਪਤਾ ਨੂੰ ਵਧਾਈ ਸੁਨੇਹਾ ਭੇਜਿਆ ਹੈ। ਵਿਧਾਇਕ ਨੇ ਕਿਹਾ ਕਿ ਉਹ ਕਸ਼ਿਸ਼ ਗੁਪਤਾ ਦੇ ਘਰ ਜਾ ਕੇ ਵੀ ਉਸ ਨੂੰ ਮੁਬਾਰਕਾਂ ਦੇਣਗੇ। ਕਸ਼ਿਸ਼ ਨੇ ਦੇਸ਼ ਭਰ ਵਿੱਚ ਯੂਪੀਐੱਸਸੀ ਦੀ ਪ੍ਰੀਖਿਆ ਵਿੱਚ ਉੱਚਾ ਰੈਂਕ ਲੈ ਕੇ ਸਰਦੂਲਗੜ੍ਹ ਦਾ ਨਾਮ ਰੋਸ਼ਨ ਕੀਤਾ ਹੈ।
ਇਸੇ ਦੌਰਾਨ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂਪੀਐੱਸਸੀ) ਦੀ ਪ੍ਰਸਿੱਧ ਸਿਵਲ ਸਰਵਿਸ ਪ੍ਰੀਖਿਆ ’ਚ ਬਠਿੰਡਾ ਦੇ ਹੋਣਹਾਰ ਵਿਦਿਆਰਥੀ ਮਾਧਵਨ ਗੁਪਤਾ ਨੇ 410ਵਾਂ ਰੈਂਕ ਹਾਸਲ ਕੀਤਾ ਹੈ। ਮਾਧਵਨ ਇਸ ਸਮੇਂ ਮੌਲਾਨਾ ਆਜ਼ਾਦ ਮੈਡੀਕਲ ਕਾਲਜ, ਦਿੱਲੀ ਵਿੱਚ ਐੱਮਬੀਬੀਐੱਸ ਦੇ ਆਖਰੀ ਸਾਲ ਵਿੱਚ ਪੜ੍ਹ ਰਹੇ ਹਨ। ਮੈਡੀਕਲ ਪੜ੍ਹਾਈ ਦੇ ਨਾਲ-ਨਾਲ ਉਨ੍ਹਾਂ ਨੇ ਯੂਪੀਐਸਸੀ ਵਰਗੀ ਚੁਣੌਤੀਪੂਰਨ ਪ੍ਰੀਖਿਆ ਲਈ ਤਿਆਰੀ ਆਨਲਾਈਨ ਸਰੋਤਾਂ ਰਾਹੀਂ ਕੀਤੀ। ਆਪਣੇ ਸੁਪਨੇ ਨੂੰ ਹਕੀਕਤ ਬਣਾਉਣ ਲਈ ਮਾਧਵਨ ਨੇ ਦਿਨ-ਰਾਤ ਮਿਹਨਤ ਕੀਤੀ। ਚੇਤੇ ਰਹੇ ਕਿ ਇਹ ਪਹਿਲੀ ਵਾਰੀ ਨਹੀਂ ਕਿ ਮਾਧਵਨ ਨੇ ਰਾਸ਼ਟਰੀ ਪੱਧਰ ’ਤੇ ਮਾਣ ਜ਼ਟਾਇਆ ਹੋਵੇ। ਨੀਟ ਪ੍ਰੀਖਿਆ ਦੌਰਾਨ ਉਹਨਾਂ ਨੇ ਆਲ ਇੰਡੀਆ 9ਵਾਂ ਰੈਂਕ ਹਾਸਲ ਕੀਤਾ ਸੀ, ਜਿਸ ਕਾਰਨ ਉਨ੍ਹਾਂ ਨੂੰ ਭਾਰਤ ਦੇ ਪ੍ਰਮੁੱਖ ਮੈਡੀਕਲ ਕਾਲਜ ਵਿੱਚੋਂ ਇਕ ਵਿੱਚ ਦਾਖਲਾ ਮਿਲਿਆ। ਮਾਧਵਨ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਮਾਤਾ ਸ਼ਿਵਾਨੀ ਗੁਪਤਾ ਅਤੇ ਪਿਤਾ ਪ੍ਰਦੀਪ ਗੁਪਤਾ ਨੂੰ ਦਿੱਤਾ ਹੈ। ਉਨ੍ਹਾਂ ਦੇ ਪਿਤਾ ਨੇ ਕਿਹਾ ਇਹ ਸਫਲਤਾ ਮਾਧਵਨ ਦੀ ਲਗਨ, ਨਿਰੰਤਰ ਮਿਹਨਤ ਅਤੇ ਦ੍ਰਿੜ ਇਰਾਦਿਆਂ ਦਾ ਨਤੀਜਾ ਹੈ। ਉਸ ਨੇ ਸਾਰੇ ਬਠਿੰਡੇ ਦਾ ਮਾਣ ਵਧਾਇਆ ਹੈ।