ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਹੋਈ ਨੀਟ ਦੀ ਪ੍ਰੀਖਿਆ
ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 4 ਮਈ
ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ ਅੱਜ ਚੰਡੀਗੜ੍ਹ ਦੇ ਸਕੂਲਾਂ ਤੇ ਕਾਲਜਾਂ ਵਿਚ ਨੀਟ ਦੀ ਪ੍ਰੀਖਿਆ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਕਰਵਾਈ ਗਈ। ਇਹ ਪ੍ਰੀਖਿਆ ਦੁਪਹਿਰ 2 ਤੋਂ 5 ਵਜੇ ਤੱਕ ਕਰਵਾਈ ਗਈ। ਇਸ ਮੌਕੇ ਪ੍ਰੀਖਿਆ ਕੇਂਦਰਾਂ ਦੇ ਬਾਹਰ ਪੁਲੀਸ ਵੀ ਵੱਡੀ ਗਿਣਤੀ ਵਿੱਚ ਤਾਇਨਾਤ ਕੀਤੀ ਗਈ ਤੇ ਵਿਦਿਆਰਥੀਆਂ ਦੀ ਤਿੰਨ ਪੱਧਰਾਂ ’ਤੇ ਤਲਾਸ਼ੀ ਲਈ ਗਈ। ਇਸ ਮੌਕੇ ਪ੍ਰੀਖਿਆ ਕੇਂਦਰਾਂ ਦੇ ਬਾਹਰ ਸਿਵਲ ਕੱਪੜਿਆਂ ਵਿਚ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ। ਇਹ ਪ੍ਰੀਖਿਆ ਭਾਰਤ ਦੀ ਸਭ ਤੋਂ ਵੱਡੀ ਮੈਡੀਕਲ ਦਾਖ਼ਲਾ ਪ੍ਰੀਖਿਆ ਹੈ ਜਿਸ ਤੋਂ ਬਾਅਦ ਡਾਕਟਰੀ ਦੇ ਕੋਰਸਾਂ ਵਿੱਚ ਦਾਖ਼ਲਾ ਮਿਲਦਾ ਹੈ। ਇਸ ਵਾਰ ਪੇਪਰ ਪਹਿਲਾਂ ਦੇ ਮੁਕਾਬਲੇ ਔਖਾ ਆਇਆ ਤੇ ਜ਼ਿਆਦਾਤਰ ਵਿਦਿਆਰਥੀ ਪੂਰਾ ਪੇਪਰ ਹੱਲ ਨਾ ਕਰ ਸਕੇ।
ਨੀਟ ਦੀ ਪ੍ਰੀਖਿਆ ਦੀ ਤਿਆਰੀ ਕਰਵਾਉਂਦੇ ਕੁਨਾਲ ਸਿੰਘ ਨੇ ਦੱਸਿਆ ਕਿ ਇਸ ਪ੍ਰੀਖਿਆ ਵਿੱਚ ਫਿਜ਼ਿਕਸ ਦਾ ਸੈਕਸ਼ਨ ਕਾਫ਼ੀ ਲੰਬਾ ਸੀ ਜਿਸ ਨੂੰ ਸਮੇਂ ਅੰਦਰ ਹੱਲ ਕਰਨਾ ਔਖਾ ਸੀ। ਇਸ ਪ੍ਰੀਖਿਆ ਵਿੱਚ ਬੈਠੇ ਔਸਤ ਵਿਦਿਆਰਥੀ ਸਾਰੇ ਸਵਾਲ ਹੀ ਪੜ੍ਹ ਨਾ ਸਕੇ ਜਿਸ ਕਾਰਨ ਅੰਕਾਂ ਵਿੱਚ ਗਿਰਾਵਟ ਆ ਸਕਦੀ ਹੈ। ਦੱਸਣਾ ਬਣਦਾ ਹੈ ਕਿ ਇਸ ਪ੍ਰੀਖਿਆ ਜ਼ਰੀਏ 612 ਤੋਂ ਜ਼ਿਆਦਾ ਮੈਡੀਕਲ ਤੇ 315 ਡੈਂਟਲ ਕਾਲਜਾਂ ਵਿੱਚ ਦਾਖ਼ਲਾ ਹੋਵੇਗਾ। ਇਸ ਤੋਂ ਇਲਾਵਾ 26,949 ਬੀਡੀਐੱਸ, 52,720 ਆਯੂਸ਼, 603 ਬੈਚਲਰ ਆਫ ਵੈਟਰਨਰੀ ਸਾਇੰਸ, 1899 ਏਮਜ਼ ਤੇ ਜਵਾਹਰ ਲਾਲ ਇੰਸਟੀਚਿਊਟ ਆਫ ਪੋਸਟ ਗ੍ਰੈਜੂਏਸ਼ਨ ਮੈਡੀਕਲ ਇੰਸਟੀਚਿਊਸ਼ਨਜ਼ ਦੀ 249 ਸੀਟਾਂ ’ਤੇ ਦਾਖ਼ਲਾ ਹੋਵੇਗਾ। ਇਕ ਅਧਿਆਪਕ ਨੇ ਦੱਸਿਆ ਕਿ ਇਸ ਵਾਰ ਪਿਛਲੀਆਂ ਖ਼ਾਮੀਆਂ ਨੂੰ ਦੇਖ ਕੇ ਪੇਪਰ ਤਿਆਰ ਕੀਤਾ ਗਿਆ। ਕਮਿਸਟਰੀ ਦਾ ਸੈਕਸ਼ਨ ਔਖਾ ਸੀ ਜਿਸ ਨੂੰ ਹੱਲ ਕਰਨ ਲਈ ਵਿਦਿਆਰਥੀ ਪ੍ਰੇਸ਼ਾਨ ਹੁੰਦੇ ਰਹੇ।