ਅਧਿਆਪਕ ਤਨਖ਼ਾਹ ਨੂੰ ਤਰਸੇ
ਸੰਜੀਵ ਬੱਬੀ
ਚਮਕੌਰ ਸਾਹਿਬ, 4 ਮਈ
ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਸੂਬਾ ਜਨਰਲ ਸਕੱਤਰ ਗੁਰਬਿੰਦਰ ਸਿੰਘ ਸਸਕੌਰ ਅਤੇ ਸੂਬਾ ਪ੍ਰੈੱਸ ਸਕੱਤਰ ਧਰਮਿੰਦਰ ਸਿੰਘ ਭੰਗੂ ਨੇ ਕਿਹਾ ਕਿ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਸਕੂਲ-ਸਕੂਲ ਜਾ ਕੇ ਸਿੱਖਿਆ ਕ੍ਰਾਂਤੀ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਦੂਜੇ ਪਾਸੇ ਸਿੱਖਿਆ ਵਿਭਾਗ ਦੇ ਅਸਪੱਸ਼ਟ ਨਿਰਦੇਸ਼ਾਂ ਕਾਰਨ ਅਨੇਕਾਂ ਸਰਕਾਰੀ ਸਕੂਲ ਅਧਿਆਪਕ ਅਪਰੈਲ ਮਹੀਨੇ ਦੀਆਂ ਤਨਖ਼ਾਹਾਂ ਲਈ ਤਰਸ ਗਏ ਹਨ।
ਇਨ੍ਹਾਂ ਅਧਿਆਪਕ ਆਗੂਆਂ ਨੇ ਕਿਹਾ ਕਿ ਸਿੱਖਿਆ ਵਿਭਾਗ ਆਪਣੇ ਅਸਪੱਸ਼ਟ ਨਿਰਦੇਸ਼ਾਂ ਕਾਰਨ ਅਕਸਰ ਚਰਚਾ ਵਿੱਚ ਰਹਿੰਦਾ ਹੈ। ਬੀਤੇ ਮਹੀਨੇ ਵੱਖੋ-ਵੱਖਰੀਆਂ ਭਰਤੀਆਂ ਤਹਿਤ ਭਰਤੀ ਅਧਿਆਪਕਾਂ ਨੂੰ ਲੱਖਾਂ ਰੁਪਏ ਬਕਾਇਆ ਜਾਰੀ ਕਰਨ ਦਾ ਹੁਕਮ ਉੱਚ ਅਦਾਲਤ ਦੇ ਫ਼ੈਸਲੇ ਰਾਹੀਂ ਹੋਇਆ ਹੈ। ਇਸ ਸਬੰਧੀ ਸਿੱਖਿਆ ਵਿਭਾਗ ਨੇ ਇੱਕ ਪੱਤਰ ਜਾਰੀ ਕਰ ਕੇ ਸਮੂਹ ਡੀਡੀਓਜ਼ ਨੂੰ ਬੰਨ੍ਹ ਦਿੱਤਾ ਹੈ ਕਿ ਤਨਖ਼ਾਹਾਂ ਤੋਂ ਪਹਿਲਾਂ ਸਬੰਧਤ ਅਧਿਆਪਕਾਂ ਦਾ ਬਕਾਇਆ ਜਾਰੀ ਕੀਤਾ ਜਾਵੇ ਪਰ ਤਕਨੀਕੀ ਪੱਖ ਹੈ ਕਿ ਬਕਾਏ ਸਬੰਧੀ ਬਿੱਲ ਖਜ਼ਾਨਾ ਦਫ਼ਤਰਾਂ ਵੱਲੋਂ ਪੰਜ ਤਾਰੀਕ ਤੋਂ ਬਾਅਦ ਹੀ ਲਏ ਜਾਂਦੇ ਹਨ। ਇਨ੍ਹਾਂ ਹਾਲਾਤ ਦੇ ਚੱਲਦਿਆਂ ਕਈ ਡੀਡੀਓਜ਼ ਨੇ ਅਧਿਆਪਕਾਂ ਦੀ ਤਨਖ਼ਾਹ ਦੇ ਬਿੱਲ ਵੀ ਰੋਕ ਲਏ ਹਨ ਅਤੇ ਜ਼ਿਲ੍ਹਾ ਸਿੱਖਿਆ ਦਫ਼ਤਰ ਤੋਂ ਲੋੜੀਂਦੇ ਬਜਟ ਦੀ ਮੰਗ ਵੀ ਨਹੀਂ ਕੀਤੀ। ਅਧਿਆਪਕ ਆਗੂਆਂ ਨੇ ਮੰਗ ਕੀਤੀ ਕਿ ਲੋੜੀਂਦਾ ਬਜਟ ਜਾਰੀ ਕਰਦੇ ਹੋਏ ਅਧਿਆਪਕ ਵਰਗ ਦੀਆਂ ਅਪਰੈਲ ਮਹੀਨੇ ਦੀਆਂ ਤਨਖ਼ਾਹਾਂ ਤੁਰੰਤ ਜਾਰੀ ਕੀਤੀਆਂ ਜਾਣ।
ਇਸ ਮੌਕੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਹੀਰਾ, ਅਵਨੀਤ ਚੱਢਾ, ਗੁਰਚਰਨ ਸਿੰਘ, ਗੁਰਦੀਪ ਸਿੰਘ, ਅਵਤਾਰ ਸਿੰਘ, ਸਿਮਰਨਜੀਤ ਸਿੰਘ, ਕੁਲਵੀਰ ਸਿੰਘ ਕੰਧੋਲਾ ਅਤੇ ਦਵਿੰਦਰ ਸਿੰਘ ਸਮਾਣਾ ਆਦਿ ਹਾਜ਼ਰ ਸਨ।