ਨਾਜਾਇਜ਼ ਅਸਲੇ ਸਣੇ ਨੌਜਵਾਨ ਗ੍ਰਿਫ਼ਤਾਰ
ਬੀਐੱਸ ਚਾਨਾ/ਬਲਵਿੰਦਰ ਰੈਤ
ਸ੍ਰੀ ਆਨੰਦਪੁਰ ਸਾਹਿਬ/ਨੂਰਪੁਰ ਬੇਦੀ, 4 ਮਈ
ਜ਼ਿਲ੍ਹਾ ਰੋਪੜ ਪੁਲੀਸ ਨੂੰ ਇੱਕ ਵੱਡੀ ਕਾਮਯਾਬੀ ਉਸ ਸਮੇਂ ਮਿਲੀ ਜਦੋਂ ਪੁਲੀਸ ਵੱਲੋਂ ਅਸਲੇ ਸਣੇ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਦੇ ਉੱਚ ਅਧਿਕਾਰੀਆਂ ਨੇ ਸ੍ਰੀ ਆਨੰਦਪੁਰ ਸਾਹਿਬ ਵਿੱਚ ਪ੍ਰੈੱਸ ਕਾਨਫਰਸ ਦੌਰਾਨ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਕੀਤੀ ਗਈ ਕਾਰਵਾਈ ਦੌਰਾਨ ਨੂਰਪੁਰ ਬੇਦੀ ਦੇ ਆਜਮਪੁਰ ਟੀ-ਪੁਆਇੰਟ ਤੋਂ ਇੱਕ ਨੌਜਵਾਨ ਕੋਲੋਂ ਤਿੰਨ ਪਿਸਤੌਲ ਅਤੇ ਪੰਜ ਕਾਰਤੂਸ ਬਰਾਮਦ ਕੀਤੇ ਹਨ। ਇਸ ਮੁਹਿੰਮ ਦੀ ਅਗਵਾਈ ਕਪਤਾਨ ਗੁਰਦੀਪ ਸਿੰਘ ਗੋਸਲ, ਡਿਟੈਕਟਿਵ ਅਤੇ ਉਪ ਕਪਤਾਨ ਅਜੇ ਸਿੰਘ, ਸਬ-ਡਵੀਜ਼ਨ ਆਨੰਦਪੁਰ ਸਾਹਿਬ ਵੱਲੋਂ ਕੀਤੀ ਗਈ। ਪ੍ਰੈੱਸ ਕਾਨਫਰੰਸ ਦੌਰਾਨ ਗੁਰਦੀਪ ਸਿੰਘ ਨੇ ਦੱਸਿਆ ਕਿ ਇੰਚਾਰਜ ਸੀਆਈਏ ਰੂਪਨਗਰ ਇੰਸਪੈਕਟਰ ਮਨਫੂਲ ਸਿੰਘ ਅਤੇ ਮੁੱਖ ਅਫ਼ਸਰ ਥਾਣਾ ਨੂਰਪੁਰ ਬੇਦੀ ਇੰਸਪੈਕਟਰ ਗੁਰਵਿੰਦਰ ਸਿੰਘ ਢਿੱਲੋਂ ਦੀ ਟੀਮ ਨੇ ਚੈਕਿੰਗ ਦੌਰਾਨ ਪੱਤਣ ਰੋਡ ਟੀ ਪੁਆਇੰਟ ਆਜਮਪੁਰ ਬਾਈਪਾਸ ਨੇੜੇ ਜਸਪਾਲ ਰਾਮ ਉਰਫ ਜੱਸਾ ਉਰਫ ਰਾਣਾ (19) ਪੁੱਤਰ ਹਣਸਾ ਰਾਮ, ਵਾਸੀ ਬਾਜ਼ੀਗਰ ਮੁਹੱਲਾ, ਪਿੰਡ ਆਦਣੀਆ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੂੰ ਗ੍ਰਿਫ਼ਤਾਰ ਕੀਤਾ।
ਪੁਲੀਸ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਥਾਣਾ ਨੂਰਪੁਰ ਬੇਦੀ ਵਿੱਚ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਉਸ ਦਾ ਰਿਮਾਂਡ ਲਿਆ ਜਾਵੇਗਾ। ਪੁਲੀਸ ਅਧਿਕਾਰੀਆਂ ਅਨੁਸਾਰ ਇਸ ਅਸਲੇ ਦੀ ਬਰਾਮਦਗੀ ਰਾਹੀਂ ਇਲਾਕੇ ਵਿੱਚ ਹੋਣ ਵਾਲੀਆਂ ਸੰਭਾਵੀ ਅਪਰਾਧਕ ਘਟਨਾਵਾਂ ਨੂੰ ਰੋਕਣ ਵਿੱਚ ਮਦਦ ਮਿਲੀ ਹੈ। ਇਹ ਕਾਮਯਾਬੀ ਇਲਾਕੇ ਵਿੱਚ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਕਰਨ ਵੱਲ ਇੱਕ ਵੱਡਾ ਕਦਮ ਮੰਨੀ ਜਾ ਰਹੀ ਹੈ।