ਬਸੀ ਈਸੇ ਖਾਂ ’ਚ ਕੀਤੀ ਜਾ ਰਹੀ ਉਸਾਰੀ ਦਾ ਮਾਮਲਾ ਭਖ਼ਿਆ
ਕਰਮਜੀਤ ਸਿੰਘ ਚਿੱਲਾ
ਬਨੂੜ, 6 ਜੂਨ
ਇੱਥੋਂ ਦੇ ਵਾਰਡ ਨੰਬਰ ਦੋ ਵਿੱਚ ਪੈਂਦੇ ਪਿੰਡ ਬਸੀ ਈਸੇ ਖਾਂ ਵਿੱਚ ਤਕਰੀਬਨ ਪੰਜ ਸੌ ਗਜ਼ ਥਾਂ ਵਿੱਚ ਕੀਤੀ ਜਾ ਰਹੀ ਉਸਾਰੀ ਦਾ ਮਾਮਲਾ ਭਖ਼ ਗਿਆ ਹੈ। ਵਾਰਡ ਦੇ ਕੌਂਸਲਰ ਅਤੇ ਹੋਰ ਵਸਨੀਕਾਂ ਨੇ ਅੱਜ ਕੌਂਸਲ ਪ੍ਰਧਾਨ ਨੂੰ ਲਿਖਤੀ ਸ਼ਿਕਾਇਤ ਸੌਂਪ ਕੇ ਇਸ ਸਬੰਧੀ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜਿਹੜੀ ਥਾਂ ਵਿਚ ਉਸਾਰੀ ਕੀਤੀ ਗਈ ਹੈ, ਉਹ ਵਕਫ਼ ਬੋਰਡ ਦੀ ਮਲਕੀਅਤ ਹੈ।
ਪਿੰਡ ਬਸੀ ਈਸੇ ਖਾਂ ਦੇ ਵਸਨੀਕਾਂ ਕੌਂਸਲਰ ਅਵਤਾਰ ਸਿੰਘ ਬਬਲਾ, ਗੁਰਵਿੰਦਰ ਸਿੰਘ, ਅਜੈਬ ਸਿੰਘ, ਅਮਰਜੀਤ ਸਿੰਘ, ਉੱਤਮ ਸਿੰਘ, ਰਵਿੰਦਰ ਸਿੰਘ, ਗਗਨਦੀਪ ਸਿੰਘ, ਮਨਜਿੰਦਰ ਸਿੰਘ ਨੇ ਨਗਰ ਕੌਂਸਲ ਪ੍ਰਧਾਨ ਨੂੰ ਸ਼ਿਕਾਇਤ ਸੌਂਪਣ ਮਗਰੋਂ ਕਿਹਾ ਕਿ ਸਬੰਧਤ ਥਾਂ ਉੱਤੇ ਕੀਤੀ ਜਾ ਰਹੀ ਉਸਾਰੀ ਗ਼ੈਰਕਾਨੂੰਨੀ ਹੈ। ਉਨ੍ਹਾਂ ਕਿਹਾ ਕਿ ਲੰਘੇ ਸੋਮਵਾਰ ਨੂੰ ਨਗਰ ਕੌਂਸਲ ਦੀ ਟੀਮ ਵੱਲੋਂ ਇਸ ਉਸਾਰੀ ਨੂੰ ਗ਼ੈਰਕਾਨੂੰਨੀ ਕਰਾਰ ਦਿੰਦਿਆਂ ਢਾਹ ਵੀ ਦਿੱਤਾ ਗਿਆ ਸੀ ਪਰ ਅਗਲੇ ਦਿਨ ਹੀ ਸਬੰਧਤ ਧਿਰ ਨੇ ਮੁੜ ਉਸਾਰੀ ਆਰੰਭ ਦਿੱਤੀ।
ਪਿੰਡ ਵਾਸੀਆਂ ਨੇ ਆਖਿਆ ਕਿ ਉਹ ਕਿਸੇ ਵੀ ਕੀਮਤ ’ਤੇ ਨਾਜਾਇਜ਼ ਉਸਾਰੀ ਨਹੀਂ ਹੋਣ ਦੇਣਗੇ ਤੇ ਜੇ ਨਗਰ ਕੌਂਸਲ ਨੇ ਸਰਕਾਰੀ ਜ਼ਮੀਨ ’ਤੇ ਹੋਈ ਉਸਾਰੀ ਨੂੰ ਤੁਰੰਤ ਨਾ ਹਟਾਇਆ ਅਤੇ ਅਜਿਹਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਨਾ ਕੀਤੀ ਤਾਂ ਉਹ ਇਸ ਮਾਮਲੇ ਨੂੰ ਅਦਾਲਤ ਵਿੱਚ ਲੈ ਕੇ ਜਾਣਗੇ ਅਤੇ ਨਗਰ ਕੌਂਸਲ ਨੂੰ ਵੀ ਧਿਰ ਬਣਾਇਆ ਜਾਵੇਗਾ। ਉਨ੍ਹਾਂ ਕੌਂਸਲ ਅਧਿਕਾਰੀਆਂ ਤੋਂ ਤੁਰੰਤ ਸਾਰੇ ਮਾਮਲੇ ਵਿਚ ਕਾਰਵਾਈ ਕਰਨ ਅਤੇ ਉਸਾਰੀ ਹਟਾਏ ਜਾਣ ਦੀ ਮੰਗ ਕੀਤੀ।
ਕਿਸੇ ਨੂੰ ਗ਼ੈਰਕਾਨੂੰਨੀ ਉਸਾਰੀ ਨਹੀਂ ਕਰਨ ਦਿੱਤੀ ਜਾਵੇਗੀ: ਪ੍ਰਧਾਨ
ਨਗਰ ਕੌਂਸਲ ਦੇ ਪ੍ਰਧਾਨ ਜਗਤਾਰ ਸਿੰਘ ਕੰਬੋਜ ਨੇ ਬਸੀ ਈਸੇ ਖਾਂ ਦੇ ਵਸਨੀਕਾਂ ਵੱਲੋਂ ਨਜਾਇਜ਼ ਉਸਾਰੀ ਸਬੰਧੀ ਸ਼ਿਕਾਇਤ ਮਿਲਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਉਸਾਰੀ ਸਬੰਧੀ ਪਹਿਲਾਂ ਵੀ ਕੌਂਸਲ ਵੱਲੋਂ ਕਾਰਵਾਈ ਕੀਤੀ ਗਈ ਸੀ ਤੇ ਦੁਬਾਰਾ ਫਿਰ ਮੌਕਾ ਦੇਖ ਕੇ ਪੜਤਾਲ ਕਰਨ ਉਪਰੰਤ ਨਾਜਾਇਜ਼ ਉਸਾਰੀ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਕੌਂਸਲ ਦੀ ਮਲਕੀਅਤੀ ਥਾਂ ਉੱਤੇ ਕਬਜ਼ਾ ਕਰਨ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ।
ਥਾਂ ਦਾ ਨਗਰ ਕੌਂਸਲ ਨਾਲ ਕੋਈ ਸਬੰਧ ਨਹੀਂ: ਬਾਂਸਲ
ਉਸਾਰੀ ਕਰਨ ਵਾਲੇ ਰਤਨ ਬਾਂਸਲ ਨੇ ਦੱਸਿਆ ਕਿ ਸਬੰਧਤ ਥਾਂ ਦਾ ਨਗਰ ਕੌਂਸਲ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਵਕਫ਼ ਬੋਰਡ ਦੀ ਇਹ 430 ਗਜ਼ ਥਾਂ ਬੋਰਡ ਤੋਂ ਪਟੇ ਉੱਤੇ ਲਈ ਹੋਈ ਹੈ। ਉਨ੍ਹਾਂ ਕਿਹਾ ਕਿ ਕੌਂਸਲ ਵੱਲੋਂ ਉਸਾਰੀ ਢਾਹੇ ਜਾਣ ਉਪਰੰਤ ਉਨ੍ਹਾਂ ਕੌਂਸਲ ਦੇ ਕਾਰਜਸਾਧਕ ਅਫ਼ਸਰ ਨੂੰ ਪਟੇ ਦੀ ਕਾਪੀ ਵੀ ਸੌਂਪ ਦਿੱਤੀ ਸੀ। ਉਨ੍ਹਾਂ ਕਿਹਾ ਕਿ ਇਸ ਵਿਚ ਕੁੱਝ ਵੀ ਨਾਜਾਇਜ਼ ਨਹੀਂ ਕੀਤਾ ਗਿਆ।