ਯੂਪੀਐੱਸਸੀ: ਟਰਾਈਸਿਟੀ ਦੇ ਤਿੰਨ ਵਿਦਿਆਰਥੀਆਂ ਨੇ ਮਾਅਰਕਾ ਮਾਰਿਆ
ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 22 ਅਪਰੈਲ
ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂਪੀਐਸਸੀ) ਦੀ ਸਿਵਲ ਸਰਵਿਸਿਜ਼ ਦੀ ਪ੍ਰੀਖਿਆ ਦਾ ਨਤੀਜਾ ਅੱਜ ਐਲਾਨਿਆ ਗਿਆ ਜਿਸ ਵਿਚ ਟਰਾਈਸਿਟੀ ਦੀਆਂ ਤਿੰਨ ਵਿਦਿਆਰਥਣਾਂ ਨੇ ਮਾਅਰਕਾ ਮਾਰਿਆ ਹੈ। ਜ਼ੀਰਕਪੁਰ ਦੇ ਪੀਰ ਮੁਛੱਲਾ ਦੀ ਆਸਥਾ ਦਾ 61ਵਾਂ ਰੈਂਕ ਆਇਆ ਹੈ ਤੇ ਉਸ ਨੇ ਪਹਿਲੀ ਵਾਰ ਵਿਚ ਇਹ ਪ੍ਰੀਖਿਆ ਪਾਸ ਕੀਤੀ ਹੈ।
ਦੂਜੇ ਪਾਸੇ ਮੁਹਾਲੀ ਦੀ ਰੀਆ ਕੌਰ ਸੇਠੀ ਦਾ 89ਵਾਂ ਰੈਂਕ ਆਇਆ ਹੈ। ਉਸ ਨੇ ਚੌਥੀ ਵਾਰ ਵਿਚ ਪ੍ਰੀਖਿਆ ਪਾਸ ਕੀਤੀ ਹੈ ਜਦਕਿ ਤਨਵੀ ਗੁਪਤਾ ਦਾ 187ਵਾਂ ਰੈਂਕ ਆਇਆ ਹੈ, ਉਸ ਨੇ ਪੰਜਵੀਂ ਵਾਰ ਵਿਚ ਇਹ ਪ੍ਰੀਖਿਆ ਪਾਸ ਕੀਤੀ ਹੈ। ਆਸਥਾ ਨੇ ਦੱਸਿਆ ਕਿ ਉਸ ਨੇ ਦਿੱਲੀ ਦੇ ਸ੍ਰੀ ਰਾਮ ਕਾਲਜ ਤੋਂ ਇਕਨਾਮਿਕਸ ਆਨਰਜ਼ ਦੀ ਗਰੈਜੂਏਸ਼ਨ ਕੀਤੀ ਤੇ ਇਕਾਗਰਤਾ ਨਾਲ ਪੜ੍ਹਾਈ ਕੀਤੀ ਤੇ ਸਾਰਾ ਸਿਲੇਬਸ ਕਵਰ ਕੀਤਾ। ਉਸ ਦੇ ਪਿਤਾ ਬੱਦੀ ਵਿੱਚ ਨੌਕਰੀ ਕਰਦੇ ਹਨ ਜਦਕਿ ਮਾਂ ਘਰੇਲੂ ਸੁਆਣੀ ਹੈ। ਆਸਥਾ ਨੇ ਦੱਸਿਆ ਕਿ ਉਸ ਨੂੰ ਆਈਏਐਸ ਦੀ ਪ੍ਰੀਖਿਆ ਪਾਸ ਕਰਨ ਵਿਚ ਮਾਪਿਆਂ ਨੇ ਪੂਰਾ ਸਾਥ ਦਿੱਤਾ। ਉਸ ਨੇ ਦੱਸਿਆ ਕਿ ਉਸ ਨੇ ਕਦੀ ਵੀ ਤਣਾਅ ਨੂੰ ਹਾਵੀ ਨਾ ਹੋਣ ਦਿੱਤਾ। ਰੀਆ ਨੇ ਦੱਸਿਆ ਕਿ ਉਸ ਨੇ ਦਸਵੀਂ ਜਮਾਤ ਸੇਂਟ ਕਬੀਰ ਸਕੂਲ ਸੈਕਟਰ 26 ਤੋਂ ਤੇ ਬਾਰ੍ਹਵੀਂ ਜਮਾਤ ਭਵਨ ਵਿਦਿਆਲਿਆ ਸਕੂਲ ਤੋਂ ਪਾਸ ਕੀਤੀ। ਇਸ ਤੋਂ ਬਾਅਦ ਉਸ ਨੇ ਦਿੱਲੀ ਦੇ ਖਾਲਸਾ ਕਾਲਜ ਵਿੱਚ ਦਾਖਲਾ ਲਿਆ ਤੇ ਇਸ ਤੋਂ ਬਾਅਦ ਅਗਲੇਰੀ ਪੜ੍ਹਾਈ ਜੇਐਨਯੂ ਤੋਂ ਮੁਕੰਮਲ ਕੀਤੀ। ਉਸ ਦੇ ਪਿਤਾ ਚਾਹੁੰਦੇ ਸਨ ਕਿ ਉਹ ਆਈਏਐਸ ਬਣੇ ਪਰ ਪਿਤਾ ਦੀ ਮੌਤ ਤੋਂ ਬਾਅਦ ਉਸ ਨੇ ਉਨ੍ਹਾਂ ਦਾ ਸੁਪਨਾ ਪੂਰਾ ਕੀਤਾ। ਉਸ ਨੇ ਪਹਿਲੀ ਵਾਰ ਸਿਵਲ ਸਰਵਿਸ ਦੀ ਪ੍ਰੀਖਿਆ ਸਾਲ 2020 ਵਿੱਚ ਦਿੱਤੀ ਸੀ ਤੇ ਉਸ ਤੋਂ ਬਾਅਦ ਤਿਆਰੀ ਦਾ ਅਮਲ ਜਾਰੀ ਰੱਖਿਆ।
ਆਬਕਾਰੀ ਅਧਿਕਾਰੀ ਵਜੋਂ ਕੰਮ ਕਰ ਰਹੀ ਹੈ ਆਸਥਾ
ਆਸਥਾ ਨੇ ਪਿਛਲੇ ਸਾਲ ਹਰਿਆਣਾ ਪਬਲਿਕ ਸਰਵਿਸ ਕਮਿਸ਼ਨ ਵਿੱਚ 31ਵਾਂ ਰੈਂਕ ਹਾਸਲ ਕੀਤਾ ਸੀ ਤੇ ਉਹ ਇਸ ਵਲੇ ਅਸਿਸਟੈਂਟ ਐਕਸਾਈਜ਼ ਐਂਡ ਟੈਕਸ ਅਫਸਰ ਵਜੋਂ ਸੇਵਾਵਾਂ ਦੇ ਰਹੀ ਹੈ। ਉਸ ਨੂੰ ਆਈਏਐਸ ਬਣਨ ਦੀ ਪ੍ਰੇਰਨਾ ਉਸ ਦੇ ਦਾਦਾ ਨੇ ਦਿੱਤੀ ਜੋ ਅਕਸਰ ਕਿਹਾ ਕਰਦੇ ਸਨ ਿਕ ਉਨ੍ਹਾਂ ਦੀ ਆਸਥਾ ਵੱਡੀ ਹੋ ਕੇ ਕੁਲੈਕਟਰ ਬਣੇਗੀ ਤੇ ਉਸ ਨੇ ਇਸ ਨੂੰ ਹਮੇਸ਼ਾ ਦਿਮਾਗ ਵਿਚ ਰੱੱਖਿਆ ਕਿ ਉਹ ਵੱਡੀ ਹੋ ਕੇ ਅਧਿਕਾਰੀ ਬਣੇਗੀ ਜਿਸ ਲਈ ਉਸ ਨੇ ਲਗਨ ਨਾਲ ਪੜ੍ਹਾਈ ਕੀਤੀ। ਉਸ ਨੇ ਦੱਸਿਆ ਕਿ ਉਸ ਦੀ ਰਿਸ਼ਤੇਦਾਰੀ ਤੋਂ ਇਲਾਵਾ ਪਿੰਡ ਵਿਚ ਵੀ ਕੋਈ ਆਈਏਐਸ ਅਧਿਕਾਰੀ ਨਹੀਂ ਹੈ।