ਚੰਡੀਗੜ੍ਹ ਪੁਲੀਸ ਦੇ ਕਾਂਸਟੇਬਲ ਵੱਲੋਂ ਖ਼ੁਦਕੁਸ਼ੀ
ਚੰਡੀਗੜ੍ਹ: ਚੰਡੀਗੜ੍ਹ ਪੁਲੀਸ ਵਿੱਚ ਤਾਇਨਾਤ ਕਾਂਸਟੇਬਲ ਪਰਮਜੀਤ ਸਿੰਘ ਨੇ ਖ਼ੁਦਕੁਸ਼ੀ ਕਰ ਲਈ ਹੈ। ਜਾਣਕਾਰੀ ਮੁਤਾਬਕ ਸੈਕਟਰ-26 ਸਥਿਤ ਪੁਲੀਸ ਲਾਈਨ ਦੇ ਮਕਾਨ ਨੰਬਰ 505-ਏ ਵਿੱਚ ਰਹਿੰਦਾ ਪਰਮਜੀਤ ਸਿੰਘ ਘਰੇਲੂ ਪ੍ਰੇਸ਼ਾਨੀ ਵਿੱਚ ਸੀ। ਘਟਨਾ ਦੀ ਸੂਚਨਾ ਮਿਲਦਿਆਂ ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। -ਪੱਤਰ ਪ੍ਰੇਰਕ
ਸੀਟੀਯੂ ਦੀ ਬੱਸ ਨੂੰ ਅੱਗ ਲੱਗੀ
ਚੰਡੀਗੜ੍ਹ: ਇੱਥੇ ਮਨੀਮਾਜਰਾ ਪੁਲੀਸ ਸਟੇਸ਼ਨ ਸਾਹਮਣੇ ਤੋਂ ਲੰਘ ਰਹੀ ਸੀਟੀਯੂ ਦੀ ਬੱਸ ਨੂੰ ਅਚਾਨਕ ਅੱਗ ਲੱਗ ਗਈ। ਇਸ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਬੱਸ ਸੜ ਗਈ। ਸੈਕਟਰ-43 ਤੋਂ ਆਈਟੀ ਪਾਰਕ ਜਾ ਰਹੀ ਇਸ ਬੱਸ ਵਿੱਚ 6-7 ਸਵਾਰੀਆਂ ਹੀ ਸਨ। ਚਲਦੀ ਬੱਸ ਵਿੱਚੋਂ ਅਚਾਨਕ ਧੂੰਆਂ ਨਿਕਲ਼ਿਆ ਤਾਂ ਬੱਸ ਰੋਕ ਦਿੱਤੀ ਤੇ ਤੁਰੰਤ ਬੱਸ ਨੂੰ ਅੱਗ ਲੱਗ ਗਈ। ਇਸ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾਂਦਾ ਹੈ। ਫਾਇਰ ਬ੍ਰਿਗੇਡ ਨੇ ਅੱਗ ਬੁਝਾਈ। -ਪੱਤਰ ਪ੍ਰੇਰਕ
ਨਸ਼ੇ ਦੀਆਂ ਗੋਲੀਆਂ ਸਣੇ ਦੋ ਕਾਬੂ
ਫ਼ਤਹਿਗੜ੍ਹ ਸਾਹਿਬ: ਸੀਆਈਏ ਸਟਾਫ ਸਰਹਿੰਦ ਦੀ ਪੁਲੀਸ ਨੇ ਦੋ ਜਣਿਆਂ ਨੂੰ 30 ਹਜ਼ਾਰ ਨਸ਼ੀਲੀਆਂ ਗੋਲੀਆਂ ਸਣੇ ਗ੍ਰਿਫ਼ਤਾਰ ਕਰ ਕੇ ਕੇਸ ਦਰਜ ਕੀਤਾ ਹੈ। ਡੀਐੱਸਪੀ ਨਿਖਿਲ ਗਰਗ ਨੇ ਦੱਸਿਆ ਕਿ ਸੀਆਈਏ ਸਟਾਫ ਸਰਹਿੰਦ ਦੇ ਐੱਸਐੱਚਓ ਸਰਬਜੀਤ ਸਿੰਘ ਦੀ ਅਗਵਾਈ ਵਿੱਚ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਨੇ ਪੁਲੀਸ ਪਾਰਟੀ ਸਣੇ ਰੇਲਵੇ ਸਟੇਸ਼ਨ ਸਰਹਿੰਦ ਕੋਲੋਂ ਮੋਟਰਸਾਈਕਲ ਸਵਾਰ ਦੋ ਜਣਿਆਂ ਨੂੰ 30 ਹਜ਼ਾਰ ਨਸ਼ੇ ਦੀਆਂ ਗੋਲੀਆਂ ਸਣੇ ਗ੍ਰਿਫ਼ਤਾਰ ਕਰ ਕੇ ਥਾਣਾ ਸਰਹਿੰਦ ਵਿੱਚ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਰਾਜ ਕੁਮਾਰ ਉਰਫ਼ ਰਾਜੂ ਵਾਸੀ ਪਿੰਡ ਤਲਾਣੀਆਂ ਅਤੇ ਗੁਰਨਾਮ ਸਿੰਘ ਵਾਸੀ ਪਿੰਡ ਜਮੀਤਗੜ੍ਹ ਵਜੋਂ ਹੋਈ। -ਨਿੱਜੀ ਪੱਤਰ ਪ੍ਰੇਰਕ
ਪੰਚਕੂਲਾ ਵਿੱਚ ਕਰੋਨਾ ਦੇ ਸੱਤ ਕੇਸ
ਪੰਚਕੂਲਾ: ਪੰਚਕੂਲਾ ਜ਼ਿਲ੍ਹੇ ਵਿੱਚ ਕਰੋਨਾ ਦੇ ਸੱਤ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਵਿਭਾਗ ਨੇ ਹਸਪਤਾਲ ਵਿੱਚ ਟੈਸਟਿੰਗ ਸ਼ੁਰੂ ਕਰ ਦਿੱਤੀ ਹੈ ਤੇ ਪੁਰਾਣੇ ਗਾਇਨੀਕਾਲੋਜੀ ਵਾਰਡ ਨੂੰ ਆਈਸੋਲੇਸ਼ਨ ਵਾਰਡ ਬਣਾ ਦਿੱਤਾ ਹੈ। ਬੀੜ ਘੱਗਰ ਦੇ ਰਹਿਣ ਵਾਲੇ 47 ਸਾਲਾ ਵਿਅਕਤੀ ਕਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਉਸ ਨੂੰ ਘਰ ਵਿੱਚ ਹੀ ਇਕਾਂਤਵਾਸ ਕੀਤਾ ਗਿਆ ਹੈ। ਪੀੜਤ ਵਿਅਕਤੀ ਦੀ ਯਾਤਰਾ ਹਿਸਟਰੀ ਦੀ ਜਾਂਚ ਕੀਤੀ ਜਾ ਰਹੀ ਹੈ। ਪੰਚਕੂਲਾ ਦੇ ਪੀਐੱਮਓ ਡਾ. ਆਰਐੱਸ ਚੌਹਾਨ ਨੇ ਕਿਹਾ ਕਿ ਹੁਣ ਤੱਕ ਕਰੋਨਾ ਦੇ ਸੱਤ ਨਵੇਂ ਕੇਸ ਸਾਹਮਣੇ ਆਏ ਹਨ। -ਪੱਤਰ ਪ੍ਰੇਰਕ