ਯੁੱਧ ਨਸ਼ਿਆਂ ਵਿਰੁੱਧ: ਨਸ਼ਾ ਤਸਕਰਾਂ ਦੇ ਟਿਕਾਣਿਆਂ ’ਤੇ ਪੁਲੀਸ ਦੇ ਛਾਪੇ
ਸ਼ਗਨ ਕਟਾਰੀਆ
ਬਠਿੰਡਾ, 29 ਮਾਰਚ
ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਪੁਲੀਸ ਨੇ ਅੱਜ ਟੀਮਾਂ ਬਣਾ ਕੇ ਜ਼ਿਲ੍ਹੇ ਭਰ ’ਚ ਸ਼ੱਕੀ ਥਾਵਾਂ ’ਤੇ ਛਾਪੇ ਮਾਰੇ ਤੇ ਨਾਕਾਬੰਦੀ ਕਰ ਕੇ ਵਾਹਨਾਂ ਨੂੰ ਰੋਕ ਕੇ ਤਲਾਸ਼ੀ ਲਈ। ਇਸ ਮੁਹਿੰਮ ਦੀ ਅਗਵਾਈ ਸਪੈਸ਼ਲ ਡੀਜੀਪੀ (ਪੀਐੱਸਪੀਸੀਐੱਲ) ਜਤਿੰਦਰ ਜੈਨ ਵੱਲੋਂ ਕੀਤੀ ਗਈ। ਸ੍ਰੀ ਜੈਨ ਨੇ ਦੱਸਿਆ ਕਿ ਨਸ਼ੇ ਦੇ ਕਾਰੋਬਾਰੀਆਂ ਦੀਆਂ ਛੁਪਣਗਾਹਾਂ ਨੂੰ ਨਿਸ਼ਾਨਾ ਬਣਾ ਕੇ ਵਿਸ਼ੇਸ਼ ਛਾਪੇਮਾਰੀ ’ਤੇ ਤਲਾਸ਼ੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਅੱਜ ਦੀ ਕਵਾਇਦ ਦੌਰਾਨ 84 ਗ੍ਰਾਮ ਹੈਰੋਇਨ, 3 ਕਿਲੋ ਭੁੱਕੀ ਪੋਸਤ, 200 ਗ੍ਰਾਮ ਗਾਂਜਾ, 400 ਸਿਗਨੇਚਰ ਕੈਪਸੂਲ ਅਤੇ 7200 ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਬਰਾਮਦਗੀ ਨਾਲ ਸਬੰਧ ਰੱਖਣ ਵਾਲੇ 18 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ 12 ਮੁਕੱਦਮੇ ਦਰਜ ਕੀਤੇ ਗਏ ਹਨ।
ਡੀਆਈਜੀ ਬਠਿੰਡਾ ਰੇਂਜ ਹਰਜੀਤ ਸਿੰਘ ਗਿੱਲ ਨੇ ਕਿਹਾ ਕਿ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਜਨਤਕ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਨਸ਼ਾ ਪ੍ਰਭਾਵਿਤ ਖੇਤਰਾਂ ਦੀ ਸ਼ਨਾਖ਼ਤ ਕਰਕੇ ਅਜਿਹੀਆਂ ਥਾਵਾਂ ’ਤੇ ਅਚਨਚੇਤ ਛਾਪੇਮਾਰੀ ਕੀਤੀ ਜਾ ਰਹੀ ਹੈ।
