ਖਸਤਾ ਹਾਲ ਸੜਕਾਂ ਨੂੰ ਲੈ ਕੇ ਖਿਜ਼ਰਾਬਾਦ ’ਚ ਧਰਨਾ
ਮਿਹਰ ਸਿੰਘ
ਕੁਰਾਲੀ, 6 ਅਪਰੈਲ
ਹਲਕਾ ਖਰੜ ਦੀਆਂ ਖਸਤਾ ਹਾਲਤ ਸੜਕਾਂ ਨੂੰ ਲੈ ਕੇ ਇਲਾਕਾ ਨਿਵਾਸੀਆਂ ਵਲੋਂ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਦੀ ਅਗਵਾਈ ਵਿੱਚ ਖਿਜ਼ਰਾਬਾਦ ਵਿੱਚ ਧਰਨਾ ਦਿੱਤਾ ਗਿਆ ਅਤੇ ‘ਆਪ’ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਕੰਗ ਨੇ ਕਿਹਾ ਕਿ ਇਸ ਵੇਲੇ ਪੰਜਾਬ ਹਰ ਪੱਖ ਤੋਂ ਬਹੁਤ ਮਾੜੇ ਹਾਲਾਤਾਂ ਵਿੱਚੋਂ ਲੰਘ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸੜਕਾਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੀਆਂ 65 ਹਜ਼ਾਰ ਕਿਲੋਮੀਟਰ ਲਿੰਕ ਸੜਕਾਂ ਵਿੱਚ ਸ਼ਾਮਲ ਹਲਕਾ ਖਰੜ ਦੀਆਂ ਲਗਪਗ ਸਾਰੀਆਂ ਹੀ ਸੜਕਾਂ ਦੀ ਹਾਲਤ ਬਹੁਤ ਤਰਸਯੋਗ ਹੈ। ਸ੍ਰੀ ਕੰਗ ਨੇ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਸਮੇਂ ਉਨ੍ਹਾਂ ਦੇ ਯਤਨਾ ਸਦਕਾ ਅਨੇਕਾਂ ਸੜਕਾਂ ਬਣਾਈਆਂ ਗਈਆਂ ਸਨ ਪਰ ਉਦੋਂ ਤੋਂ ਬਾਅਦ ਕਿਸੇ ਨੇ ਸੜਕਾਂ ਦੀ ਸਾਰ ਤੱਕ ਨਹੀਂ ਲਈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਗਲਤ ਨੀਤੀਆਂ ਕਾਰਨ ਇੱਕ ਵੀ ਸੜਕ ਦੀ ਹਾਲਤ ਤਿੰਨ ਸਾਲਾਂ ਵਿੱਚ ਸੁਧਾਰੀ ਨਹੀਂ ਗਈ। ਇਸ ਮੌਕੇ ਯਾਦਵਿੰਦਰਾ ਸਿੰਘ ਬੰਨੀ ਕੰਗ, ਸਾਬਕਾ ਚੇਅਰਮੈਨ ਕ੍ਰਿਪਾਲ ਸਿੰਘ, ਰਵੀ ਖਿਜ਼ਰਾਬਾਦ,ਪਰਮਜੀਤ ਸਿੰਘ, ਕੇਸੀ ਵਰਮਾ,ਜਰਨੈਲ ਸਿੰਘ ਮਾਵੀ ਵਜੀਦਪੁਰ,ਨਰਿੰਦਰ ਸਿੰਘ ਢਕੋਰਾਂ, ਡਾ. ਅਮਰਜੀਤ ਸਿੰਘ ਕਰਤਾਰਪੁਰ, ਜਸਵਿੰਦਰ ਸਿੰਘ ਭੂਰਾ ਆਦਿ ਹਾਜ਼ਰ ਸਨ।
ਇਸੇ ਦੌਰਾਨ ਮੁਜ਼ਾਹਰਾਕਾਰੀਆਂ ਨੇ ਹਲਕੇ ਦੀ ਸਭ ਤੋਂ ਮਹੱਤਵਪੂਰਨ ’ਤੇ ਕੌਮੀ ਮਾਰਗ ਨਾਲ ਜੋੜਨ ਵਾਲੀ ਚਟੌਲੀ-ਥਾਣਾਗੋਬਿੰਦਗੜ੍ਹ-ਖਿਜ਼ਰਾਬਾਦ ਸੜਕ ਨੂੰ ਲੈ ਕੇ ਸਰਕਾਰ ਤੇ ਵਿਧਾਇਕ ਦੀ ਨਿਖੇਧੀ ਕੀਤੀ। ਸ੍ਰੀ ਕੰਗ ਤੇ ਹੋਰਨਾਂ ਨੇ ਕਿਹਾ ਕਿ ਹਲਕਾ ਵਿਧਾਇਕ ਇਸ ਸੜਕ ਦੀ ਹਾਲਤ ਸੁਧਾਰਨ ਸਬੰਧੀ ਕਈ ਵਾਰ ਐਲਾਨ ਕਰ ਚੁੱਕੀ ਹੈ ਪਰ ਸੜਕ ਹਾਲੇ ਤੱਕ ਨਹੀਂ ਬਣ ਸਕੀ।