ਮੁਹਾਲੀ ਦੇ ਐਡਵਾਂਸਡ ਕੇਅਰ ਸੈਂਟਰ ’ਚ ਓਪੀਡੀ ਸੇਵਾਵਾਂ ਸ਼ੁਰੂ
ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 2 ਅਪਰੈਲ
ਵਿਸ਼ਵ ਔਟਿਜ਼ਮ ਡੇਅ ਮੌਕੇ ਮੁਹਾਲੀ ਦੇ ਸੈਕਟਰ-79 ਸਥਿਤ ਐਡਵਾਂਸਡ ਔਟਿਜ਼ਮ ਕੇਅਰ ਤੇ ਰਿਸਰਚ ਸੈਂਟਰ ਵਿੱਚ ਅੱਜ ਓਪੀਡੀ ਸੇਵਾਵਾਂ ਸ਼ੁਰੂ ਹੋ ਗਈਆਂ ਹਨ ਜਿਸ ਦਾ ਉਦਘਾਟਨ ਸਿਹਤ, ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਕੀਤਾ। ਉਨ੍ਹਾਂ ਖੋਜ ਕੇਂਦਰ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਇਸ ਸੈਂਟਰ ਨੂੰ ਪੰਜਾਬ ਦੇ ਔਟਿਸਟਿਕ ਬੱਚਿਆਂ ਦੇ ਇਲਾਜ ਅਤੇ ਅੰਦਰੂਨੀ ਬਹੁਪੱਖੀ ਪ੍ਰਤਿਭਾ ਨੂੰ ਨਿਖਾਰਨ ਲਈ ਰਾਜ ਦੇ ਸਰਵੋਤਮ ਅਤੇ ਬਿਹਤਰੀਨ ਕੇਂਦਰ ਵਜੋਂ ਵਿਕਸਤ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਉਕਤ ਸੈਂਟਰ ਕਾਫ਼ੀ ਸਮੇਂ ਤੋਂ ਸਰਕਾਰ ਦੀ ਅਣਦੇਖੀ ਦਾ ਸ਼ਿਕਾਰ ਸੀ ਅਤੇ ਬੰਦ ਪਿਆ। ਜਿਸ ਕਾਰਨ ਇੱਥੋਂ ਕਾਫ਼ੀ ਸਾਮਾਨ ਚੋਰੀ ਹੋ ਗਿਆ ਸੀ। ਇਸ ਸਬੰਧੀ ਕੁੱਝ ਦਿਨ ਪਹਿਲਾਂ ਹੀ ‘ਪੰਜਾਬੀ ਟ੍ਰਿਬਿਊਨ’ ਵੱਲੋਂ ਫੋਟੋ ਸਮੇਤ ਵੇਰਵੇ ਸਹਿਤ ਖ਼ਬਰ ਪ੍ਰਕਾਸ਼ਿਤ ਕੀਤੀ ਗਈ ਸੀ। ਮੰਤਰੀ ਨੇ ਡਾ. ਬੀਆਰ ਅੰਬੇਡਕਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਵੱਲੋਂ ਇਸ ਕੇਂਦਰ ਨੂੰ ਚਲਾਉਣ ਵਿੱਚ ਦਿਖਾਈ ਗੰਭੀਰਤਾ ਦੀ ਸ਼ਲਾਘਾ ਕੀਤੀ। ਇੱਥੇ ਸਿਖਲਾਈ, ਰਹਿਣ ਲਈ ਹੋਸਟਲ ਆਦਿ ਸੁਵਿਧਾਵਾਂ ਵੀ ਅਗਲੇ ਦਿਨਾਂ ਵਿੱਚ ਸ਼ੁਰੂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸਾਲ 2016 ਵਿੱਚ ਸੈਂਟਰ ਦੀ ਉਸਾਰੀ ਸ਼ੁਰੂ ਹੋਈ ਸੀ। ਇਸ ਦੇ ਦੇਰੀ ਨਾਲ ਕਾਰਜਸ਼ੀਲ ਹੋਣ ਪਿੱਛੇ ਪਿਛਲੀਆਂ ਸਰਕਾਰਾਂ ਦੀ ਉਦਾਸੀਨਤਾ ਭਾਰੂ ਰਹੀ ਪ੍ਰੰਤੂ ਹੁਣ ‘ਆਪ’ ਸਰਕਾਰ ਨੇ ਸੈਂਟਰ ਨੂੰ ਹਰ ਤਰ੍ਹਾਂ ਦੀ ਸੁੱਖ-ਸੁਵਿਧਾ ਨਾਲ ਲੈਸ ਕਰਕੇ, ਸੂਬੇ ਦੇ ਸਮੁੱਚੇ ਔਟਿਸਟਿਕ ਬੱਚਿਆਂ ਲਈ ਆਸ ਦੀ ਵੱਡੀ ਕਿਰਨ ਦੇ ਕੇਂਦਰ ਵਜੋਂ ਵਿਕਸਤ ਕਰੇਗੀ। ਇਸ ਮੌਕੇ ਵਿਭਾਗ ਦੇ ਪ੍ਰਮੁੱਖ ਸਕੱਤਰ ਕੁਮਾਰ ਰਾਹੁਲ, ਡਾਇਰੈਕਟਰ ਡਾ. ਅਵਨੀਸ਼ ਕੁਮਾਰ, ਮੈਡੀਕਲ ਕਾਲਜ ਦੀ ਡਾਇਰੈਕਟਰ ਪ੍ਰਿੰਸੀਪਲ ਡਾ. ਭਵਨੀਤ ਭਾਰਤੀ ਵੀ ਹਾਜ਼ਰ ਸਨ।