ਮੁੱਖ ਮੰਤਰੀ ਸੈਣੀ ਨੇ ਮਾਤਾ ਮਨਸਾ ਦੇਵੀ ਮੰਦਿਰ ’ਚ ਮੱਥਾ ਟੇਕਿਆ
ਪੀ.ਪੀ. ਵਰਮਾ
ਪੰਚਕੂਲਾ, 31 ਮਾਰਚ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਨਰਾਤੇ ਦੇ ਦੂਜੇ ਦਿਨ ਮਾਤਾ ਮਨਸਾ ਦੇਵੀ ਮੰਦਿਰ ਵਿੱਚ ਆਪਣੇ ਪਰਿਵਾਰ ਨਾਲ ਮੱਥਾ ਟੇਕਿਆ। ਅੱਜ ਦੂਜੇ ਦਿਨ 17 ਲੱਖ ਰੁਪਏ ਦਾ ਚੜ੍ਹਾਵਾ ਇਕੱਠਾ ਹੋਇਆ ਜਦਕਿਆ ਬੀਤੇ ਦਿਨ 25 ਲੱਖ ਰੁਪਏ ਚੜ੍ਹਾਵਾ ਇਕੱਤਰ ਹੋਇਆ ਸੀ। ਮੁੱਖ ਮੰਤਰੀ ਸੈਣੀ ਨੇ ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਿਹੜਾ ਵਿਕਸ਼ਤ ਭਾਰਤ ਦਾ ਸੰਕਲਪ ਹੈ ਉਸਦੇ ਨਾਲ ਹਰਿਆਣਾ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ ਅਤੇ ਹਰਿਆਣਾ ਵਿਕਾਸ ਦੀਆਂ ਨਵੀਆਂ ਪੌੜੀਆਂ ਚੜ੍ਹ ਰਿਹਾ ਹੈ। ਉਨ੍ਹਾਂ ਕਿਹਾ ਕਿ ਨਰਾਤੇ ਦੇ ਨਾਲ-ਨਾਲ ਨਵਾਂ ਸਾਲ ਵੀ ਚੜ੍ਹਿਆ ਹੈ ਇਸ ਲਈ ਉਹ ਹਰਿਆਣਾ ਵਾਸੀਆਂ ਵਧਾਈ ਦਿੰਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਲੋਕਾਂ ਦੀਆਂ ਸ਼ਿਕਾਇਤਾਂ ਦਾ ਰੋਜ਼ਾਨਾ ਨਿਪਟਾਰਾ ਕਰ ਰਹੀ ਹੈ ਅਤੇ ਵਿਕਾਸ ਦੇ ਕੰਮਾਂ ਨੂੰ ਤੇਜ਼ੀ ਨਾਲ ਕਰ ਰਹੀ ਹੈ। ਇਸ ਮੌਕੇ ਮੁੱਖ ਮੰਤਰੀ ਨਾਲ ਸੀਨੀਅਰ ਭਾਜਪਾ ਮਹਿਲਾ ਆਗੂ ਬੰਤੋ ਕਟਾਰੀਆ, ਪੰਚਕੂਲਾ ਦੇ ਸਾਬਕਾ ਵਿਧਾਇਕ ਗਿਆਨ ਚੰਦ ਗੁਪਤਾ, ਭਾਜਪਾ ਦੇ ਪੰਚਕੂਲਾ ਜ਼ਿਲ੍ਹਾ ਪ੍ਰਧਾਨ ਅਜੇ ਮਿੱਤਲ ਅਤੇ ਵੱਡੀ ਗਿਣਤੀ ਦੇ ਲੋਕਲ ਨੇਤਾ ਸ਼ਾਮਲ ਸਨ। ਪੰਚਕੂਲਾ ਪੁਲੀਸ ਨੇ ਨਰਾਤਿਆਂ ਦੇ ਮੇਲੇ ਦੀ ਸੁਰੱਖਿਆ ਲਈ 12 ਨਾਕੇ, ਪੰਜ ਪੈਟਰੋਲਿੰਗ ਪਾਰਟੀਆਂ, ਸੀਸੀਟੀਵੀ ਕੈਮਰੇ, ਕਈ ਦੂਰਬੀਨਾਂ ਅਤੇ ਮੁਲਾਜ਼ਮਾਂ ਨੇ ਕੈਮਰੇ ਲਗਾਏ ਹਨ। ਇਸੇ ਤਰ੍ਹਾਂ ਕਈ ਜਗ੍ਹਾਂ ’ਤੇ ਦੂਰਬੀਨ ਵਾਚ ਟਾਵਰ ਵੀ ਲਗਾਏ ਹੋਏ ਹਨ। ਮੇਲਾ ਪ੍ਰਬੰਧਕਾਂ ਨੇ ਮਾਤਾ ਮਨਸਾ ਦੇਵੀ ਕੰਪਲੈਕਸ ਬੱਸ ਅੱਡੇ ਤੋਂ ਮੰਦਰ ਦੀਆਂ ਮੁੱਖ ਗੇਟ ਦੀਆਂ ਪੌੜੀਆਂ ਅਤੇ ਲਿਫਟ ਤੱਕ ਬਜ਼ੁਰਗਾਂ ਲਈ ਚਾਰ ਮਿਨੀ ਬੱਸਾਂ ਅਤੇ ਇਲੈਕਟ੍ਰਿਕ ਰਿਕਸ਼ਾ ਲਗਾਈਆਂ ਹੋਈਆਂ ਹਨ।