ਮਾਨਸਾ (ਜੋਗਿੰਦਰ ਸਿੰਘ ਮਾਨ): ਮਾਨਸਾ ਪੁਲੀਸ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਜ਼ਿਲ੍ਹੇ ਦੀਆਂ ਵੱਖ-ਵੱਖ ਸ਼ੱਕੀ ਥਾਵਾਂ, ਜਿੱਥੇ ਨਸ਼ੇ ਦੀ ਖਰੀਦ-ਵੇਚ ਹੁੰਦੀ ਹੈ, ਦੀ ਚੈਕਿੰਗ ਕੀਤੀ ਗਈ। ਸੀਨੀਅਰ ਕਪਤਾਨ ਪੁਲੀਸ ਡਾ. ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ 15 ਹੋਟਸਪੋਟ ਖੇਤਰਾਂ ਦੀ ਚੈਕਿੰਗ ਕਰਕੇ ਸ਼ੱਕੀ ਵਿਅਕਤੀਆਂ ਅਤੇ ਸ਼ੱਕੀ ਵਹੀਕਲਾਂ ਦੀ ਚੈਕਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ 8 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਵਿਰੁੱਧ ਐਨ.ਡੀ.ਪੀ.ਐਸ ਐਕਟ ਅਤੇ ਬੀਐੱਨਐੱਸ ਤਹਿਤ 6 ਮੁਕੱਦਮੇ ਦਰਜ ਕਰਕੇ 16 ਗ੍ਰਾਮ ਹੈਰੋਇਨ,165 ਕੈਪਸੂਲ ਸਿਗਨੇਚਰ ਦੀ ਬਰਾਮਦਗੀ ਕੀਤੀ ਗਈ।
ਮੋਗਾ (ਮਹਿੰਦਰ ਸਿੰਘ ਰੱਤੀਆਂ): ਅਜਨਬੀਆਂ ਨੂੰ ਦੇਖ ਕੇ ਕੁੱਤਿਆਂ ਦਾ ਭੌਂਕਣਾ ਸੁਭਾਵਿਕ ਹੈ। ਪੰਜਾਬ ਪੁਲੀਸ ਦੀ ਪੰਜਾਬ ਪੁਲੀਸ ਦੀ ਨਸ਼ਿਆਂ ਦੀ ਜੰਗ ’ਚ ਗਲੀਆਂ ਵਿੱਚ ਘੁੰਮਦੇ ਅਵਾਰਾ ਤੇ ਪਾਲਤੂ ਕੁੱਤੇ ਅੜਿੱਕੇ ਬਣਨ ਲੱਗੇ ਹਨ। ਮੂੰਹ ਹਨੇਰੇ ਗਲੀਆਂ ’ਚ ਕਾਸੋ ਅਪਰੇਸ਼ਨ ਦੌਰਾਨ ਕੁੱਤਿਆਂ ਦੇ ਭੌਕਣ ਕਾਰਨ ਸਮਗਲਰ ਸੁਚੇਤ ਹੋ ਰਹੇ ਹਨ। ਇਥੇ ਪੁਲੀਸ ਅਧਿਕਾਰੀ ਨੇ ਆਪਣਾ ਨਾਮ ਨਾ ਲਿਖਣ ਦੀ ਸ਼ਰਤ ਉੱਤੇ ਦੱਸਿਆ ਕਿ ਕਾਸੋ ਅਪਰੇਸ਼ਲ ਮੂੰਹ ਹਨੇਰੇ ਜਦੋਂ ਉਹ ਪਿੰਡਾਂ ਦੀਆਂ ਗਲੀਆਂ ਵਿਚ ਜਾਂਦੇ ਹਨ ਤਾਂ ਉਨ੍ਹਾਂ ਨੂੰ ਕੁੱਤਿਆਂ ਦੇ ਭੌਂਕਣ ਅਤੇ ਉਨ੍ਹਾਂ ਤੋਂ ਬਚਣਾ ਪੈਂਦਾ ਹੈ। ਇਸ ਤਰ੍ਹਾਂ ਤਸਕਰ ਵੀ ਸੁਚਤੇ ਹੋ ਜਾਂਦੇ ਹਨ ਅਤੇ ਸਰਚ ਅਪਰੇਸ਼ਨ ਦੌਰਾਨ ਕੋਈ ਵੱਡੀ ਬਰਾਮਦਗੀ ਨਹੀਂ ਹੁੰਦੀ ਪਰ ਲੋਕਾਂ ਵਿਚ ਦਹਿਸ਼ਤ ਜਰੂਰ ਹੈ। ਇਥੇ ਬੱਧਨੀ ਕਲਾਂ ਤੇ ਨਿਹਾਲ ਸਿੰਘ ਵਾਲਾ ਖੇਤਰ ਵਿੱਚ ਏਡੀਜੀਪੀ (ਇੰਟਰਨਲ ਸਕਿਉਰਿਟੀ) ਸ਼ਿਵੇ ਕੁਮਾਰ ਵਰਮਾ ਅਤੇ ਐੱਸਐੱਸਪੀ ਅਜੈ ਗਾਂਧੀ ਦੀ ਅਗਵਾਈ ਵਿੱਚ ਡਰੱਗ ਹੌਟਸਪਾਟ ਅਤੇ ਹੋਰ ਸ਼ੱਕੀ ਸਥਾਨਾਂ ਉਪਰ ਸਰਚ ਅਪਰੇਸ਼ਨ ਚਲਾਇਆ ਗਿਆ। ਚੈਕਿੰਗ ਦੌਰਾਨ 20 ਸ਼ੱਕੀ ਵਿਅਕਤੀਆਂ ਦੇ ਘਰਾਂ ਅਤੇ ਉਨ੍ਹਾਂ ਦੇ ਸ਼ੱਕੀ ਟਿਕਾਣਿਆਂ ਉਪਰ ਤਲਾਸ਼ੀ ਅਭਿਆਨ ਚਲਾਇਆ ਗਿਆ। 7 ਸ਼ੱਕੀ ਵਿਅਕਤੀਆਂ ਨੂੰ ਰਾਊਂਡ ਅੱਪ ਕਰਕੇ ਇੱਕ ਸਵਿਫਟ ਕਾਰ ਤੇ 2 ਮੋਟਰਸਾਈਕਲ ਕਬਜ਼ੇ ਵਿੱਚ ਲਏ ਗਏ ਹਨ। ਏਡੀਜੀਪੀ ਸ਼ਿਵ ਕੁਮਾਰ ਵਰਮਾ ਨੇ ਕਿਹਾ ਕਿ ਇਹ ਅਪਰੇਸ਼ਨ ਸ਼ਾਂਤੀ ਅਤੇ ਅਮਨ ਕਾਨੂੰਨ ਦੀ ਵਿਵਸਥਾ ਬਣਾ ਕੇ ਚਲਾਇਆ ਗਿਆ। ਪੰਜਾਬ ਸਰਕਾਰ ਵੱਲੋਂ ਅਤੇ ਰਾਜਨੀਤਿਕ ਪੱਖੋਂ ਪੁਲੀਸ ਉਪਰ ਕਿਸੇ ਵੀ ਤਰ੍ਹਾਂ ਦਾ ਕੋਈ ਦਬਾਅ ਨਹੀਂ ਹੈ ਪੁਲੀਸ ਵਿਭਾਗ ਬਿਨ੍ਹਾਂ ਕਿਸੇ ਰਾਜਨੀਤਿਕ ਦਬਾਅ ਦੇ ਦੋਸ਼ੀਆਂ ਉਪਰ ਕਾਰਵਾਈਆਂ ਕਰ ਰਹੇ ਹਨ।
ਗਿੱਦੜਬਾਹਾ (ਪੱਤਰ ਪ੍ਰੇਰਕ): ਐੱਸਪੀ (ਐੱਚ) ਕੰਵਲਪ੍ਰੀਤ ਸਿੰਘ ਚਾਹਲ ਅਤੇ ਡੀਐੱਸਪੀ ਅਵਤਾਰ ਸਿੰਘ ਰਾਜਪਾਲ ਦੀ ਅਗਵਾਈ ਹੇਠ ਪੁਲੀਸ ਵੱਲੋਂ ਗਿੱਦੜਬਾਹਾ ਇਲਾਕੇ ਵਿੱਚ ਵੱਖ-ਵੱਖ ਥਾਂ ’ਤੇ ਨਸ਼ਿਆਂ ਵਿਰੁੱਧ ਸਰਚ ਮੁਹਿੰਮ ਚਲਾਈ ਗਈ। ਉਨ੍ਹਾਂ ਨਾਲ ਥਾਣਾ ਗਿੱਦੜਬਾਹਾ ਦੀ ਐੱਸਐੱਚਓ ਦੀਪਿਕਾ ਰਾਣੀ ਵੀ ਮੌਜੂਦ ਸਨ। ਐੱਸਪੀ (ਐੱਚ) ਕੰਵਲਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ ਅੱਜ ਮੁਹੱਲਾ ਬੈਂਟਾਬਾਦ, ਵਾਲਮੀਕਿ ਮੁਹੱਲਾ, ਭਾਰੂ ਚੌਕ ਆਦਿ ਇਲਾਕਿਆਂ ਵਿਚ ਨਸ਼ਾ ਵੇਚਣ ਵਾਲਿਆਂ ਅਤੇ ਇਸਦਾ ਕਾਰੋਬਾਰ ਕਰਨ ਵਾਲਿਆਂ ਦੀ ਸਰਚ ਕੀਤੀ ਗਈ।
ਤਲਵੰਡੀ ਭਾਈ (ਨਿੱਜੀ ਪੱਤਰ ਪ੍ਰੇਰਕ): ਪੁਲੀਸ ਨੇ ਮੁਸਤੈਦੀ ਦਿਖਾਉਂਦਿਆਂ ਤਲਵੰਡੀ ਭਾਈ ਦੇ ਨਹਿਰੂ ਰੋਡ ’ਤੇ ਸਥਿਤ ਬਜ਼ਾਰ ਵਿੱਚੋਂ ਦੁਕਾਨਦਾਰਾਂ ਦਾ ਬਾਹਰ ਪਿਆ ਸਮਾਨ ਚੁਕਵਾ ਦਿੱਤਾ ਤੇ ਅੱਜ ਦਿਨ ਚੜ੍ਹਦੇ ਹੀ ਕਸਬਾ ਮੁੱਦਕੀ ‘ਚ ਨਸ਼ਾ ਤਸਕਰਾਂ ‘ਤੇ ਕਾਰਵਾਈ ਕਰ ਦਿੱਤੀ। ਉਪ ਪੁਲੀਸ ਕਪਤਾਨ ਕਰਨ ਸ਼ਰਮਾ ਨੇ ਦੱਸਿਆ ਕਿ ਤਲਵੰਡੀ ਭਾਈ ਦੇ ਮੁੱਖ ਬਾਜ਼ਾਰ ਵਿੱਚ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਬਹਾਲ ਕਰਨ ਹਿਤ ਇਹ ਕਾਰਵਾਈ ਕੀਤੀ ਹੈ।
ਬਰਨਾਲਾ ’ਚ ਡੀਆਈਜੀ ਸੁਖਵੰਤ ਸਿੰਘ ਗਿੱਲ ਨੇ ਕੀਤੀ ਮੁਹਿੰਮ ਦੀ ਅਗਵਾਈ
ਬਰਨਾਲਾ (ਰਵਿੰਦਰ ਰਵੀ): ਯੁੱਧ ਨਸ਼ਿਆਂ ਵਿਰੁੱਧ ਤਹਿਤ ਬਰਨਾਲਾ ਪੁਲੀਸ ਵੱਲੋਂ ਅੱਜ ਡੀਆਈਜੀ ਇੰਟੈਲੀਜੈਂਸ ਸੁਖਵੰਤ ਸਿੰਘ ਗਿੱਲ ਅਗਵਾਈ ਹੇਠ ਦਫ਼ਤਰ ਮਿਉਂਸਿਪਲ ਕਮੇਟੀ ਬਰਨਾਲਾ ਦੇ ਪਿੱਛੇ ਬਸਤੀ ਅੰਦਰ ਸਪੈਸ਼ਲ ਘੇਰਾਬੰਦੀ ਅਤੇ ਤਲਾਸ਼ੀ ਅਭਿਆਨ ਚਲਾਇਆ ਗਿਆ। ਜ਼ਿਲ੍ਹਾ ਪੁਲੀਸ ਮੁਖੀ ਮੁਹੰਮਦ ਸਰਫ਼ਰਾਜ਼ ਆਲਮ ਨੇ ਦੱਸਿਆ ਕਿ ਇਸ ਤਲਾਸ਼ੀ ਅਭਿਆਨ ਦੌਰਾਨ ਨਸ਼ਿਆਂ ਦਾ ਧੰਦਾ ਕਰਨ ਵਾਲੇ ਸ਼ੱਕੀ ਵਿਅਕਤੀਆਂ ਦੇ ਰਿਹਾਇਸ਼ੀ ਠਿਕਾਣਿਆਂ ’ਤੇ ਪੁਲੀਸ ਪਾਰਟੀਆਂ ਵੱਲੋਂ ਛਾਪੇ ਮਾਰੇ ਗਏ। ਡੀਆਈਜੀ ਸੁਖਵੰਤ ਸਿੰਘ ਨੇ ਕਿਹਾ ਕਿ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ੇ ਦੇ ਖਾਤਮੇ ਲਈ ਪੁਲੀਸ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਸੰਦੀਪ ਸਿੰਘ ਮੰਡ ਕਪਤਾਨ ਪੁਲੀਸ (ਇੰਨ.) ਅਤੇ ਸੌਰਵ ਜਿੰਦਲ ਕਪਤਾਨ ਪੁਲਿਸ (ਸ) ਦੀ ਨਿਗਰਾਨੀ ਹੇਠ ਸੀ.ਆਈ.ਏ. ਸਟਾਫ਼ ਬਰਨਾਲਾ ਅਤੇ ਵੱਖ-ਵੱਖ ਥਾਣਿਆਂ ਦੀਆਂ ਟੀਮਾਂ ਬਣਾਈਆਂ ਗਈਆਂ, ਜਿਸ ਵਿੱਚ ਕਰੀਬ 225 ਪੁਲੀਸ ਕਰਮਚਾਰੀ ਤਾਇਨਾਤ ਕੀਤੇ ਗਏ। ਉਨ੍ਹਾਂ ਦੱਸਿਆ ਕਿ ਇਸ ਤਲਾਸ਼ੀ ਅਭਿਆਨ ਤਹਿਤ ਕੁੱਲ ਅੱਠ ਮੁਕੱਦਮੇ ਦਰਜ ਕੀਤੇ ਗਏ ਅਤੇ 11 ਮੁਲਜ਼ਮ ਗ੍ਰਿਫਤਾਰ ਕੀਤੇ ਗਏ। ਇਸ ਤੋਂ ਇਲਾਵਾ 1390 ਨਸ਼ੀਲੀਆਂ ਗੋਲੀਆਂ/ਕੈਪਸੂਲ, 55 ਗ੍ਰਾਮ ਹੈਰੋਇਨ, 35 ਬੋਤਲਾਂ ਸ਼ਰਾਬ ਅਤੇ 1,30,000 ਡਰੱਗ ਮਨੀ ਬਰਾਮਦ ਕੀਤੀ ਗਈ। ਭਦੌੜ (ਰਾਜਿੰਦਰ ਵਰਮਾ): ਅੱਜ ਥਾਣਾ ਭਦੌੜ ਦੇ ਐੱਸਐੱਚਓ. ਗੁਰਵਿੰਦਰ ਸਿੰਘ, ਥਾਣਾ ਸ਼ਹਿਣਾ ਦੇ ਐੱਸਐੱਚਓ ਵਿਜੈਪਾਲ, ਥਾਣਾ ਤਪਾ ਦੇ ਐੱਸਐੱਚਓ ਬਲਜੀਤ ਸਿੰਘ ਢਿੱਲੋਂ ਵੱਲੋਂ ਯੋਗੀ ਬਸਤੀ, ਮੁਹੱਲਾ ਸਾਧਾ ਵਾਲਾ, ਤਲਵੰਡੀ ਰੋਡ, ਮੁਹੱਲਾ ਸੰਧੂਆਂ ਦੇ ਸ਼ੱਕੀ ਵਿਅਕਤੀਆਂ ਦੇ ਵੱਖ ਵੱਖ ਘਰਾਂ ਵਿੱਚ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਨੌਜਵਾਨ ਸੱਤਪਾਲ ਸਿੰਘ ਅਤੇ ਹੈਪੀ ਕੁਮਾਰ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋ 225 ਸਿਗਨੇਚਰ ਕੈਪਸੂਲ ਬਰਾਮਦ ਕੀਤੇ ਗਏ ਹਨ।