ਚੱਪੜਚਿੜੀ ਜੰਗੀ ਯਾਦਗਾਰ ਨੂੰ ਜਾਂਦੀ ਲਿੰਕ ਸੜਕ ਦੀ ਹਾਲਤ ਤਰਸਯੋਗ
ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 4 ਮਈ
ਇੱਥੋਂ ਦੇ ਇਤਿਹਾਸਕ ਨਗਰ ਚੱਪੜਚਿੜੀ ਸਥਿਤ ਬਾਬਾ ਬੰਦਾ ਸਿੰਘ ਬਹਾਦਰ ਜੰਗੀ ਯਾਦਗਾਰ ਸਰਕਾਰੀ ਅਣਦੇਖੀ ਦੀ ਸ਼ਿਕਾਰ ਹੈ। ਮੁਹਾਲੀ ਤੋਂ ਫ਼ਤਹਿ ਮਿਨਾਰ ਨੂੰ ਜਾਂਦੀ ਸੜਕ ਅਤੇ ਮੁਹਾਲੀ ਤੋਂ ਚੱਪੜਚਿੜੀ ਪਹੁੰਚ ਸੜਕ ਦੀ ਹਾਲਤ ਬੇਹੱਦ ਮਾੜੀ ਹੈ। ਇਲਾਕੇ ਦੇ ਲੋਕ ਸਮੇਂ ਦੀਆਂ ਸਰਕਾਰਾਂ ਅਤੇ ਲੀਡਰਾਂ ਦੇ ਹਾੜੇ ਕੱਢ ਕੇ ਥੱਕ ਚੁੱਕੇ ਹਨ ਪਰ ਹੁਣ ਤੱਕ ਨਾ ਤਾਂ ਸੜਕ ਦੀ ਮੁਰੰਮਤ ਹੋਈ ਅਤੇ ਨਾ ਹੀ ਸੜਕ ਚੌੜੀ ਕੀਤੀ ਗਈ।
ਲਾਂਡਰਾਂ ਜੰਕਸ਼ਨ ’ਤੇ ਲੱਗਦੇ ਜਾਮ ਕਾਰਨ ਟਰੈਫਿਕ ਵਿੱਚ ਫਸਣ ਤੋਂ ਬਚਣ ਲਈ ਜ਼ਿਆਦਾਤਰ ਰਾਹਗੀਰ ਚੱਪੜਚਿੜੀ ਰਾਹੀਂ ਅੱਗੇ ਲੰਘਦੇ ਹਨ ਪਰ ਕਰੀਬ ਦੋ ਕਿਲੋਮੀਟਰ ਸੜਕ ’ਤੇ 300 ਤੋਂ ਵੱਧ ਡੂੰਘੇ ਖੱਡੇ ਬਣੇ ਹੋਏ ਹਨ। ਇਸ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਦੋ ਪਹੀਆ ਵਾਹਨ ਚਾਲਕਾਂ ਨੂੰ ਵੱਡੀ ਦਿੱਕਤ ਖੜ੍ਹੀ ਹੁੰਦੀ ਹੈ।
ਸ਼੍ਰੋਮਣੀ ਅਕਾਲੀ ਦਲ, ਮੁਹਾਲੀ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਬੈਦਵਾਨ ਅਤੇ ਪਿੰਡ ਵਾਸੀਆਂ ਨੇ ਇਸ ਮੁੱਦੇ ’ਤੇ ਸੂਬਾ ਸਰਕਾਰ ’ਤੇ ਤਿੱਖੇ ਨਿਸ਼ਾਨੇ ਸੇਧੇ ਹਨ। ਉਨ੍ਹਾਂ ਕਿਹਾ ਕਿ ਜੰਗ ਯਾਦਗਾਰ ਨੂੰ ਜਾਣ ਵਾਲੀ ਸੜਕਾਂ ਦੀ ਖਸਤਾ ਹਾਲਤ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ’ਤੇ ਵੱਡਾ ਪ੍ਰਸ਼ਨਚਿੰਨ੍ਹ ਹੈ। ਅਕਾਲੀ ਆਗੂ ਅਤੇ ਪਿੰਡ ਵਾਸੀਆਂ ਨੇ ਮੀਡੀਆ ਨੂੰ ਮੌਜੂਦਾ ਹਾਲਾਤ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਅਕਾਲੀ ਸਰਕਾਰ ਸਮੇਂ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਚੱਪੜਚਿੜੀ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੰਗੀ ਯਾਦਗਾਰ ਅਤੇ 328 ਫੁੱਟ ਉੱਚੀ ਫ਼ਤਹਿ ਮੀਨਾਰ ਬਣਾਈ ਸੀ। ਇਸ ਨੂੰ ਦੇਖਣ ਲਈ ਰੋਜ਼ਾਨਾ ਵੱਡੀ ਗਿਣਤੀ ਵਿੱਚ ਸੰਗਤ ਆਉਂਦੀ ਹੈ ਪਰ ਸੜਕ ’ਤੇ ਡੂੰਘੇ ਅਤੇ ਵੱਡੇ ਖੱਡਿਆਂ ਕਾਰਨ ਲੋਕਾਂ ਨੂੰ ਨਮੋਸ਼ੀ ਝੱਲਣੀ ਪੈਂਦੀ ਹੈ।
ਸ੍ਰੀ ਬੈਦਵਾਨ ਨੇ ਦੱਸਿਆ ਕਿ ਐੱਸਜੀਪੀਸੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ’ਚ 12 ਮਈ ਨੂੰ ਨਗਰ ਕੀਰਤਨ ਦੇ ਰੂਪ ਵਿੱਚ ਸਰਹਿੰਦ-ਫ਼ਤਹਿ ਮਾਰਚ ਕੀਤਾ ਜਾਂਦਾ ਹੈ ਅਤੇ ਚੱਪੜਚਿੜੀ ਵਿੱਚ ਤਿੰਨ ਦਿਨ ਧਾਰਮਿਕ ਸਮਾਗਮ ਕਰਵਾਇਆ ਜਾਂਦਾ ਹੈ।
ਪਿੰਡ ਚੱਪੜਚਿੜੀ ਦੇ ਸਾਬਕਾ ਸਰਪੰਚ ਜੋਰਾ ਸਿੰਘ ਭੁੱਲਰ ਤੇ ਸੋਹਣ ਸਿੰਘ ਚੱਪੜਚਿੜੀ, ਅਕਾਲੀ ਦਲ ਦੇ ਬੁਲਾਰੇ ਸ਼ਮਸ਼ੇਰ ਪੁਰਖਾਲਵੀ, ਨੌਜਵਾਨ ਆਗੂ ਨਵਜੋਤ ਸਿੰਘ, ਸਰਪੰਚ ਗੁਰਪ੍ਰੀਤ ਸਿੰਘ ਤੰਗੌਰੀ, ਨੰਬਰਦਾਰ ਹਰਵਿੰਦਰ ਸਿੰਘ ਸੁਖਗੜ੍ਹ, ਕਰਮਜੀਤ ਸਿੰਘ ਮੌਲੀ ਅਤੇ ਕੁਲਦੀਪ ਸਿੰਘ ਨੇ ਦੱਸਿਆ ਕਿ ਅਲੌਕਿਕ ਨਗਰ ਕੀਰਤਨ ਦੌਰਾਨ ਹਰ ਸਾਲ ਗੁਰੂ ਮਹਾਰਾਜ ਦੀ ਸਵਾਰੀ ਅਤੇ ਸੰਗਤ ਨੂੰ ਸੜਕ ’ਤੇ ਡੂੰਘੇ ਖੱਡਿਆਂ ’ਚੋਂ ਲੰਘਣਾ ਪੈਂਦਾ ਹੈ। ਉਨ੍ਹਾਂ ਸੂਬਾ ਸਰਕਾਰ ਨੂੰ ਅਪੀਲ ਕੀਤੀ ਕਿ ਸੜਕ ਦੀ ਫੌਰੀ ਮੁਰੰਮਤ ਕਰਵਾਈ ਜਾਵੇ।